ਨਵੀਂ ਦਿੱਲੀ 4 ਜਨਵਰੀ (ਪੀ. ਟੀ.)- ਭਾਰਤੀ ਹਵਾਈ ਫ਼ੌਜ ਵਾਸਤੇ ਅਰਬਾਂ ਡਾਲਰਾਂ ਦੀ ਲਾਗਤ ਨਾਲ ਰਫੇਲ ਜੰਗੀ ਜਹਾਜ਼ ਖ਼ਰੀਦਣ ਲਈ ਫਰਾਂਸ ਨਾਲ ਹੋਇਆ ਸੌਦਾ ਗਰੰਟੀ ਸ਼ਰਤਾਂ ਤੇ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਖਟਾਈ ਵਿਚ ਪੈ ਗਿਆ ਹੈ। ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਫ਼ੈਸਲਾ ਲੈਣਾ ਫਰਾਂਸ ਦਾ ਕੰਮ ਹੈ ਜਦ ਕਿ ਉਹ ਹੁਣ ਰੂਸ ਤੋਂ ਹੋਰ ਸੁਖੋਈ-30 ਐਮ.ਕੇ.ਆਈ ਜੰਗੀ ਜਹਾਜ਼ ਲੈਣ ਬਾਰੇ ਸੋਚ ਰਿਹਾ ਹੈ। ਫਰਾਂਸ ਦੀ ਕੰਪਨੀ ਡਾਸੌਲਟ ਐਵੀਏਸ਼ਨ ਹੁਣ ਜਹਾਜ਼ਾਂ ਦੀ ਵਧ ਕੀਮਤ ਦਸ ਰਹੀ ਹੈ ਤੇ ਉਹ ਆਪਣੀ ਦੱਸੀ ਪਹਿਲੀ ਕੀਮਤ ‘ਤੇ ਜਹਾਜ਼ ਦੇਣ ਲਈ ਤਿਆਰ ਨਹੀਂ ਹੈ। ਜਦ ਕਿ ਘੱਟ ਕੀਮਤ ਦੇ ਆਧਾਰ ’ਤੇ ਹੀ ਫਰਾਂਸੀਸੀ ਕੰਪਨੀ ਨੂੰ ਜਹਾਜ਼ ਖ਼ਰੀਦਣ ਲਈ ਚੁਣਿਆ ਗਿਆ ਸੀ। ਰੱਖਿਆ ਮੰਤਰਾਲੇ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਮੰਨਿਆ ਕਿ ਫਰਾਂਸ ਤੋਂ ਜੰਗੀ ਜਹਾਜ਼ ਖ਼ਰੀਦਣ ਸਬੰਧੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਤੇ ਜੇਕਰ ਫਰਾਂਸ ਨਾਲ ਸੌਦਾ ਰੱਦ ਹੋ ਜਾਂਦਾ ਹੈ ਤਾਂ ਭਾਰਤ ਰੂਸ ਦੇ ਬਣੇ ਸੁਖੋਈ-30 ਜਹਾਜ਼ ਖ਼ਰੀਦਣ ਬਾਰੇ ਵਿਚਾਰ ਕਰ ਸਕਦਾ ਹੈ। ਸੂਤਰਾਂ ਅਨੁਸਾਰ 126 ਦਰਮਿਆਨੇ ਬਹੁ ਭੂਮਿਕਾ ਵਾਲੇ ਜੰਗੀ ਜਹਾਜ਼ਾਂ ਦਾ ਸੌਦਾ ਤਕਰੀਬਨ 43000 ਕਰੋੜ ਰੁਪਏ ਵਿਚ ਹੋਇਆ ਸੀ ਪਰੰਤੂ ਹੁਣ ਫਰਾਂਸੀਸੀ ਕੰਪਨੀ ਤਕਰੀਬਨ ਦੁੱਗਣੀ ਕੀਮਤ ਵਸੂਲਣ ਦੀ ਗੱਲ ਕਰ ਰਹੀ ਹੈ।



