ਰਾਮਪੁਰਾ ਫੂਲ, 22 ਦਸੰਬਰ (ਜੋਸਫ਼ ਬਾਂਸਲ)- ਨੇੜਲੇ ਪਿੰਡ ਗੁਰੂਸਰ ਸਥਿਤ ਸੇਵਾਪਤੀ ਕਾਨਵੈਂਟ ਸਕੂਲ ਵੱਲੋਂ ਨਸ਼ੇ ਦੇ ਸਮਾਜ ਵਿੱਚ ਮਾੜੇ ਪ੍ਰਭਾਵ ਅਤੇ ਇਸ ਨੂੰ ਠੱਲ੍ਹ ਪਾਉਣ ਦਾ ਸੱਦਾ ਦੇਣ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਡੀ.ਆਈ.ਜੀ. ਹਰਿੰਦਰ ਸਿੰਘ ਚਹਿਲ ਸਨ ਜਦਕਿ ਜ਼ਿਲ੍ਹਾ ਸਿਹਤ ਅਫ਼ਸਰ ਐਚ.ਐਸ. ਰੰਧਾਵਾ ਵਿਸ਼ੇਸ਼ ਮਹਿਮਾਨ ਸਨ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫ਼ੀ ਅਤੇ ਸਕਿੱਟਾਂ ਰਾਹੀਂ ਨਸ਼ੇ ਵਿਰੁੱਧ ਸੁਨੇਹਾ ਦੇਣ ਦੇ ਨਾਲ-ਨਾਲ ਇੱਕ ਚੇਤਨਾ ਰੈਲੀ ਵੀ ਕੱਢੀ,ਜਿਹੜੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦੀ ਹੁੰਦੀ ਹੋਈ ਵਾਪਸ ਸਕੂਲ ਪੁੱਜੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡੀ.ਆਈ.ਜੀ. ਚਹਿਲ ਨੇ ਕਿਹਾ ਕਿ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਸਖ਼ਤੀ ਤੋਂ ਜ਼ਿਆਦਾ ਜਨਤਕ ਸਾਂਝ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਜਾਂ ਪੁਲਿਸ ਅਧਿਕਾਰੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਨਸ਼ੇ ਖਿਲਾਫ਼ ਕਾਰਵਾਈ ਕਰ ਸਕਦੇ ਹਨ,ਪਰ ਜੇਕਰ ਸਮਾਜ ਇਸ ਮਾਮਲੇ ਨੂੰ ਲੈ ਕੇ ਪ੍ਰਭਾਵਸ਼ਾਲੀ ਮੁਹਿੰਮ ਵਿੱਢੇ ਤਾਂ ਨਸ਼ੇ ਦੀ ਗਲਤਾਨ ਵਿੱਚ ਡੁੱਬਦੀ ਜਾ ਰਹੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ:ਰੰਧਾਵਾ ਨੇ ਕਿਹਾ ਕਿ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ
ਹਰ ਨਾਗਰਿਕ ਨੂੰ ਆਪਣਾ ਫ਼ਰਜ ਨਿਭਾਉਣਾ ਪਵੇਗਾ।ਉਨ੍ਹਾਂ ਕਿਹਾ ਕਿ ਬੇਸ਼ੱਕ ਕਾਨੂੰਨੀ ਤੌਰ ’ਤੇ ਨਸ਼ੇ ਦੀ ਵਰਤੋਂ ਦੇ ਵਿਰੋਧ ਵਿੱਚ ਸਖ਼ਤ ਨਿਯਮ ਬਣਾਏ ਹੋਏ ਹਨ ਪਰ ਸਮਾਜਿਕ ਸਹਿਯੋਗ ਦੀ ਕਮੀ ਕਾਰਨ ਇੰਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਨੇਕਾਂ ਅੜਿੱਕੇ ਪੈਦਾ ਹੋ ਜਾਂਦੇ ਹਨ। ਸੇਵਾਪਤੀ ਸਕੂਲ ਦੇ ਐਮ.ਡੀ. ਪੰਕਜ ਠਾਕੁਰ ਨੇ ਕਿਹਾ ਕਿ ਉਨ੍ਹਾਂ ਸਮੇਤ ਸਕੂਲ ਦੇ ਪੂਰੇ ਸਟਾਫ਼ ਦਾ ਇਹ ਯਤਨ ਹੈ ਕਿ ਸਕੂਲ ਵਿੱਚ ਆਉਣ ਵਾਲੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਨਸ਼ੇ ਸਮੇਤ ਹੋਰ ਸਮਾਜਿਕ ਅਲਾਮਤਾਂ ਦੇ ਵਿਰੁੱਧ ਚੇਤਨ ਕਰਕੇ ਉਨ੍ਹਾਂ ਵਿੱਚ ਅਜਿਹੀ ਭਾਵਨਾ ਭਰੀ ਜਾਵੇ ਤਾਂ ਜੋ ਉਹ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਸਫ਼ਲਤਾ ਨਾਲ ਨਿਭਾਅ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਪ੍ਰਬੰਧਕੀ ਟਰੱਸਟੀ ਡਾ: ਜਗਵੀਰ ਸਿੰਘ ਬਰਾੜ, ਮਹਿਰਾਜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਜੀਤ ਸਿੰਘ, ਰਾਮਪੁਰਾ ਥਾਣਾ ਦੇ ਮੁਖੀ ਪ੍ਰਿਤਪਾਲ ਸਿੰਘ, ਅਕਾਲੀ ਦਲ ਵਪਾਰ ਸੈਲ ਦੇ ਪ੍ਰਧਾਨ ਸੁਰਿੰਦਰ ਜੌੜਾ, ਅਲਾਇੰਸ ਇੰਟਰਨੈਸ਼ਨਲ ਦੇ ਚੇਅਰਮੈਨ ਸੁਭਾਸ਼ ਮੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਡਾ: ਜਤਿੰਦਰ ਬਾਂਸਲ,ਡਾ: ਅਜੈ ਕੁਮਾਰ, ਅਸ਼ੋਕ ਗੁਪਤਾ, ਪਿੰਡ ਪਿਪਲੀ ਦੇ ਸਾਬਕਾ ਮੈਂਬਰ ਪੰਚਾਇਤ ਮਲਕੀਤ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ,ਬੱਚਿਆਂ ਦੇ ਮਾਪੇ ਆਦਿ ਸ਼ਾਮਲ ਸਨ।



