ਪ੍ਰੋ. ਭੁੱਲਰ , ਭਾਈ ਭਿਓਰਾ ਅਤੇ ਭਾਈ ਹਵਾਰਾ ਦੀ ਰਿਹਾਈ ਦਾ ਮਾਮਲਾ ਵੀ ਚੁੱਕਿਆ
ਜਲੰਧਰ/ਚੰਡੀਗੜ੍ਹ, 24 ਦਸੰਬਰ- ਦੇਸ਼ ਭਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਅਨੇਕਾਂ ਸਾਲਾਂ ਤੋਂ ਟਾਡਾ ਐਕਟ ਦੇ ਹੇਠ ਪੰਜਾਬ ਨਾਲ ਸਬੰਧਤ ਉਮਰ ਭਰ ਲਈ ਨਜ਼ਰਬੰਦ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਮੁੱਦਾ ਉਠਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਉ¤ਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕਾ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਨਵੀਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਮੁੱਦਾ ਮਾਨਵੀ ਅਧਾਰ ’ਤੇ ਹਮਦਰਦੀਪੂਰਨ ਢੰਗ ਨਾਲ ਵਿਚਾਰਨ ਲਈ ਜ਼ੋਰ ਪਾਇਆ ਹੈ।ਉਪਰੋਕਤ ਸੂਬਿਆਂ ਦੇ ਮੁੱਖ ਮੰਤਰੀ, ਨਵੀਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਲਿਖੇ ਵੱਖੋ-ਵੱਖਰੇ ਪੱਤਰਾਂ ਰਾਹੀਂ ਆਪਣੇ ਸੂਬਿਆ ਦੀ ਅਗਾਊਂ ਰਿਹਾਈ ਸਬੰਧੀ ਨੀਤੀ ਦੀਆਂ ਵਿਵਸਥਾਵਾਂ ਦੇ ਹੇਠ ਪੰਜਾਬ ਦੇ ਕੈਦੀਆਂ ਦੀ ਰਿਹਾਈ ਦਾ ਮਾਮਲਾ ਹਮਦਰਦੀਪੂਰਨ ਵਿਚਾਰਨ ਲਈ ਆਖਿਆ ਤਾਂ ਜੋ ਇਨ੍ਹਾਂ ਦੀ ਰਿਹਾਈ ਛੇਤੀ ਹੋ ਸਕੇ। ਸ. ਬਾਦਲ ਨੇ ਆਖਿਆ ਕਿ
ਉਨ੍ਹਾਂ ਨੂੰ ਦੇਸ਼ ਵਿੱਚ ਕੈਦੀਆਂ ਦੇ ਸੁਧਾਰਵਾਦੀ ਨੀਤੀ ਅਧੀਨ ਅਪਣਾਈ ਜਾ ਰਹੀ ਭਾਰਤੀ ਦੰਡ ਪ੍ਰਣਾਲੀ ਦੇ ਅਸਰ ਅਤੇ ਪਹੁੰਚ ਨੂੰ ਸਲਾਹੁਣਾ ਚਾਹੀਦਾ ਹੈ। ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਹਰੇਕ ਸੂਬੇ ਦੀ ਉਮਰ ਕੈਦੀਆਂ ਲਈ ਅਗਾਊਂ ਰਿਹਾਈ ਸਬੰਧੀ ਨੀਤੀ ਹੈ। ਉਨ੍ਹਾਂ ਆਖਿਆ,‘‘ਜਦੋਂ ਕੋਈ ਕੈਦੀ ਆਪਣੀ ਸਜ਼ਾ ਦੇ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਗੁਜ਼ਾਰਦਾ ਹੈ, ਤਾਂ ਉਹ ਅਗਾਊਂ ਰਿਹਾਈ ਦਾ ਹੱਕਦਾਰ ਹੋ ਜਾਂਦਾ ਹੈ। ਜਦੋਂ ਉਸ ਨੂੰ ਰਿਹਾਅ ਨਹੀਂ ਕੀਤੀ ਜਾਂਦਾ ਤਾਂ ਉਸ ਦੇ ਸਾਕ-ਸਬੰਧੀਆਂ ਦੇ ਮਨਾਂ ਵਿੱਚ ਰੋਸ ਪੈਦਾ ਹੁੰਦਾ ਹੈ ਜਿਸ ਨਾਲ ਸਮਾਜ ਦੇ ਇਕ ਖਿੱਤੇ ਵਿੱਚ ਬੇਚੈਨੀ ਪੈਦਾ ਹੋਣ ਦੇ ਕਾਰਨ ਵਧਦੇ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਮਾਨਵੀ ਆਧਾਰ ’ਤੇ ਹਰੇਕ ਨੂੰ ਸੁਧਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਵਿੱਚ ਇਕਮਿਕ ਹੋ ਕੇ ਆਦਰਸ਼ ਨਾਗਰਿਕ ਵਜੋਂ ਜੀਵਨ ਬਤੀਤ ਕਰ ਸਕੇ।
ਉ¤ਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨੂੰ ਲਿਖੇ ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਸੈਂਟਰਲ ਜੇਲ੍ਹ ਬਰੇਲੀ (ਯੂ.ਪੀ.) ਵਿੱਚ ਪਿਛਲੇ 22 ਸਾਲਾਂ ਤੋਂ ਉਮਰ ਕੈਦ ਲਈ ਨਜ਼ਰਬੰਦ ਵਰਿਆਮ ਸਿੰਘ ਦੀ ਰਿਹਾਈ ਦਾ ਮਾਮਲਾ ਵਿਚਾਰਨ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਹੀ ਸ. ਬਾਦਲ ਨੇ ਉਮਰ ਕੈਦੀ ਗੁਰਮੀਤ ਸਿੰਘ ਫੌਜੀ ਦੀ ਰਿਹਾਈ ਦਾ ਮਾਮਲਾ ਰਾਜਸਥਾਨ ਦੀ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਕੋਲ ਉਠਾਇਆ। ਫੌਜੀ ਇਸ ਵੇਲੇ ਰਾਜਸਥਾਨ ਦੀ ਟੋਂਕ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੇ 10 ਸਾਲ ਦੀ ਮਿਲੀ ਸਜ਼ਾ ਵਿੱਚੋਂ 9 ਸਾਲ ਪਹਿਲਾਂ ਹੀ ਮੁਕੰਮਲ ਕਰ ਲਏ ਹਨ।
ਸ. ਬਾਦਲ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਕ ਪੱਤਰ ਲਿਖ ਕੇ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦਯਾ ਸਿੰਘ ਲਹੌਰੀਆ ਦੀ ਰਿਹਾਈ ਦਾ ਮਾਮਲਾ ਵੀ ਉਠਾਇਆ ਜਿਸ ਨੇ ਉਮਰ ਕੈਦ ਦੀ ਸਜ਼ਾ ਵਿੱਚੋਂ ਪਹਿਲਾਂ ਹੀ 10 ਸਾਲ ਦੀ ਕੈਦ ਭੁਗਤ ਲਈ ਹੈ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਗੁਜਰਾਤ ਦੀ ਮੁੱਖ ਮੰਤਰੀ ਸ੍ਰੀਮਤੀ ਅਨੰਦੀਬੇਨ ਪਟੇਲ ਨੂੰ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਲਾਲ ਸਿੰਘ ਦੀ ਰਿਹਾਈ ਲਈ ਲਿਖਿਆ ਹੈ। ਉਹ ਇਸੇ ਵੇਲੇ ਉ¤ਚ ਸੁਰੱਖਿਆ ਵਾਲੀ ਨਾਭਾ (ਪੰਜਾਬ) ਜੇਲ੍ਹ ਵਿੱਚ ਕੈਦ ਹੈ ਅਤੇ ਉਸ ਨੇ ਪਹਿਲਾਂ ਹੀ 22 ਸਾਲ ਦੀ ਸਜ਼ਾ ਭੁਗਤ ਲਈ ਹੈ। ਸ. ਬਾਦਲ ਨੇ ਕਰਨਾਟਕਾ ਦੀ ਗੁਲਬਰਗ ਜੇਲ੍ਹ ਵਿੱਚ ਬੰਦ ਉਮਰ ਕੈਦੀ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਦਾ ਮਾਮਲਾ ਵੀ ਕਰਨਾਟਕਾ ਦੇ ਮੁੱਖ ਮੰਤਰੀ ਸ੍ਰੀ ਸਿਧਾਰਮੱਈਆ ਕੋਲ ਉਠਾਇਆ ਜਿਸ ਨੇ ਪਹਿਲਾਂ ਹੀ 24 ਸਾਲ ਦੀ ਸਜ਼ਾ ਕੱਟ ਲਈ ਹੈ।
ਸ. ਬਾਦਲ ਨੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਸ੍ਰੀ ਨਜੀਬ ਜੰਗ ਕੋਲ ਉਠਾਇਆ ਜੋ ਕਿ ਇਸ ਵੇਲੇ ਤਿਹਾੜ ਜੇਲ੍ਹ ਵਿੱਚ ਬੰਦ ਹੈ। ਦਿੱਲੀ ਹਾਈ ਕੋਰਟ ਦੇ ਐਡੀਸ਼ਨਲ ਸ਼ੈਸਨ ਜੱਜ ਵੱਲੋਂ ਉਸ ਨੂੰ ਦਿੱਤੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਬਦਲ ਦਿੱਤਾ ਸੀ ਅਤੇ ਉਸ ਨੇ 20 ਸਾਲ ਦੀ ਸਜ਼ਾ ਮੁਕੰਮਲ ਕਰ ਲਈ ਹੈ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਉਮਰ ਕੈਦੀਆਂ ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਵੀ ਲਿਖਿਆ ਹੈ। ਦੋਵੇਂ ਹੀ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਹਨ ਅਤੇ 19 ਸਾਲ ਦੀ ਸਜ਼ਾ ਕੱਟ ਚੁੱਕੇ ਹਨ।
ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਸੁਬੇਗ ਸਿੰਘ ਅਤੇ ਨੰਦ ਸਿੰਘ ਦੀ ਰਿਹਾਈ ਦਾ ਮਾਮਲਾ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਸ਼ਿਵਰਾਜ ਵੀ ਪਾਟਿਲ ਕੋਲ ਉਠਾਇਆ। ਗੌਰਤਲਬ ਹੈ ਕਿ ਇਹ ਸਾਰੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਵਿੱਚੋਂ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਪਹਿਲਾਂ ਹੀ 19 ਸਾਲ ਦੀ ਸਜ਼ਾ ਮੁਕੰਮਲ ਕਰ ਲਈ ਹੈ ਜਦਕਿ ਸੁਬੇਗ ਸਿੰਘ ਅਤੇ ਨੰਦ ਸਿੰਘ 15 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ।



