ਕੇਂਦਰੀ ਖੁਫੀਆ ਏਜੰਸੀਆਂ ਤੇ ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ
ਨਵੀਂ ਦਿੱਲੀ, 6 ਜਨਵਰੀ (ਪੀ. ਟੀ. ਲਾਇਵ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲ ਕਾਂਡ ਵਿੱਚ ਸ਼ਾਮਿਲ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਦੇ ਚੋਨਬੁਰੀ ਪ੍ਰਾਂਤ ’ਚੋਂ ਗ੍ਰਿਫਤਾਰ ਕੀਤਾ ਗਿਆ ਹੈ।ਪੰਜਾਬ ਪੁਲਿਸ ਨੇ ਇਸ ਸਬੰਧ ’ਚ ਜਾਣਕਾਰੀ ਦਿੱਤੀ ਹੈ।ਗੌਰਤਲਬ ਹੈ ਕਿ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਹੱਤਿਆ ਕੀਤੀ ਗਈ ਸੀ।ਭਾਈ ਜਗਤਾਰ ਸਿੰਘ ਤਾਰਾ ਨੂੰ 1996 ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਇਸ ਕੇਸ ਵਿੱਚ ਸਜ਼ਾ ਸੁਣਾਈ ਗਈ ਸੀ। ਉਹ ਸਾਲ 2004 ’ਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚੋਂ ਸੁਰੰਗ ਬਣਾ ਕੇ ਆਪਣੇ ਕੁਝ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ।ਪੁਲਿਸ ਦੇ ਦਾਅਵੇ ਮੁਤਾਬਿਕ ਫਰਾਰੀ ਤੋਂ ਬਾਅਦ ਭਾਈ
ਤਾਰਾ ਪਾਕਿਸਤਾਨ ਦੇ ਰਸਤੇ ਵਿਦੇਸ਼ ਚਲਾ ਗਿਆ ਸੀ ਅਤੇ ਇਸ ਦੌਰਾਨ ਉਸ ਨੂੰ ਖਾਲਿਸਤਾਨ ਟਾਇਗਰ ਫੋਰਸ ਦਾ ਮੁਖੀ ਬਣਾ ਦਿੱਤਾ ਗਿਆ। ਪੁਲਿਸ ਇਸ ਗ੍ਰਿਫਤਾਰੀ ਨੂੰ ਕਾਫੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਪਤਾ ਲੱਗਾ ਹੈ ਕਿ ਇਸ ਗ੍ਰਿਫਤਾਰੀ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਗ੍ਰਹਿ ਮਤੰਰਾਲੇ ਅਤੇ ਕੌਮੀ ਖੁਫੀਆ ਏਜੰਸੀਆਂ ਦੀ ਕਾਫੀ ਅਹਿਮ ਭੂਮਿਕਾ ਹੈ। ਭਾਈ ਤਾਰਾ ਨੂੰ ਭਾਰਤ ਲਿਆਉਣ ਲਈ ਯਤਨ ਹੋ ਰਹੇ ਹਨ। ਦਿੱਲੀ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਲਿਆਂਦਾ ਜਾਵੇਗਾ। ਪੰਜਾਬ ਪੁਲਿਸ ਉਨ੍ਹਾਂ ਤੋਂ ਅੱਤਵਾਦੀ ਸਰਗਰਮੀਆਂ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਯਤਨ ਕਰੇਗੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੇ ਕੁਝ ਸਾਥੀ ਥਾਈਲੈਂਡ ਅਤੇ ਹੋਰਨਾਂ ਥਾਵਾਂ ’ਤੇ ਛੁਪੇ ਹੋਏ ਹਨ। ਪੁਲਿਸ ਇਸ ਆਧਾਰ ’ਤੇ ਅਦਾਲਤ ਤੋਂ ਰਿਮਾਂਡ ਹਸਿਲ ਕਰਨ ਲਈ ਤਿਆਰੀ ਕਰ ਰਹੀ ਹੈ। ਇਸ ਗ੍ਰਿਫਤਾਰੀ ਦੇ ਹਾਲੇ ਹੋਰ ਵੇਰਵੇ ਮਿਲ ਨਹੀਂ ਸਕੇ।



