ਅਟਾਰੀ, ਹੁਸੈਨੀਵਾਲਾ ਅਤੇ ਸਦਕੀ ਵਿਖੇ ਅੱਜ ਦਿੱਤੇ ਜਾਣਗੇ ਤਿੰਨ ਧਰਨੇ
ਬਿਕਰਮ ਮਜੀਠੀਆ, ਰਣਜੀਤ ਬ੍ਰਹਮਪੁਰਾ, ਸੁੱਚਾ ਸਿੰਘ ਲੰਗਾਹ ਕਰਨਗੇ ਅਟਾਰੀ ਧਰਨੇ ਦੀ ਅਗਵਾਈ
ਸੁਖਦੇਵ ਢੀਂਡਸਾ, ਤੋਤਾ ਸਿੰਘ ਕਰਨਗੇ ਹੁਸੈਨੀਵਾਲਾ ਧਰਨੇ ਦੀ ਅਗਵਾਈ
ਬਲਵਿੰਦਰ ਭੂੰਦੜ, ਸਿਕੰਦਰ ਮਲਕਾ ਕਰਨਗੇ ਸਦਕੀ ਧਰਨੇ ਦੀ ਅਗਵਾਈ
ਚੰਡੀਗੜ੍ਹ, 4 ਜਨਵਰੀ (ਪੀ. ਟੀ. ਲਾਇਵ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੰਤਰਰਾਸ਼ਟਰੀ ਸਰਹੱਦ ’ਤੇ ਅਟਾਰੀ, ਹੁਸੈਨੀਵਾਲਾ ਤੇ ਸਦਕੀ ਵਿਖੇ ਕੱਲ੍ਹ ਦਿੱਤੇ ਜਾ ਰਹੇ ਤਿੰਨਾਂ ਧਰਨਿਆਂ ਨੂੰ ਸੰਬੋਧਨ ਕਰਨਗੇ। ਅਕਾਲੀ ਦਲ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਹਿਲਾ ਧਰਨਾ ਅਟਾਰੀ ਵਿਖੇ ਹੋਵੇਗਾ ਜਿੱਥੋਂ ਉਹ ਹੁਸੈਨੀਵਾਲਾ ਤੇ ਫਿਰ ਸਦਕੀ ਵਿਖੇ ਜਾਣਗੇ। ਅਟਾਰੀ ਵਿਖੇ ਧਰਨੇ ਦੌਰਾਨ ਸ. ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਨਿਰਮਲ ਸਿੰਘ ਕਾਹਲੋਂ, ਸੁੱਚਾ ਸਿੰਘ ਲੰਗਾਹ ਆਦਿ ਆਗੂ ਵੀ ਧਰਨੇ ਦੀ ਅਗਵਾਈ ਕਰਨਗੇ ਜਦਕਿ ਹੁਸੈਨੀਵਾਲਾ ਵਿਖੇ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ ਧਰਨੇ ਦੀ ਅਗਵਾਈ ਕਰਨਗੇ। ਇਸੇ ਤਰ੍ਹਾਂ ਸਦਕੀ ਵਿਖੇ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ ਧਰਨੇ ਦੀ
ਅਗਵਾਈ ਕਰਨਗੇ। ਸਾਰੇ ਧਰਨੇ ਦੁਪਹਿਰ 12 ਤੋਂ 2 ਵਜੇ ਦੌਰਾਨ ਲੱਗਣਗੇ।ਇਸੇ ਦੌਰਾਨ ਆਕਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਪੰਜਾਬ ਵਾਸੀ ਕਦੇ ਵੀ ਆਪਣੇ ਆਪ ਨੂੰ ਨਸ਼ਿਆਂ ਵਿੱਚ ਗਲਤਾਨ ਹੋਣ ਦਾ ਦੋਸ਼ ਨਹੀਂ ਸਹਾਰਨਗੇ। ਉਨਾ ਕਿਹਾ ਕਿ ਸਰਹੱਦ ਪਾਰੋਂ ਰਾਜ ਵਿੱਚ ਹੁੰਦੀ ਤਸਕਰੀ ਨੂੰ ਬੀ.ਐਸ.ਐਫ. ਤੋਂ ਬਾਅਦ ਅਸਲ ਵਿੱਚ ਰੋਕਣ ਵਾਸਤੇ ਪੰਜਾਬ ਵਾਸੀ ਹੀ ਖੁਦ ਦੂਜੇ ਫਰੰਟ ਵਜੋਂ ਰੋਕਣ ਲਈ ਵਾਹ ਲਾ ਰਹੇ ਹਨ ਤਾਂ ਜ਼ੋ ਇਹ ਨਸ਼ਾ ਪੂਰੇ ਦੇਸ਼ ਵਿੱਚ ਨਾ ਵਿਕ ਸਕੇ। ਪੰਜਾਬ ਦੀ ਇਸ ਭੂਮਿਕਾ ਲਈ ਪੰਜਾਬੀਆਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਚੌਕਸੀ ਵਧਾਉਣ ਦੀ ਮੰਗ ਕੀਤੀ ਹੈ ਕਿਉਂਕਿ ਸਰਹੱਦ ਪਾਰੋਂ ਪੰਜਾਬ ਰਾਜ ਵਿੱਚ ਲਗਾਤਾਰ ਨਸ਼ਿਆਂ ਦੀ ਸਮਗਲਿੰਗ ਹੋ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਰਹੱਦ ਉਪਰ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸੈਂਸਰ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਕੇ ਇਸ ਕੌਮਾਂਤਰੀ ਸਰਹੱਦ ਨੂੰ ਪੂਰਨ ਤੌਰ ’ਤੇ ਸੀਲ ਕਰ ਦਿੱਤਾ ਜਾਵੇ।ਉਨਾਂ ਇਹ ਵੀ ਕਿਹਾ ਕਿ ਮੱਧ ਪ੍ਰਦੇਸ ਅਤੇ ਰਾਜਸਥਾਨ ਵਰਗੇ ਰਾਜਾਂ ਨੂੰ ਅਫੀਮ ਅਤੇ ਪੋਸਤ ਦੀ ਖੇਤੀ ਕਰਨ ਅਤੇ ਇਨਾਂ ਨਸ਼ਿਆਂ ਦੀ ਖੱਲੀ ਵਿਕਰੀ ਕਰਨ ਤੋਂ ਰੋਕਿਆ ਜਾਵੇ। ਉਨਾਂ ਦਾਅਵੇ ਨਾਲ ਕਿਹਾ ਕਿ ਜੇਕਰ ਅਜਿਹੇ ਪ੍ਰਬੰਧ ਕਰ ਲਏ ਜਾਂਦੇ ਹਨ ਤਾਂ ਪੂਰਾ ਦੇਸ਼ ਨਸ਼ਿਆਂ ਦੀ ਜਿੱਲਣ ਵਿੱਚੋਂ ਨਿੱਕਲ ਸਕਦਾ ਹੈ।’



