ਚੰਡੀਗੜ੍ਹ, 29 ਦਸੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਜਿਲਾ ਹਿਸਾਰ ਦੇ ਆਪਣੇ ਪਹਿਲੇ ਦੌਰੇ ਦੌਰਾਨ ਕਈ ਤੋਹਫੇ ਦਿੱਤੇ, ਜਿਸ ਵਿਚ ਮੁੱਖ ਮੰਤਰੀ ਨੇ ਹਿਸਾਰ ਦੀ ਹਵਾਈ ਪੱਟੀ ਨੂੰ ਰੈਗੂਲਰ ਏਅਰਪੋਰਟ ਵੱਜੋਂ ਵਿਕਸਿਤ ਕਰਨ ਦਾ ਐਲਾਨ ਦੇ ਨਾਲ-ਨਾਲ 54 ਏਕੜ ਜਮੀਨ ’ਤੇ ਖੁਸ਼ਕ ਕਚਰਾ ਪ੍ਰਬੰਧਨ ਪਰਿਯੋਜਨਾ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ । ਇਸ ਤੋਂ ਇਲਾਵਾ, ਆਵਾਰਾ ਪਸ਼ੂਆਂ ਖਾਸ ਕਰਕੇ ਗਾਂਵਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ 50 ਏਕੜ ਜਮੀਨ ’ਤੇ ਗਾਂ-ਸੈਂਚੂਰੀ ਬਣਾਉਣ ਦਾ ਵੀ ਤੋਹਫਾ ਦਿੱਤਾ । ਮੁੱਖ ਮੰਤਰੀ ਅੱਜ ਮਹਾਬੀਰ ਸਟੇਡੀਅਮ ਵਿਚ ਆਯੋਜਿਤ ਲੋਕ ਸਮੱਸਿਆ ਹੱਲ ਪ੍ਰੋਗ੍ਰਾਮ ਵਿਚ ਇਹ ਐਲਾਨ ਕੀਤੇ । ਉਨ੍ਹਾਂ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਲਾਵਾਰਿਸ ਕੁੱਤਿਆਂ ਲਈ ਐਂਟੀ ਰੇਬਿਜ ਪ੍ਰੋਗ੍ਰਾਮ ਵੀ ਚਲਾਇਆ ਜਾਵੇਗਾ ਅਤੇ ਇਸ ਲਈ ਜਿਲਾ ਹਿਸਾਰ ਨੂੰ ਖਾਸ ਤੌਰ ’ਤੇ ਚੁਣਿਆ ਹੈ । ਜਿਲਾ ਹਿਸਾਰ ਵਿਚ 25-25 ਏਕੜ ਦੀ ਚਾਰ ਵੱਖ-ਵੱਖ ਥਾਂਵਾਂ ਨੂੰ ਚੁਣ ਕੇ ਉਥੇ ਡੇਅਰੀਆਂ ਸਥਾਪਿਤ ਕੀਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਸ਼ਹਿਰ ਥਾਣੇ ਕੋਲ 2.50 ਏਕੜ ਜਮੀਨ ’ਤੇ ਪਾਰਕਿੰਗ ਬਣਾਈ ਜਾਵੇਗੀ ।
ਮੁੱਖ ਮੰਤਰੀ ਨੇ ਕਿਹਾ ਕਿ ਉਕਲਾਨਾ ਵਾਸੀਆਂ ਦੀ ਮੰਗ ’ਤੇ 8 ਏਕੜ ਦੀ ਪੰਚਾਇਤ ਦੀ ਜਮੀਨ ’ਤੇ ਕਾਲਜ ਬਣਾਇਆ ਜਾਵੇਗਾ । ਹਾਂਸੀ, ਨਵਲਾ ਤੇ ਨਾਰਨੌਂਦ ਵਿਚ ਗਲੀਆਂ, ਨਾਲੀਆਂ ਤੇ ਸੜਕਾਂ ਦੇ ਵਿਕਾਸ ਲਈ 10-10 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ । ਮੁੱਖ ਮੰਤਰੀ ਨੇ ਨਿੱਜੀ ਫੰਡ ਵਿਚੋਂ ਹਿਸਾਰ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਨੂੰ 6 ਕਰੋੜ ਰੁਪਏ, ਨਾਰਨੌਂਦ ਨਗਰ ਪਾਲਿਕਾ ਨੂੰ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦਸਿਆ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਸੀ.ਐਮ.ਵਿੰਡੋ ਸਥਾਪਿਤ ਕਰ ਦਿੱਤੀ ਗਈ ਹੈ ਅਤੇ ਸੀ.ਐਮ.ਵਿੰਡੋ ਸਥਾਪਿਤ ਕਰਨ ਦਾ ਮੰਤਵ ਲੋਕਾਂ ਨੁੰ ਆਪਣੇ ਕੰਮਾਂ ਲਈ ਚੰਡੀਗੜ੍ਹ ਆਉਣ ਵਿਚ ਸਮੇਂ ਤੇ ਪੈਸੇ ਦੀ ਬੱਚਤ ਕਰਨਾ ਹੈ।



