Skip to content
Independent perspectives. Global stories.
BREAKING

ਕਾਂਗਰਸ ਵੱਲੋਂ ਸਰਦ ਰੁੱਤ ਦੇ ਸੈਸ਼ਨ ’ਚ ਬੇਭਰੋਸਗੀ ਮਤੇ ਦੇ ਬਹਾਨੇ ਰੁਕਾਵਟਾਂ ਪਾਉਣ ਦੀ ਯੋਜਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਸੋਹੀਣੀ ਕਰਾਰ

Share this story

Page-1_06 ਜਲੰਧਰ/ਚੰਡੀਗੜ੍ਹ, 22 ਦਸੰਬਰ- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਦੇ ਸਰਦ ਰੁੱਤ ਦੇ ਸੈਸ਼ਨ ਦੌਰਾਨ ਤਰਕਹੀਣ ਬੇਭਰੋਸਗੀ ਮਤੇ ਦੇ ਬਹਾਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ’ਚ ਰੁਕਾਵਟ ਪਾਉਣ ਲਈ ਬਣਾਈ ਗਈ ਯੋਜਨਾ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਹੈ ਕਿ ਅਜਿਹਾ ਕੋਈ ਵੀ ਮਤਾ ਵਿਧਾਨ ਸਭਾ ’ਚ ਮੂਧੇ ਮੂੰਹ ਡਿੱਗ ਪਵੇਗਾ ਅਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਅਕਾਲੀ ਦਲ ਨੇ ਸਸਤੀ ਸ਼ੌਹਰਤ ਲਈ ਵਰਤੋ ਗਏ ਅਜਿਹੇ ਘਟੀਆ ਸਟੰਟਾਂ ਲਈ ਪੰਜਾਬ ਕਾਂਗਰਸ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਕਿਹਾ ਕਿ ਜੇਕਰ ਅਜਿਹੇ ਬੇਭਰੋਸਗੀ ਮਤਿਆਂ ਵਰਗੇ ਮਾਪਦੰਡ ਯੂ.ਪੀ.ਏ. ਸਰਕਾਰ ਦੌਰਾਨ ਅਪਣਾਏ ਗਏ ਹੁੰਦੇ ਤਾਂ ਕਾਂਗਰਸ ਦੀ ਅਗਵਾਈ

ਵਾਲੀ ਕੇਂਦਰ ਸਰਕਾਰ ਨੂੰ ਵਾਰ-ਵਾਰ ਅਸਤੀਫਾ ਦੇਣਾ ਪੈਂਦਾ।ਅੱਜ ਇਥੇ ਜਾਰੀ ਇੱਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਕੈਬਿਨਟ ਮੰਤਰੀਆਂ  ਸ. ਸਿਕੰਦਰ ਸਿੰਘ ਮਲੂਕਾ, ਸ. ਜਨਮੇਜਾ ਸਿੰਘ ਸੇਖੋਂ, ਸ. ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ ਅਤੇ ਸ. ਸ਼ਰਨਜੀਤ ਸਿੰਘ ਢਿਲੋਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਰੁਕਾਵਟਾਂ ਪਾਉਣ ਦੀ ਕੋਝੀ ਯੋਜਨਾ ਬਣਾਈ ਜਾ ਰਹੀ ਹੈ। ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਹਾਲਤ ਇੰਨੀ ਤਰਸਯੋਗ ਹੋ ਗਈ ਹੈ ਕਿ ਹੁਣ ਇਸ ਕੋਲ ਵਿਧਾਨ ਸਭਾ ਅੰਦਰ ਉਠਾਉਣ ਲਈ ਖੁਦ ਦਾ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੱਭ ਕਾਂਗਰਸ ਅੰਦਰ ਛਿੜੀ ਪ੍ਰਧਾਨਗੀ ਤੇ ਚੌਧਰ ਦੀ ਅੰਦਰੂਨੀ ਜੰਗ ਦਾ ਸਿੱਟਾ ਹੈ ਜਿਸ ਕਾਰਨ ਪੰਜਾਬ ਕਾਂਗਰਸ ਦੋ ਹਿੱਸਿਆਂ ’ਚ ਵੰਡੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ। ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਜਾਰੀ ਹੋਏ ਸੰਮਨ ਦਾ ਜ਼ਿਕਰ ਕਰਦਿਆਂ, ਅਕਾਲੀ ਆਗੂਆਂ ਨੇ ਕਿਹਾ ਕਿ ਇਸ ਸੱਭ ਦਾ ਕੋਈ ਵੀ ਹੋਰ ਮਤਲਬ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਪੰਜਾਬ ਪੁਲਿਸ ਵੱਲੋਂ ਨੰਗੇ ਕੀਤੇ ਗਏ ਡਰੱਗ ਮਾਮਲੇ ’ਚ ਮੰਤਰੀ ਨੂੰ ਹੀ ਉਲਝਾਉਣ ਦੀਆਂ ਕੋਸ਼ਿਸ਼ਾਂ ਤੋਂ ਲੋਕ ਭਲੀਭਾਂਤ ਜਾਣੂੰ ਹਨ। ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਰੋਕਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਵਲੋ ਇਕ ਸ਼ਲਾਘਾਯੋਗ ਕੰਮਾਂ ਨੂੰ ਸਰਾਹੁਣ ਦੀ ਥਾਂ ਇਸ ਮਾਮਲੇ ’ਚ ਫੜੇ ਗਏ ਉਸ ਮੁੱਖ ਡਰੱਗ ਤਸਕਰ ਜਿਸ ਨੇ ਸ. ਮਜੀਠੀਆ ਦਾ ਨਾਂਅ ਲਿਆ ਹੈ, ਦੇ ਪੰਜਾਬ ਕਾਂਗਰਸ ਦੇ ਅਹਿਮ ਆਗੂਆਂ ਨਾਲ ਨੇੜਲੇ ਸਬੰਧ ਹਨ ਅਤੇ ਕਾਂਗਰਸ ਵੱਲੋਂ ਉਸ ਨੂੰ ਸ. ਮਜੀਠੀਆ ਨੂੰ ਬਦਨਾਮ ਕਰਨ ਲਈ ਵਰਤਿਆ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਕੁਝ ਆਗੂ ਸ. ਮਜੀਠੀਆ ਨੂੰ ਬਦਨਾਮ ਕਰਵਾਉਣ ਲਈ ਅੱਡੀ-ਚੋਟੀ ਦਾ ਜੋਰ ਲਾ ਚੁੱਕੇ ਹਨ ਅਤੇ ਇਸ ਦੇ ਚੱਲਦਿਆਂ ਉਹ ਮਾਣਯੋਗ ਹਾਈਕੋਰਟ ਤੱਕ ਵੀ ਪਹੁੰਚੇ ਪਰ ਉਥੇ ਵੀ ਉਨ੍ਹਾਂ ਦੀਆਂ ਦਲੀਲਾਂ ਨੂੰ ਮਹਿਜ਼ ਸਿਆਸੀ ਹੱਥਕੰਡਾ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਬੇਭਰੋਸਗੀ ਮਤਾ ਲਿਆਉਣ ਦੀ ਚਾਲ ਵੀ ਪਾਰਟੀ ਅੰਦਰ ਛਾਈ ਬੌਖਲਾਹਟ ਦੀ ਪ੍ਰਤੀਤ ਹੈ ਅਤੇ ਇਸ ਚਾਲ ਦਾ ਵੀ ਢੁਕਵਾਂ ਹਸ਼ਰ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਨੂੰ ਸਿਆਸਤ ਅੰਦਰ ਇਕਸਾਰ ਮਿਆਰੀ ਅਸੂਲ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਹਿਜ ਇੱਕ ਮੰਤਰੀ ਨੂੰ ਕਿਸੇ ਕੇਂਦਰੀ ਏਜੰਸੀ ਵੱਲੋਂ ਪੁੱਛਗਿਛ ਲਈ ਬੁਲਾਉਣ ਸਰਕਾਰ ਤੋਂ ਅਸਤੀਫਾ ਮੰਗਣ ਦਾ ਆਧਾਰ ਹੈ ਤਾਂ ਕਈ ਘੁਟਾਲਿਆਂ ’ਚ ਫਸੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਤਾਂ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਅਸਤੀਫੇ ਦੇਣੇ ਪੈਂਦੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਲੋਕਾਂ ਨੂੰ ਦੱਸਣ ਦਾ ਕਸ਼ਟ ਕਰੇ ਕਿ ਕੀ ਇੰਨ੍ਹਾਂ ਕਦੇ ਆਪਣੀ ਕੇਂਦਰੀ ਲੀਡਰਸ਼ਿਪ ’ਤੇ ਕਦੇ ਇਹ ਦਬਾਅ ਪਾਇਆ ਕਿ 2ਜੀ ਘੁਟਾਲੇ ’ਚ ਨਾਂਅ ਆਉਣ ਤੋਂ ਬਾਅਦ ਇਹ ਡੀ.ਐਮ.ਕੇ ਪਾਰਟੀ ਨਾਲ ਸਬੰਧ ਤੋੜੇ? ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸ ਨੇ ਸ੍ਰੀ ਸ਼ਿੱਬੂ ਸੋਰੇਨ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਵੀ ਕਦੇ ਝਾਰਖੰਡ ਮੁਕਤੀ ਮੋਰਚਾ ਨਾਲੋ ਸਬੰਧ ਤੋੜਨ ਦੀ ਗੱਲ ਤੱਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਾ ਹੀ ਕਾਂਗਰਸ ਪਾਰਟੀ ਨੇ ਆਪਣੇ ਆਗੂ ਸੁਰੇਸ਼ ਕਲਮਾਡੀ ਦੇ ਰਾਸ਼ਟਰਮੰਡਲ ਖੇਡ ਘੁਟਾਲੇ ’ਚ ਨਾਂਅ ਆਉਣ ’ਤੇ ਸਰਕਾਰ ਤੋਂ ਪਾਸੇ ਹੋਣ ਦੀ ਸੋਚੀ। ਅਕਾਲੀ ਆਗੂਆਂ ਨੇ ਕਿਹਾ ਕਿ ਹੋਰ ਤਾਂ ਹੋਰ ਕਾਂਗਰਸ ਦੇ ਸੀਨੀਅਰ ਆਗੂਆਂ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਨੈਸ਼ਨਲ ਹੈਰਾਲਡ ਮਾਮਲੇ ’ਚ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਕੋਲਾ ਘੁਟਾਲੇ ’ਚ ਸੰਮਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਅਜਿਹੀ ਕਾਂਗਰਸ ਪਾਰਟੀ ਹੁਣ ਸਾਨੂੰ ਸਲਾਹ ਦੇਵੇਗੀ ਕਿ ਇੱਕ ਮੰਤਰੀ  ਦੇ ਮਾਮਲੇ ’ਚ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਕਿ ਸ. ਮਜੀਠੀਆ ਵਿਰੁੱਧ ਤਾਂ ਕੋਈ ਦੋਸ਼ ਸਾਬਿਤ ਵੀ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ  ਦੇ ਪੁਰਾਣੇ ਇਤਿਹਾਸ ਦਾ ਜ਼ਿਕਰ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ  ਜਨਤਕ ਜੀਵਨ ’ਚ ਨਿਮਰਤਾ ਰੱਖਣ ’ਚ ਵਿਸ਼ਵਾਸ ਰੱਖਦੀ ਹੈ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖੁਦ ਨਿਮਰ ਆਗੂ ਵਜੋਂ ਉਦਾਹਰਣ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਿਆਸੀ ਮਿਆਰ ਦੀ ਗੱਲ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇਸ਼ ਭਰ ਦੀਆਂ ਪਾਰਟੀਆਂ ’ਚ ਸਰਵੋਤਮ ਮਿਆਰੀ ਪਾਰਟੀ ਵਜੋਂ ਜਾਣੀ ਜਾਂਦੀ ਹੈ। ਉਨ੍ਹਾਂ ਪੰਜਾਬ ਕਾਂਗਰਸ ਨੂੰ ਸਲਾਹ ਦਿੱਤੀ ਕਿ ਬੇਤੁਕੇ ਮੁੱਦਿਆਂ ’ਤੇ ਡਰਾਮੇ ਕਰਨ ਦੀ ਜਗ੍ਹਾ ਪਾਰਟੀ ਪਹਿਲਾਂ ਜੋ ਭਾਸ਼ਣ ਦਿੰਦੀ ਹੈ ਉਸ ’ਤੇ ਅਮਲ ਕਰੇ।

WRITTEN BY