ਜਲੰਧਰ/ਚੰਡੀਗੜ੍ਹ, 2 ਜਨਵਰੀ-ਪੰਜਾਬ ਕਾਂਗਰਸ ਨੂੰ ਦਰਪੇਸ਼ ਲੀਡਰਸ਼ਿਪ ਸੰਕਟ ’ਤੇ ਵਿਅੰਗ ਕੱਸਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ. ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਉਹ ਆਪਣੇ ਆਪ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਖਵਾਉਣ ’ਚ ਸੁਖਦ ਮਹਿਸੂਸ ਕਰਦੇ ਹਨ।ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਾਰਟੀ ’ਚ ਵੱਖ-ਵੱਖ ਧੜਿਆਂ ਵੱਲੋਂ ਕੀਤੀ ਜਾ ਰਹੀ ਬਗਾਵਤ ਦਾ ਸਾਹਮਣਾ ਕਰ ਰਹੇ ਸ. ਬਾਜਵਾ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਮਨਘੜੰਤ ਮੁੱਦੇ ਬਣਾ ਕੇ ਆਪਣੇ ਧੜੇ ਦੇ ਨਰਾਜ ਆਗੂਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸ. ਬਾਜਵਾ ਨੂੰ ਵਧਾਈ ਵੀ ਦਿੱਤੀ ਕਿ ਕਾਂਗਰਸ ਅੰਦਰ ‘ਬਦਲਵੇਂ ਪ੍ਰਧਾਨਾਂ’ ਦਾ ਰਵਾਜ ਹੋਣ ਦੇ ਬਾਵਜੂਦ ਉਹ ਇੱਕ ਸਾਲ ਤੋਂ ਵੱਧ ਇਸ ਆਹੁਦੇ ’ਤੇ ਟਿਕੇ ਰਹੇ ਅਤੇ ਸਲਾਹ ਦਿੱਤੀ ਕਿ ਉਹ ਇੱਜ਼ਤ-ਮਾਣ ਨਾਲ ਹੀ ਇਹ ਅਹੁਦਾ ਤਿਆਗ ਦੇਣ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਆਗੂ ਉਨ੍ਹਾਂ ਨੂੰ ਗੱਦੀਓਂ ਲਾਉਣ ਲਈ ਤਿਆਰ-ਬਰ-ਤਿਆਰ ਹਨ।
ਬਾਜਵਾ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਂਦਿਆਂ, ਅਕਾਲੀ ਆਗੂ ਨੇ ਕਿਹਾ ਕਿ ਉਹ ਕਿਸ ਆਧਾਰ ’ਤੇ ਪੰਜਾਬ ਸਰਕਾਰ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ ਜਦੋਂਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਬਲਾਕ ਤੇ ਪੰਚਾਇਤ ਪੱਧਰ ਤੱਕ ਦੇ ਆਗੂ ਉਨ੍ਹਾਂ ਨੂੰ ਸੁਨਣ ਤੱਕ ਲਈ ਤਿਆਰ ਨਹੀਂ ਹਨ। ਉਨ੍ਹਾਂ ਸ. ਬਾਜਵਾ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਖਬਰਾਂ ’ਚ ਬਣੇ ਰਹਿਣ ਲਈ ਕਾਂਗਰਸੀ ਆਗੂਆਂ ਵੱਲੋਂ ਵਰਤੇ ਜਾਂਦੇ ਘਿਸੇ-ਪਿਟੇ ਹਥਕੰਡੇ ਵਰਤਣ ਦੀਆਂ ਚਾਲਾਂ ਨੂੰ ਤਿਆਗ ਦੇਣ ਕਿਉਂਕਿ ਕਾਂਗਰਸ ਤਾਂ ਪਹਿਲਾਂ ਹੀ ਉਸ ਰਾਹ ’ਤੇ ਪੈ ਚੁੱਕੀ ਹੈ ਜੋ ਉਸ ਨੂੰ ਅਖ਼ਬਾਰਾਂ ’ਚੋਂ ਕੱਢ ਕੇ ਇਤਿਹਾਸ ਦੀਆਂ ਕਿਤਾਬਾਂ ’ਚ ਪਹੁੰਚਾ ਦੇਵੇਗਾ।
ਉਨ੍ਹਾਂ ਕਿਹਾ ਕਿ ਸ. ਬਾਜਵਾ ਅਕਾਲੀ-ਭਾਜਪਾ ਗਠਜੋੜ ਬਾਰੇ ਚਿੰਤਾ ਕਰਨਾ ਛੱਡ ਦੇਣ ਕਿਉਂਕਿ ਅਕਾਲੀ –ਭਾਜਪਾ ਗਠਜੋੜ ਸਿਆਸੀ ਨਹੀਂ ਸਗੋਂ ਕੁਦਰਤੀ ਗਠਜੋੜ ਹੈ ਅਤੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਭਰੋਸਾ ਪ੍ਰਗਟਾਇਆ ਹੈ ਕਿਉਂਕਿ ਲੋਕ ਜਾਣਦੇ ਹਨ ਕਿ ਇਹੀ ਆਗੂ ਪੰਜਾਬ ਦਾ ਵਿਕਾਸ ਕਰਵਾ ਸਕਦੇ ਹਨ।
ਬਾਜਵਾ ਦੇ ਬਿਆਨਾਂ ਨੂੰ ਇੱਕ ਬੌਖਲਾਏ ਹੋਏ ਆਗੂ ਦੀ ਖਿਝ ਐਲਾਣਦਿਆਂ ਸ. ਗਰੇਵਾਲ ਨੇ ਕਿਹਾ ਕਿ ਜਿਸ ਆਗੂ ਦੇ ਆਪਣੇ ਨਸ਼ਾ ਤਸਕਰਾਂ ਨਾਲ ਨਿੱਘੇ ਸਬੰਧਾਂ ਦੇ ਦੋਸ਼ ਲੱਗੇ ਹਨ ਉਹ ਅਕਾਲੀ-ਭਾਜਪਾ ਸਰਕਾਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਸ.ਬਾਜਵਾ ਕਾਂਗਰਸ ਲਈ ਸਭ ਤੋਂ ਵੱਡਾ ਬੋਝ ਹਨ ਤੇ ਉਨ੍ਹਾਂ ਵਰਗੇ ਦਾਗੀ ਆਗੂ ਵਲੋਂ ਵਾਰ-ਵਾਰ ਨੈਤਿਕਤਾ ਦੀ ਗੱਲ ਕਰਨੀ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਲੋਕਾਂ ਵਲੋਂ ਵਾਰ-ਵਾਰ ਨਕਾਰੇ ਜਾਣ ਕਰਕੇ ਕਾਂਗਰਸ ਨਸ਼ਿਆਂ ਵਿਰੁੱਧ ਲੜਾਈ ਦਾ ਸਿਆਸੀ ਕਰਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਪੂਰ ਹੈ ਜਿਸਨੇ ਆਜਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਐਮਰਜੈਂਸੀ ਵਿਰੁੱਧ ਲੜਾਈ ਲੜੀ ਸੀ ਜਦਕਿ ਬਾਜਵਾ ਗੁਜਰਾਤ ਸੈਕਸ ਰੈਕੇਟ, ਲੁੱਕ ਘੁਟਾਲੇ ਤੇ ਹਾਲ ਹੀ ਵਿਚ ਚੰਡੀਗੜ੍ਹ ਨੇੜੇ ਜ਼ਮੀਨ ਘੁਟਾਲੇ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ ਲਿਖਕੇ ਬਾਜਵਾ ਵਿਰੁੱਧ ਗੰਭੀਰ ਦੋਸ਼ Ñਲਾਏ ਗਏ ਸਨ।



