ਚੰਡੀਗੜ੍ਹ, 31 ਦਸੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਕਾਂਗਰਸ ਦੇ ਦਾਗੀ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਰਗੇ ਲੋਕਾਂ ਨੂੰ ਨਸ਼ਿਆਂ ਦੇ ਮੁੱਦੇ ’ਤੇ ਗੱਲ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਇਤਿਹਾਸ ਨਸ਼ਾ ਤਸਕਰੀ ਨਾਲ ਨਿਰਲੇਪ ਹੈ। ਅਕਾਲੀ ਦਲ ਨੇ ਨਾਲ ਹੀ ਕਿਹਾ ਹੈ ਕਿ ਉਹ ਨਸ਼ਿਆਂ ਵਿਰੁੱਧ ਲੜਾਈ ਨੂੰ ਨਾ ਸਿਰਫ ਪੰਜਾਬ ਸਗੋਂ ਸਾਰੇ ਦੇਸ਼ ਵਿਚ ਕਿਸੇ ਸਾਰਥਿਕ ਸਿੱਟੇ ’ਤੇ ਲੈ ਕੇ ਜਾਵੇਗਾ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੱਤ੍ਹਾ ਵਿਚ ਵਾਪਸੀ ਦੇ ਦਾਅਵੇ ਕਰਕੇ ਬਾਜਵਾ ਨਾ ਸਿਰਫ ਆਪਣਾ ਸਗੋਂ ਸਾਰੀ ਕਾਂਗਰਸ ਦਾ ਮਜ਼ਾਕ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਨੂੰ ਉਹ ਆਗੂ ਜਿਨ੍ਹਾਂ ਨੇ ਪੰਜਾਬ ਵਿਚੋਂ ਨਸ਼ਿਆਂ ਦੀ ਉਪਲਬਧਤਾ ਖਤਮ ਕਰ ਦਿੱਤੀ ਤੇ ਹੁਣ ਅੰਤਰਰਾਸ਼ਟਰੀ ਸਰਹੱਦ ਰਾਹੀਂ ਤਸਕਰੀ ਨੂੰ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਬਾਰੇ ਕੋਈ
ਟਿੱਪਣੀ ਕਰਨ ਤੋਂ ਪਹਿਲਾਂ ਨਸ਼ਿਆਂ ਵਿਰੁੱਧ ਆਪਣੇ ਯੋਗਦਾਨ ਬਾਰੇ ਚਾਨਣਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਲੋਕਾਂ ਨੂੰ ਇਹ ਦੱਸਣ ਕਿ ਉਨ੍ਹਾਂ ਦੇ ਪਰਿਵਾਰ ਬਾਰੇ ਮਾਝੇ ਦੇ ਲੋਕਾਂ ਦੀ ਕੀ ਧਾਰਨਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਵਿਰੁੱਧ ਤਸਕਰੀ ਦੇ ਦੋਸ਼ ਕਿਉਂ ਲਾਏ ਗਏ ਸਨ।
ਉਨ੍ਹਾਂ ਕਿਹਾ ਕਿ ਹੁਣ ਜਦ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਜੰਗ ਵਿੱਢੀ ਗਈ ਹੈ ਤੇ 3 ਲੱਖ ਤੋਂ ਵੱਧ ਲੋਕਾਂ ਦਾ ਨਸ਼ਾ ਛੁਡਾਇਆ ਗਿਆ ਹੈ ਤਾਂ ਸ. ਬਾਜਵਾ ਇਹ ਗੱਲ ਪਚਾ ਨਹੀਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਤੋਂ ਲਗਦਾ ਹੈ ਕਿ ਉਹ ਨਿਰਾਸ਼ਾ ਵਿਚ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਬਾਜਵਾ ਨੂੰ ਸਿਰਫ ਆਪਣੀ ਪਾਰਟੀ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਜਿਸਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਲਾਕ ਪ੍ਰਧਾਨ ਤੱਕ ਵੀ ਬਾਜਵਾ ਨੂੰ ਪ੍ਰਧਾਨ ਮੰਨਣ ਲਈ ਤਿਆਰ ਨਹੀਂ ਹਨ ਤੇ ਉਹ ਜਾਣਦੇ ਹਨ ਕਿ ਪਾਰਟੀ 2017 ਵਿਚ ਸਭ ਤੋਂ ਹੇਠਾਂ ਹੋਵੇਗੀ।
ਅਕਾਲੀ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਨਸ਼ਾ ਮੁਕਤ ਭਾਰਤ ਦੇ ਦਿੱਤੇ ਸੱਦੇ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 5 ਜਨਵਰੀ ਨੂੰ ਲਾਏ ਜਾ ਰਹੇ ਧਰਨੇ ਸਰਹੱਦ ’ਤੇ ਚੌਕਸੀ ਵਧਾਉਣ ਦਾ ਸੰਦੇਸ਼ ਦੇਣ ਲਈ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਜਵਾ ਵਿਚ ਕੋਈ ਸ਼ਿਸ਼ਟਾਚਾਰ ਨਾ ਦੀ ਚੀਜ਼ ਹੈ ਤਾਂ ਉਹ ਦੇਸ਼ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਿਚ ਆਪਣਾ ਯੋਗਦਾਨ ਪਾਉਣ ਪਰ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਨੂੰ ਦੇਖਦਿਆਂ ਇਹ ਅਸੰਭਵ ਜਾਪਦਾ ਹੈ।



