ਸ਼ਾਹਕੋਟ, 31 ਦਸੰਬਰ (ਸੁਰਿੰਦਰ ਸਿੰਘ ਪਦਮ)- ਬੀਤੀ ਰਾਤ ਪਈ ਸੰਘਣੀ ਧੁੰਦ ਕਾਰਨ ਸ਼ਾਹਕੋਟ ਦੇ ਨਜ਼ਦੀਕ ਅਲਟੋ ਕਾਰ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ਕਾਰਨ ਕਾਰ ‘ਚ ਸਵਾਰ ਤਿੰਨ ਦੀ ਮੌਤ ਹੋ ਗਈ,ਜਦੋ ਕਿ ਇੱਕ ਨੌਜੁਆਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜੋ ਇਸ ਸਮੇਂ ਜਲੰਧਰ ਦੇ ਕਿਸੇ ਨਿਜੀ ਹਸਪਤਾਲ ’ਚ ਜੇਰੇ ਇਲਾਜ ਹੈ। ਸ਼ਾਹਕੋਟ ਪੁਲਿਸ ਤੋ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੀਤੀ ਰਾਤ ਅਲਟੋ ਕਾਰ ਨੰਬਰ ਪੀ ਬੀ 62 ਏ 8484 ’ਚ ਸਵਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ (30)ਪੁੱਤਰ ਬਿੱਕਰ ਸਿੰਘ ਵਾਸੀ ਮੇਹਰਸਿੰਘ ਵਾਲਾ(ਫਿਰੋਜ਼ਪੁਰ),ਜਤਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਰਖਾਈ ਥਾਣਾ ਮੱਲਾਵਾਲਾ (ਫਿਰੋਜ਼ਪੁਰ), ਗੁਰਪ੍ਰੀਤ ਕੌਰ ਪਤਨੀ ਜਸਬੀਰ ਸਿੰਘ ਵਾਸੀ ਮਰਖਾਈ ਅਤੇ ਗੁਰਜੰਟ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮਰਖਾਈ ਜਲੰਧਰ ਨੂੰ ਜਾ ਰਹੇ ਸਨ। ਜ਼ਿਉ ਹੀ ਉਨ੍ਹਾਂ ਦੀ ਕਾਰ ਸ਼ਾਹਕੋਟ ਦੇ ਨਜ਼ਦੀਕ ਇੱਕ ਨਿਜੀ ਹਸਪਤਾਲ ਕੋਲ ਪੁੱਜੀ ਤਾਂ ਸਾਹਮਣਿਓ ਆ ਰਹੇ ਟਰੱਕ
ਨੰਬਰ ਪੀ.ਬੀ.04 ਡੀ 9808 ਨਾਲ ਉਸ ਦੀ ਟੱਕਰ ਹੋ ਗਈ। ਉਕਤ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਕਾਰ ਸਵਾਰ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਤੇ ਜਤਿੰਦਰ ਸਿੰਘ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਕਾਰ ‘ਚ ਸਵਾਰ ਗੁਰਪ੍ਰੀਤ ਕੌਰ ਪਤਨੀ ਜਸਬੀਰ ਸਿੰਘ ਦੀ ਇਲਾਜ ਲਈ ਜਲੰਧਰ ਨੂੰ ਲਿਜ਼ਾਦੇ ਸਮੇਂ ਰਸਤੇ ‘ਚ ਹੀ ਮੌਤ ਹੋ ਗਈ। ਕਾਰ ਸਵਾਰ ਗੁਰਜੰਟ ਸਿੰਘ ਪੁੱਤਰ ਜਸਬੀਰ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ,ਜੋ ਇਸ ਸਮੇਂ ਜਲੰਧਰ ਦੇ ਨਿਜੀ ਹਸਪਤਾਲ ‘ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਸ਼ਾਹਕੋਟ ਪੁਲੀਸ ਨੇ ਗੁਰਨੇਕ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮਰਖਾਈ ਥਾਣਾ ਮੱਲਾਵਾਲਾ (ਫਿਰੋਜ਼ਪੁਰ) ਦੇ ਬਿਆਨਾ ਦੇ ਅਧਾਰ ਤੇ ਨਾਮਲੂਮ ਟਰੱਕ ਡਰਾਇਵਰ ਦੇ ਖਿਲਾਫ ਮੁਕਦਮਾ ਦਰਜ਼ ਕਰਕੇ ਹਾਦਸਾ ਗ੍ਰਸਤ ਵਾਹਨਾ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਸ਼ਾਹਕੋਟ ਪੁਲੀਸ ਦਾ ਕਹਿਣਾ ਹੈ ਕਿ ਟਰੱਕ ਡਰਾਇਵਰ ਘਟਨਾ ਸਥਾਨ ਤੋ ਟਰੱਕ ਛੱਡ ਕੇ ਫਰਾਰ ਹੋ ਗਿਆ ਸੀ। ਪੁਲੀਸ ਨੇ ਲਾਸ਼ਾ ਦਾ ਪੋਸਟ ਮਾਰਟਮ ਕਰਵਾਉਣ ਤੋ ਬਾਅਦ ਵਾਰਸਾ ਹਵਾਲੇ ਕਰ ਦਿੱਤੀਆ ਹਨ।



