ਪ੍ਰਤਾਪ ਸਿੰਘ ਬਾਜਵਾ ਨਹੀਂ ਜਿਤਾ ਸਕਦੇ ਚੋਣਾਂ : ਕੈਪਟਨ
ਨਵੀਂ ਦਿੱਲੀ, 9 ਜਨਵਰੀ (ਪੀ. ਟੀ. ਲਾਇਵ)- ਪੰਜਾਬ ਕਾਂਗਰਸ ਦੇ ਪੁਨਰਗਠਨ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਕਾਂਗਰਸ ਅੰਦਰ ਚੱਲ ਰਹੀ ਖਿੱਚੋਤਾਣ ਦਰਮਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਮੁੱਖ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਉਣ ਦੀ ਮੰਗ ਕੀਤੀ। ਸੂਤਰਾਂ ਮੁਤਾਬਿਕ ਅਮਰਿੰਦਰ ਸਿੰਘ ਨੇ ਇਥੇ ਸੋਨੀਆ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪਾਰਟੀ ਪ੍ਰਮੁੱਖ ਨੂੰ ਕਿਹਾ ਕਿ ਬਾਜਵਾ ਪਾਰਟੀ ਨੂੰ ਨਾਲ ਲੈ ਕੇ ਚੱਲਣ ’ਚ ਅਸਫਲ ਰਹੇ ਹਨ, ਜਿਸ ਦੇ ਕਾਰਨ ਉਨ੍ਹਾਂ ਦੀ ਅਗਵਾਈ ਖਿਲਾਫ ਬੇਭਰੋਸਗੀ ਹੈ।ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਸੋਨੀਆ ਗਾਂਧੀ ਦੀ
ਸਿਹਤ ਦਾ ਹਾਲ ਪੁੱਛਣ ਲਈ ਮੁਲਾਕਾਤ ਕੀਤੀ ਸੀ ਕਿਉਂਕਿ ਜਦੋਂ ਉਹ ਵਿਦੇਸ਼ ਸਨ ਤਾਂ ਉਨ੍ਹਾਂ ਦਾ ਸਿਹਤ ਠੀਕ ਨਹੀਂ ਸੀ ਤੇ ਹਸਪਤਾਲ ਦਾਖਲ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਬਾਜਵਾ ਪਾਰਟੀ ਲਈ ਜਿੱਤ ਹਾਸਲ ਨਹੀਂ ਕਰ ਸਕਦੇ।ਸੂਤਰਾਂ ਦਾ ਕਹਿਣਾ ਹੈ ਕਿ ਬਾਜਵਾ ਦੀ ਅਗਵਾਈ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਆਪਣੀ ਖੁੱਲ੍ਹ ਕੇ ਵਿਚਾਰ ਰੱਖ ਰਹੇ ਹਨ। ਉਨ੍ਹਾਂ ਨੂੰ ਬਾਜਵਾ ਦਾ ਪ੍ਰਬਲ ਵਿਰੋਧੀ ਦੱਸਿਆ ਜਾਂਦਾ ਹੈ।ਇਸ ਮੁਲਾਕਾਤ ਨਾਲ ਪੰਜਾਬ ਕਾਂਗਰਸ ਦੇ ਪੁਨਰਗਠਨ ਦੀ ਸੰਭਾਵਨਾ ਪੈਦਾ ਹੋ ਗਈ ਹੈ। ਕਾਂਗਰਸ ਹਾਈਕਮਾਨ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਦੀ ਤਬਦੀਲੀ ਨਾਲ ਇਹ ਸੰਕੇਤ ਦੇ ਦਿੱਤਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਖੁਦ 2 ਚੋਣਾਂ ਹਾਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਮੇਰੇ ਬਾਰੇ ਗੱਲ ਕਰਨ ਦਾ ਕੋਈ ਹੱਕ ਨਹੀਂ। ਸੀਨੀਅਰ ਕਾਂਗਰਸੀ ਆਗੂ ਜਗਮੀਤ ਬਰਾੜ ਦੇ ਸਾਥੀ ਸਮੇਤ ਭਾਜਪਾ ਵਿੱਚ ਚਲੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੀ ਹਾਲਤ ਕਾਫੀ ਪਤਲੀ ਹੋ ਗਈ ਹੈ। ਕਾਂਗਰਸ ਹਾਈਕਮਾਨ ਇਸ ਗੱਲ ਤੋਂ ਕਾਫੀ ਚਿੰਤਤ ਦੱਸੀ ਜਾ ਰਹੀ ਹੈ।



