ਨਵੀਂ ਦਿੱਲੀ, 20 ਦਸੰਬਰ (ਪੀ. ਟੀ.)- ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ‘ਤੇ 10,000 ਰੁਪਏ ਦਾ ਜੁਰਮਾਨਾ ਲਾਇਆ ਹੈ। ਅਦਾਲਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਵਿਰੁੱਧ ਗਡਕਰੀ ਵਲੋਂ ਦਾਖਲ ਮਾਣਹਾਨੀ ਦੇ ਫੌਜਦਾਰੀ ਮੁਕੱਦਮੇ ’ਚ ਅਦਾਲਤ ਦੇ ਹੁਕਮ ਦਾ ਪਾਲਨ ਕਰਨ ’ਚ ਅਸਫਲ ਰਹਿਣ ’ਤੇ ਇਹ ਜੁਰਮਾਨਾ ਲਾਇਆ ਹੈ।ਮੈਟਰੋਪੋਲੀਟਨ ਮੈਜਿਸਟ੍ਰੇਟ ਗੋਮਤੀ ਮਨੋਚਾ ਨੇ ਵਿਵਸਥਾ ਦਿੱਤੀ ਕਿ ਗਡਕਰੀ ਨੇ ਸੁਣਵਾਈ ਤੋਂ ਤਿੰਨ ਦਿਨ ਪਹਿਲੇ ਹਲਫਨਾਮਾ ਦਾਖਲ ਕਰਨ ਦੇ ਸੰਬੰਧ ਵਿਚ ਅਦਾਲਤ ਦੇ ਹੁਕਮ ਦਾ ਪਾਲਨ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਹਲਫਨਾਮਾ ਕੇਜਰੀਵਾਲ ਦੇ ਵਕੀਲ ਨੂੰ ਤਿੰਨ ਦਿਨ ਪਹਿਲਾਂ ਦਿੱਤਾ ਜਾਣਾ ਸੀ ਪਰ ਇਹ ਅੱਜ ਦਿੱਤਾ ਜਾ ਸਕਿਆ।ਮੈਜਿਸਟ੍ਰੇਟ ਨੇ ਗਡਕਰੀ ‘ਤੇ 10 ਹਜ਼ਾਰ ਦਾ ਜੁਰਮਾਨਾ ਲਾਉਂਦੇ ਹੋਏ
ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ 21 ਮਾਰਚ 2015 ਮੁਕਰਰ ਕੀਤੀ ਹੈ।ਸੁਣਵਾਈ ਦੌਰਾਨ ਗਡਕਰੀ ਵਲੋਂ ਅਦਾਲਤ ’ਚ ਪੇਸ਼ ਹੋਈ ਸੀਨੀਅਰ ਵਕੀਲ ਪਿੰਕੀ ਆਨੰਦ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਕੇਜਰੀਵਾਲ ਵਲੋਂ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਹਲਫਨਾਮੇ ਦੀ ਕਾਪੀ 18 ਦਸੰਬਰ ਨੂੰ ਦੇ ਦਿੱਤੀ ਸੀ ਪਰ ਕੇਜਰੀਵਾਲ ਵਲੋਂ ਪੇਸ਼ ਹੋਏ ਵਕੀਲ ਰਿਸ਼ੀਕੇਸ਼ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਹਲਫਨਾਮੇ ਦੀ ਕਾਪੀ ਅੱਜ ਹੀ ਦਿੱਤੀ ਹੈ।



