ਆਪੋਜੀਸ਼ਨ ਨੇ ਮੋਦੀ ਨੂੰ ਕਿਹਾ, 56 ਇੰਚ ਦਾ ਸੀਨਾ ਨਹੀਂ ਥੋੜ੍ਹਾ ਵੱਡਾ ਦਿਲ ਦਿਖਾਓ
ਨਵੀਂ ਦਿੱਲੀ, 22 ਦਸੰਬਰ (ਪੀ. ਟੀ. ਲਾਇਵ)- ਧਰਮ ਤਬਦੀਲੀ ਦੇ ਮਾਮਲੇ ’ਚ ਲੋਕ ਸਭਾ ਅਤੇ ਰਾਜ ਸਭਾ ਵਿੱਚ ਸੋਮਵਾਰ ਨੂੰ ਵੀ ਭਾਰੀ ਹੰਗਾਮਾ ਜਾਰੀ ਰਿਹਾ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਰ ਐਸ ਐਸ ਪ੍ਰਮੁੱਖ ਮੋਹਨ ਭਾਗਵਤ ਦੇ ਬਿਆਨ ਉੱਤੇ ਸਖਤ ਰੋਸ ਪ੍ਰਗਟ ਕਰਦੇ ਹੋਏ ਇਸ ਮਸਲੇ ’ਤੇ ਚਰਚਾ ਕਰਨ ਦੀ ਗੱਲ ਕਹੀ। ਲੋਕਸਭਾ ਵਿੱਚ ਜਿੱਥੇ ਤਮਾਮ ਵਿਰੋਧੀ ਦਲਾਂ ਦੇ ਆਗੂਆਂ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਕੀਤੀ। ਉੱਥੇ ਸਰਕਾਰ ਵੱਲੋਂ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਮੁੱਦੇ ਉੱਪਰ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ।ਸੰਸਦ ਮੈਂਬਰਾਂ ਦੇ ਹੰਗਾਮੇ ਦੀ ਵਜ੍ਹਾ ਕਾਰਨ ਅੱਜ ਹੇਠਲੇ ਸਦਨ ਨੂੰ 4 ਵਾਰ ਮੁਲਤਵੀ ਕਰਨਾ ਪਿਆ। ਦੁਪਹਿਰ ਦੇ
ਖਾਣੇ ਬਾਅਦ ਮੁੜ ਸੰਸਦ ਦੇ ਜੁੜਣ ’ਤੇ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਰਾਸ਼ਟਰੀ ਜਨਤਾ ਦਲ ਦੇ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਇੱਕ ਅਖਬਾਰ ਨੂੰ ਪਾੜਦੇ ਹੋਏ ਸਪੀਕਰ ਦੇ ਮੇਜ਼ ਕੋਲ ਹਵਾ ਵਿੱਚ ਉਛਾਲ ਦਿੱਤਾ। ਜਿਸ ਉੱਪਰ ਡਿਪਟੀ ਸਪੀਕਰ ਨੇ ਸਖਤ ਇਤਰਾਜ਼ ਜਤਾਇਆ ਅਤੇ ਸ੍ਰੀ ਰੰਜਨ ਨੂੰ ਆਖਿਰ ਮੁਆਫੀ ਮੰਗਣੀ ਪਈ। ਹੰਗਾਮੇ ਦੇ ਦੌਰਾਨ ਹੀ ਮਾਕਪਾ ਮੈਂਬਰ ਏ ਸੰਪਤ ਦੀ ਤਬੀਅਤ ਖਰਾਬ ਹੋ ਗਈ। ਇੱਕ ਵਾਰ ਮੁੜ ਸੰਸਦ ਦੇ ਮੁਲਤਵੀ ਹੋਣ ਬਾਅਦ ਸੰਸਦ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ’ਤੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਖੱਬੇਪੱਖੀ ਪਾਰਟੀਆਂ, ਰਾਸ਼ਟਰੀ ਜਨਤਾ ਦਲ ਅਤੇ ਆਪ ਦੇ ਮੈਂਬਰ ਧਰਮ ਤਬਦੀਲੀ ਦਾ ਮੁੱਦਾ ਉਠਾਉਂਦੇ ਹੋਏ ਸਪੀਕਰ ਦੀ ਕੁਰਸੀ ਦੇ ਕੋਲ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸ ਆਗੂ ਮਲਿਕਅਰਜੁਨ ਖੜਗੇ ਨੇ ਕਿਹਾ ‘‘ਹਰ ਰਾਜ ਵਿੱਚ ‘ਘਰ ਵਾਪਸੀ’ ਦੇ ਨਾਂਅ ਉੱਤੇ ਧਰਮ ਤਬਦੀਲੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ। ਸੰਵਿਧਾਨ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਪਸੰਦ ਦਾ ਧਰਮ ਮੰਨਣ ਦਾ ਅਧਿਕਾਰ ਹੈ।
ਅਜਿਹੇ ਕੰਮਾਂ ਨਾਲ ਦੇਸ਼ ਵਿੱਚ ਅਸ਼ਾਂਤੀ ਫੈਲ ਸਕਦੀ ਹੈ। ਮੋਦੀ ਦੇ ਨਾਂਅ ਉੱਤੇ ਇਹ ਸਰਕਾਰ ਬਣੀ ਹੈ। ਇਸ ਲਈ ਪ੍ਰਧਾਨ ਮੰਤਰੀ ਸਦਨ ਵਿੱਚ ਇਸ ਸਬੰਧੀ ਬਿਆਨ ਦੇਣ।’’ ਦੂਜੇ ਪਾਸੇ ਰਾਜ ਸਭਾ ਵਿੱਚ ਵੀ ਅੱਜ ਪੂਰਾ ਦਿਨ ਧਰਮ ਤਬਦੀਲੀ ਦਾ ਮੁੱਦਾ ਛਾਇਆ ਰਿਹਾ।
ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਆਪੋਜੀਸ਼ਨ ਚਰਚਾ ਤੋਂ ਭਜ ਨਹੀਂ ਰਹੀ ਹੈ। ਆਪੋਜੀਸ਼ਨ ਚਾਹੁੰਦੀ ਹੈ ਪਰ ਸਰਕਾਰ ਅਤੇ ਪ੍ਰਧਾਨ ਮੰਤਰੀ ਧਰਮ ਤਬਦੀਲੀ ਦੇ ਮੁੱਦੇ ’ਤੇ ਚੁੱਪ ਕਿਉਂ ਹਨ? ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਦਨ ਵਿੱਚ ਆ ਕੇ ਇਸ ਸਬੰਧ ਵਿੱਚ ਬਿਆਨ ਦੇਣਾ ਚਾਹੀਦਾ ਹੈ। ਸ੍ਰੀ ਬ੍ਰਾਇਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਤੁਹਾਨੂੰ ਇਥੇ ਆਉਣ ਦੇ ਲਈ 56 ਇੰਚ ਦੇ ਸੀਨੇ ਦੀ ਲੋੜ ਨਹੀਂ, ਤੁਹਾਨੂੰ ਬਸ 4 ਇੰਚ ਦੇ ਦਿਲ ਦੀ ਜ਼ਰੂਰਤ ਹੈ।’’



