Skip to content
Independent perspectives. Global stories.
BREAKING

ਡਾ.ਚੀਮਾ ਵੱਲੋਂ ਕੈਰੀਅਰ ਗਾਈਡੈਂਸ ਤੇ ਕਾਊਂਸਲਰ ਸੈੱਲ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਆਦੇਸ਼

Share this story

ਇਸੇ ਮਹੀਨੇ ਸਮੂਹ ਕੈਰੀਅਰ ਗਾਈਡੈਂਸ ਤੇ ਕਾਊਂਸਲਰਾਂ ਨੂੰ ਦਿੱਤੀ ਜਾਵੇਗੀ 7 ਦਿਨਾਂ ਦੀ ਟਰੇਨਿੰਗ

Page-1_06 ਜਲੰਧਰ/ਚੰਡੀਗੜ੍ਹ, 6 ਜਨਵਰੀ- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੀ ਮੰਗ ਅਤੇ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸਿੱਖਿਆ ਵਿਭਾਗ ਦੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਿਆਪਕ ਯੋਜਨਾ ਉਲੀਕੀ ਹੈ। ਅੱਜ ਇਥੇ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ ਵਿੱਚ ਸੂਬੇ ਦੇ ਸਮੂਹ ਜ਼ਿਲਾ ਕਰੀਅਰ ਗਾਈਡੈਂਸ ਅਤੇ ਕਾਊਂਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ.ਚੀਮਾ ਨੇ ਇਸ ਸੈਲ ਨੂੰ ਵਿਦਿਆਰਥੀਆਂ ਲਈ ਹੋਰ ਮੱਦਦਗਾਰ ਬਣਾਉਣ ਲਈ ਉਲੀਕੀ ਯੋਜਨਾ ਅਮਲੀ ਜਾਮਾ ਪਹਿਨਾਉਣ ਦੇ ਨਿਰਦੇਸ਼ ਦਿੱਤੇ।  ਉਨ੍ਹਾਂ ਕਿਹਾ ਕਿ ਕਰੀਅਰ ਦੇ ਰਵਾਇਤੀ ਤਰੀਕਿਆਂ ਨੂੰ ਤਿਆਗ ਕੇ ਆਧੁਨਿਕ ਸਮੇਂ ਦੀ ਕਰੀਅਰ ਕਾਊਂਸਲਿੰਗ ਦੀ ਜ਼ਰੂਰਤ ਹੈ।        ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ ਧਾਲੀਵਾਲ,

ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੀ ਰਾਊਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਕਮਲ ਗਰਗ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਦਰਸ਼ਨ ਕੌਰ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀਮਤੀ ਪੰਕਜ ਸ਼ਰਮਾ, ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਸ੍ਰੀਮਤੀ ਗਿੰਨੀ ਦੁੱਗਲ ਤੇ ਸ੍ਰੀ ਜੇ.ਪੀ. ਸਿੰਘ ਆਦਿ ਹਾਜ਼ਰ ਸਨ। ਡਾ. ਚੀਮਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮੂਹ 22 ਜ਼ਿਲਾ ਕਰੀਅਰ ਗਾਈਡੈਂਸ ਅਤੇ ਕਾਊਂਸਲਰਾਂ ਲਈ ਇਸ ਮਹੀਨੇ ਦੇ ਅੰਤ ਤੱਕ 7 ਦਿਨਾਂ ਸਿਖਲਾਈ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਵੇ ਜਿਸ ਵਿੱਚ ਇਨ੍ਹਾਂ ਨੂੰ ਵੱਖ-ਵੱਖ ਕਿੱਤਾ ਮਾਹਿਰਾਂ, ਕਰੀਅਰ ਕਾਊਂਸਲਰਾਂ, ਯੂਨੀਵਰਸਿਟੀਆਂ, ਵੱਡੀਆਂ ਸਿੱਖਿਆ ਸੰਸਥਾਵਾਂ ਅਤੇ ਵੱਖ-ਵੱਖ ਸੈਕਟਰਾਂ ਦੇ ਨੁਮਾਇੰਦਿਆਂ ਵੱਲੋਂ ਆਧੁਨਿਕ ਯੁੱਗ ਦੇ ਪੇਸ਼ੇਵਾਰ ਕੋਰਸਾਂ, ਸਿੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਸ ਨੂੰ ਵਿਦਿਆਰਥੀ ਹਾਸਲ ਕਰ ਕੇ ਨੌਕਰੀ ਜਾਂ ਸਵੈ ਰੁਜ਼ਗਾਰ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਕਾਬਲੀਅਤ, ਸਮਰੱਥਾ ਅਤੇ ਰੁਚੀ ਅਨੁਸਾਰ ਕੋਰਸਾਂ ਆਦਿ ਵਿੱਚ ਦਾਖਲੇ ਲਈ ਤਿਆਰ ਕਰਨਾ ਹੋਵੇਗਾ। ਸਿੱਖਿਆ ਮੰਤਰੀ ਨੇ ਕਰੀਅਰ ਕਾਊਂਸਲਰਾਂ ਨੂੰ ਪ੍ਰੈਕਟੀਕਿਲ ਸਿੱਖਿਆ ਦਿਵਾਉਣ ਦੇ ਮਕਸਦ ਨਾਲ ਇਸ ਸਿਖਲਾਈ ਪ੍ਰੋਗਰਾਮ ਦੇ ਤੁਰੰਤ ਬਾਅਦ 7 ਦਿਨਾਂ ਟੂਰ ਪ੍ਰੋਗਰਾਮ ਉਲੀਕਣ ਦੇ ਨਿਰਦੇਸ਼ ਦਿੱਤੇ ਜਿਸ ਤਹਿਤ ਸਮੂਹ ਜ਼ਿਲਾ ਕਰੀਅਰ ਗਾਈਡੈਂਸ ਅਤੇ ਕਾਊਂਸਰਾਂ ਨੂੰ ਸੂਬੇ ਦੀਆਂ ਵੱਡੀਆਂ ਪ੍ਰਮੁੱਖ ਯੂਨਵਰਸਿਟੀਆਂ, ਸਿੱਖਿਆ ਤੇ ਖੋਜ ਸੰਸਥਾਵਾਂ, ਅਕੈਡਮੀਆਂ, ਉਦਯੋਗਿਕ ਘਰਾਣੇ ਆਦਿ ਦਾ ਦੌਰਾ ਕਰਵਾਇਆ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਤਕਨੀਕੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ, ਆਈ.ਆਈ.ਐਸ.ਈ.ਆਰ., ਆਈ.ਐਸ.ਬੀ., ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਐਂਡ ਹੈਲਥ ਸਾਇੰਸਜ਼, ਨੇਤਾ ਜੀ ਸੁਭਾਸ਼ ਚੰਦਰ ਨੈਸ਼ਨਲ ਇੰਸਟੀਚਿਊਟ ਆਫ ਲਾਅ, ਲਾਅ ਯੂਨੀਵਰਸਿਟੀ ਆਦਿ ਦਾ ਦੌਰਾ ਕਰਵਾਇਆ ਜਾਵੇ ਜਿੱਥੋਂ ਕਰੀਅਰ ਕਾਊਂਸਲਰ ਨਿੱਜੀ ਤੌਰ ’ਤੇ ਸਾਰੀ ਜਾਣਕਾਰੀ ਹਾਸਲ ਕਰ ਸਕਣ ਤਾਂ ਜੋ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਦਾਖਲਿਆਂ ਲਈ ਪ੍ਰੇਰਿਆ ਜਾਵੇ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ ਧਾਲੀਵਾਲ ਨੇ ਸਿੱਖਿਆ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਬੋਰਡ ਵੱਲੋਂ ਇਸ ਟੂਰ ਦਾ ਸਾਰਾ ਪ੍ਰਬੰਧ ਨੇਪਰੇ ਚਾੜ੍ਹਿਆ ਜਾਵੇਗਾ। ਸਿੱਖਿਆ ਮੰਤਰੀ ਡਾ. ਚੀਮਾ ਨੇ ਸਮੂਹ ਕਰੀਅਰ ਕਾਊਂਸਲਰਾਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਦੇ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਪਿਆਂ ਦੇ ਮੋਬਾਈਲ ਨੰਬਰਾਂ ਦਾ ਡਾਟਾ ਬੇਸ ਬਣਾ ਕੇ ਮੁੱਖ ਦਫਤਰ ਭੇਜਣ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਦਫਤਰ ਵਿੱਚ ਇਕ ਅਜਿਹਾ ਸਮਰਪਿਤ ਸੈਲ ਬਣਾਇਆ ਜਾਵੇ ਜੋ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਦੀ ਆਖਰੀ ਮਿਤੀ ਤੋਂ ਪਹਿਲਾਂ ਕੋਰਸ ਬਾਰੇ ਸੰਖੇਪ ਜਾਣਕਾਰੀ ਦਾ ਐਸ.ਐਮ.ਐਸ. ਅਲਰਟ ਬਣਾ ਕੇ ਸੂਬੇ ਦੇ ਸਮੂਹ ਵਿਦਿਆਰਥੀਆਂ ਨੂੰ ਭੇਜੇ ਤਾਂ ਜੋ ਜਾਗਰੂਕਤਾ ਦੀ ਘਾਟ ਕਾਰਨ ਕਈ ਅਹਿਮ ਕੋਰਸਾਂ ਵਿੱਚ ਦਾਖਲਾ ਲੈਣ ਤੋਂ ਵਾਂਝੇ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਮਿਲ ਸਕੇ।
ਡਾ. ਚੀਮਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਾਰੇ 22 ਜ਼ਿਲ੍ਹਿਆਂ ਵਿੱਚ ਜ਼ਿਲਾ ਕਰੀਅਰ ਗਾਈਡੈਂਸ ਅਤੇ ਕਾਊਂਸਲਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੀ ਰਚਨਾ ਕੀਤੀ ਜਾਵੇ ਅਤੇ ਇਸ ਸੈਲ ਦਾ ਵੋਕੇਸ਼ਨਲ ਕੋਆਰਡੀਨੇਟਰਾਂ ਨਾਲ ਤਾਲਮੇਲ ਸਥਾਪਤ ਕਰ ਕੇ ਸਾਂਝੀ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਕਿਹਾ ਕਿ ਹਰ ਜ਼ਿਲੇ ਵਿੱਚ ਬਲਾਕ ਪੱਧਰ ’ਤੇ ਕਰੀਅਰ ਕਾਊਂਸਲਿੰਗ ਦੇ ਕੈਂਪ ਲਗਾਏ ਜਾਣ ਅਤੇ ਇਸ ਨੂੰ ਸਕੂਲ ਪੱਧਰ ’ਤੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਸਕੂਲ ਦੇ ਹਰ ਵਿਦਿਆਰਥੀ ਵਰਗ ਨੂੰ ਕਰੀਅਰ ਕਾਊਂਸਲਿੰਗ ਬਾਰੇ ਜਾਗਰੂਕ ਕੀਤਾ ਜਾਵੇ। ਸਿੱਖਿਆ ਮੰਤਰੀ ਨੇ ਕਿਹਾ ਕਿ ਆਮ ਤੌਰ ’ਤੇ ਦੇਖਣ ਵਿੱਚ ਆਇਆ ਹੈ ਕਿ ਡਾਕਟਰੀ ਜਾਂ ਇੰਜਨੀਅਰਿੰਗ ਤੋਂ ਬਿਨਾਂ ਹੋਰ ਕਿਸੇ ਪੇਸ਼ੇਵਾਰ ਕੋਰਸਾਂ ਬਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ, ਰੁਚੀ ਅਤੇ ਸਮਰੱਥਾ ਅਨੁਸਾਰ ਨਵੇਂ ਕੋਰਸਾਂ ਵਿੱਚ ਦਾਖਲੇ ਲਈ ਪ੍ਰੇਰਿਆ ਜਾਣ ਨਾਲ ਬੇਰੁਜ਼ਗਾਰੀ ਦੀ ਦਰ ਬਹੁਤ ਘਟੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲਾਇਬ੍ਰੇਰੀਆਂ ਲਈ ਕਰੀਅਰ ਕਾਊਂਸਲਿੰਗ ਸਬੰਧੀ ਪੁਸਤਕਾਂ, ਮੈਗਜ਼ੀਨਾਂ ਅਤੇ ਅਖਬਾਰਾਂ ਖਰੀਦਿਆ ਜਾਵੇ।

WRITTEN BY