ਅੰਮ੍ਰਿਤਸਰ, 20 (ਬਲਜੀਤ ਸਿੰਘ)- ਸਮੂਹ ਸਿੱਖ ਜਥੇਬੰਦੀਆਂ ਦੀ ਇੱਕ ਪ੍ਰ੍ਰੈ¤ਸ ਕਾਨਫਰੰਸ ਆਈ.ਐ¤ਸ.ਓ. ਦੇ ਸੂਬਾ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸਿੱਖ ਕਤਲੇਆਮ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਸੀਨੀਅਰ ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਾਰ ਸਿੰਘ ਖਾਲਸਾ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਕੰਵਰਬੀਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਥਕ ਮਸਲਿਆਂ ਲਈ ਸੰਤ
ਸਮਾਜ ਨਾਲ ਰੱਖੀ ਗਈ ਇਕੱਤਰਤਾ ਵਿੱਚ ਸਮੂਹ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ, ਸਮੂਹ ਸਿੱਖ ਸੰਗਤਾਂ ਅਤੇ ਹੋਰ ਅਨੇਕਾਂ ਸਭਾ ਸੁਸਾਇਟੀਆਂ, ਜਥੇਬੰਦੀਆਂ ਜਿਨ੍ਹਾਂ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਸਮਰਥਨ ਦਿੱਤਾ ਗਿਆ ਹੈ ਇਹ ਸਾਰੇ ਸਾਂਝੇ ਰੂਪ ਵਿੱਚ ਸ੍ਰੀ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਵੇਰੇ 11.00 ਵਜੇ ਪਹੁੰਚਣਗੀਆਂ। ਜਿਸ ਵਿੱਚ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲਬਾਤ ਕਰਨਗੀਆਂ।
ਕੰਵਰਬੀਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਪਿਛਲੇ 38 ਦਿਨਾਂ ਤੋਂ ਭੁੱਖ-ਹੜਤਾਲ ਤੇ ਬੈਠੇ ਹਨ ਉਹਨਾਂ ਦੀ ਸਿਹਤ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਲਟਕਦਾ ਜਾ ਰਿਹਾ ਹੈ। ਜਿਸ ਨੂੰ ਜਲਦ ਹੱਲ ਕਰਾਉਣ ਦੀ ਸਖ਼ਤ ਲੋੜ ਹੈ।
ਇਸੇ ਸਬੰਧੀ ਹੀ 22 ਦਸੰਬਰ ਨੂੰ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੀਆਂ ਹਨ ਤਾਂ ਜੋ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਕੇ ਅਗਲੇਰੇ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਜਾਣਕਾਰੀ ਲਈ ਜਾ ਸਕੇ। ਕਿਉਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪਿੱਛੇ ਸਮੇਂ ਵਿੱਚ ਰੱਖੀ ਆਪਣੀ ਭੁੱਖ ਹੜਤਾਲ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਹੀ ਖਤਮ ਕੀਤੀ ਸੀ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਰੰਤ ਕੇਂਦਰ ਤੱਕ ਪਹੁੰਚ ਕਰਕੇ ਇਸ ਮਸਲੇ ਦੇ ਸਾਰਥਿਕ ਹੱਲ ਕੱਢਣ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਜਿਹੜੇ ਸਿੰਘ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਆਪਣੇ ਅਧਾਰ ਤੇ ਤਰੁੰਤ ਰਿਹਾਅ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਚਾਹੁੰਦੀ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਅੱਜ ਕੌਮ ਦੀ ਅੱਗੇ ਵੱਧ ਕੇ ਅਗਵਾਈ ਕਰਨ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਸੀਨੀ:ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਾਰ ਸਿੰਘ ਖਾਲਸਾ, ਜਸਬੀਰ ਸਿੰਘ ਖਾਲਸਾ, ਸੁਰਜੀਤ ਸਿੰਘ ਗਿੱਲ, ਆਈ.ਐਸ.ਓ ਆਗੂ ਗੁਰਮਨਜੀਤ ਸਿੰਘ , ਮਨਬੀਰ ਸਿੰਘ ਖਹਿਰਾ, ਸੰਦੀਪ ਸਿੰਘ ਖਾਲਸਾ, ਗੁਰਦੀਪ ਸਿੰਘ ਗੋਲਡੀ, ਜਗਮੋਹਨ ਸਿੰਘ ਸ਼ਾਂਤ, ਬਲਵਿੰਦਰ ਸਿੰਘ, ਬਿਕਰਮ ਸਿੰਘ, ਗੁਰਿੰਦਰ ਸਿੰਘ ਸ਼ਾਂਤ, ਹਰਜੋਤ ਸਿੰਘ, ਬਾਬਾ ਰਸਾਲ ਸਿੰਘ, ਬਾਬਾ ਗੁਰਚਰਨ ਸਿੰਘ, ਮਨਜੀਤ ਸਿੰਘ ਪੰਛੀ, ਮਨਦੀਪ ਸਿੰਘ ਸਮੇਤ ਅਨੇਕਾਂ ਆਗੂ ਹਾਜ਼ਰ ਸਨ।



