ਚੰਡੀਗੜ੍ਹ, 2 ਜਨਵਰੀ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੰਤ ਬਾਬਾ ਆਜੀਤ ਸਿੰਘ ਜੀ ਹੰਸਾਲੀਵਾਲੇ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਦਾ ਬੀਤੀ ਸ਼ਾਮ ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਹੰਸਾਲੀ ਵਿਖੇ ਦੇਹਾਂਤ ਹੋ ਗਿਆ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਬਾਬਾ ਜੀ ਵੱਲੋਂ ਸਿੱਖ ਮੱਤ ਨੂੰ ਬੜ੍ਹਾਵਾ ਦੇਣ ਅਤੇ ਸਿੱਖ ਗੁਰੂਆਂ ਵੱਲੋਂ ਪਿਆਰ, ਦਿਆਲਤਾ ਅਤੇ ਆਪਸੀ ਭਾਈਚਾਰੇ ਦੇ ਦਿੱਤੇ ਸੰਦੇਸ਼ ਦਾ ਦੁਨੀਆਂ ਭਰ ਵਿੱਚ ਪ੍ਰਚਾਰ ਕਰਨ ਲਈ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀਵਾਲੇ ਇੱਕ ਦਿਆਨਤਦਾਰੀ ਵਾਲੀ ਆਤਮਾ ਸਨ ਜਿਨ੍ਹਾਂ ਨੇ ਲੋਕਾਂ ਨੂੰ ਦੁੱਖ ਤਕਲੀਫਾਂ ਵਿੱਚ ਕੱਢਣ ਲਈ ਉਨ੍ਹਾਂ ਨੂੰ ਅਧਿਆਤਮਿਕਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ
ਦਿੱਤੀ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੰਤ ਜੀ ਆਪਣੇ ਦਿਆਲੂ ਸੁਭਾਅ ਵਰਗੀਆਂ ਵਿਲੱਖਣ ਵਿਸ਼ੇਸ਼ਤਾਵਾਂ ਲਈ ਸਾਰਿਆਂ ਵੱਲੋਂ ਹਮੇਸ਼ਾਂ ਹੀ ਯਾਦ ਕੀਤੇ ਜਾਇਆ ਕਰਨਗੇ। ਮੁੱਖ ਮੰਤਰੀ ਨੇ ਇਸ ਸੰਕਟ ਦੀ ਘੜੀ ਬਾਬਾ ਜੀ ਦੀ ਸੰਗਤ ਨੂੰ ਇਹ ਵੱਡਾ ਘਾਟਾ ਸਹਿਣ ਕਰਨ ਲਈ ਬਲ ਬਖਸ਼ਣ ਅਤੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।ਇਸੇ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀ ਬਾਬਾ ਅਜੀਤ ਸਿੰਘ ਹੰਸਾਲੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਊਨ੍ਹਾਂ ਨੂੰ ਇੱਕ ਉੱਘੇ ਸਮਾਜ ਸੁਧਾਰਕ ਦੱਸਿਆ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਲਈ ਸਰਗਰਮ ਭੂਮਿਕਾ ਨਿਭਾਈ ਅਤੇ ਆਪਣੀ ਆਖਰੀ ਸਵਾਸਾਂ ਤੱਕ ਮਾਨਵਤਾ ਦੀ ਸੇਵਾ ਕੀਤੀ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀਵਾਲੇ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਜੀ ਦੀ ਮੌਤ ਨਾਲ ਸਮਾਜਿਕ-ਧਾਰਮਿਕ ਖੇਤਰ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪੂਰਿਆ ਜਾਣ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਦੀਆਂ ਸਿਖਿਆਵਾਂ ’ਤੇ ਸਹੀਮਾਇਨਿਆਂ ਵਿੱਚ ਚੱਲਣਾ ਹੀ ਬਾਬਾ ਜੀ ਨੂੰ ਸੱਚੀ ਸਰਧਾਂਜਜਲੀ ਹੋਵੇਗੀ ਜਿਨ੍ਹਾਂ ਦੇ ਦੁਨੀਆਂ ਭਰ ਵਿੱਚ ਸਿੱਖੀ ਦੇ ਪ੍ਰਚਾਰ ਲਈ ਆਪਣੀ ਸਾਰੀ ਉਮਰ ਲਾ ਦਿੱਤੀ।



