ਹੁਸ਼ਿਆਰ ਤੇ ਹੋਣਹਾਰ ਕੁਲਜੀਤ ਨੇ ਉਚ-ਸਿੱਖਿਆ ਚੰਗੇ ਨੰਬਰ ਲੈ ਕੇ ਪ੍ਰਾਪਤ ਕਰ ਲਈ। ਆਪਣੀ ਇੱਛਾ ਮੁਤਾਬਿਕ ਵਿਆਹ ਕਰਾਉਣ ਲਈ ਜਮਾਈ ਜਸਵੰਤ ਸਿੰਘ ਬਾਰੇ ਸਭ ਕੁਝ ਸੱਚ ਦੇਸ ਕੇ ਆਪਣੀ ਨਵੀਂ ਜ਼ਿੰਦਗੀ ਦਾ ਹਮਸਫ਼ਰ ਬਨਾਉਣ ਲਈ ਮਾਪਿਆਂ ਤੋਂ ਆਗਿਆ ਮੰਗੀ। ਕੁਲਜੀਤ ਦੇ ਮਨ ਵਿੱਚ ਇਕ ਰੀਝ ਪਨਪ ਰਹੀਸੀ। ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਾਂਗੀ। ਮਾਪਿਆਂ ਤੇ ਪਰਿਵਾਰਕ ਮੈਂਬਰਾਂ ਨੇ ਕੁਲਜੀਤ ਦੀ ਜਿੰਦ ਨੂੰ ਭਾਂਪਦਿਆਂ ਮੁੰਡਾ ਜਾਤ-ਬਰਾਦਰੀ ਦਾ ਹੋਣ ਕਰਕੇ ਰਿਸ਼ਤਾ ਪੱਕਾ ਕਰਕੇ ਵਿਆਹ ਦੀ ਤਰੀਕ ਤੈਅ ਕਰ ਦਿੱਤੀ। ਦੋਵੇਂ ਪਰਿਵਾਰਾਂ ਨੇ ਵਿਆਹ ਬੜੀ ਦੂਮ-ਧਾਮ ਤੇ ਸਮਾਜਿਕ ਰੀਤੀ ਰਿਵਾਜਾਂ ਨਾਲ ਚਾਈ-ਚਾਈ ਕੀਤਾ। ਪ੍ਰਤੂੰ ਕੁਲਜੀਤ ਦੇ ਮਾਪਿਆਂ ਤੇ ਭੈਣ ਭਰਾਵਾਂ ਨੇ ਏਕਾ ਕਰਕੇ ਮਨ ਵਿਚ ਪੱਕੀ ਧਾਰ ਲਈ ਅਸੀਂ ਜੀਤੋ ਨਾਲ ਕੋਈ ਸਬੰਧ ਤੇ ਵਰਤਾਰਾ ਨਹੀਂ ਰੱਖਣਾ। ਇਸ ਗੱਲ ਦਾ ਪਤਾ ਉਸ ਨੂੰ ਆਪਣੀ ਮਾਂ ਕੋਲੋਂ ਲੱਗ ਚੁੱਕਾ ਸੀ। ਅਜੇ ਕੁਲਜੀਤ ਦੇ ਹੱਥਾਂ ਦੀ ਮੈਂਹਦੀ ਤੇ ਸੁਹਾਗ ਚੂੜੇ ਦਾ ਰੰਗ ਫਿੱਕਾ ਨਹੀਂ ਸੀ ਪਿਆ, ਉਸ ਨੇ ਆਪਣੇ ਪਤੀ ਦੇ ਪੱਕਾ ਨਸ਼ੇੜੀ ਬਾਰੇ ਪਤਾ ਲੱਗ ਗਿਆ। ਕੁਲਜੀਤ ਨੇ ਆਪਣੇ ਪਤੀ ਜਸਵੰਤ ਨੂੰ ਸਮਝਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ। ਤੇ ਕਿਹਾ ਕਿ ਮੈਂ ਸਿਰਫ਼ ਤੁਹਾਡੇ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਹੈ। ਤੁਸੀਂ ਆਪਣੀਆਂ ਮਾੜੀਆਂ ਆਪਤਾਂ ਨੂੰ ਅਲਵਿਦਾ ਕਹਿ ਦੇਵੋ ਇਸੇ ਵਿਚ ਹੀ ਪਰਿਵਾਰ ਦੀ ਭਲਾਈ ਹੈ। ਪਰ ਕੁਲਜੀਤ ਦੇ ਸਾਰੇ ਯਤਨ ਅਸਫਲ ਰਹੇ। ਹੁਣ ਕੁਲਜੀਤ ਨੂੰ ਆਪਣੇ ਮਾਂ-ਪਿਉ, ਭੈਣ-ਭਰਾਵਾਂ ਦਾ ਸਦੀਵੀਂ ਵਿਛੋੜਾ ਤੇ ਦੂਜਾ ਪਤੀ ਦੀਆਂ ਦਿਨੋ-ਦਿਨ ਵਿਗੜੀਆਂ ਆਦਤਾਂ ਦਾ ਝੋਰਾ ਵੱਢ-ਵੱਢ ਖਾਣ ਲੱਗਾ। ਜਸਵੰਤ ਨੇ ਆਪਣੇ ਨਾਂ ਚੜੀ 3 ਏਕੜ ਜ਼ਮੀਨ ਮਾਤਾ ਤੇ ਪਤਨੀ ਤੋਂ ਚੋਰੀ ਵੇਚ ਕੇ ਸਾਰੀ ਰਕਮ ਨਸ਼ਿਆਂ ਰਾਹੀਂ ਬਰਬਾਦ ਕਰ ਦਿੱਤੀ। ਸਮਾਂ ਆਪਣੀ ਚਾਲੇ ਚਲਦਾ ਰਿਹਾ। ਹੁਣ ਜਸਵੰਤ ਆਪਣੀ ਜਨਮ ਦੇਣ ਵਾਲੀ ਮਾਂ, ਪਤਨੀ, ਦੋਵੇਂ ਮਾਸੂਮ ਲੜਕਿਆਂ ਨੂੰ ਕੁੱਟਣ ਮਾਰਨ ਤੋਂ ਗੁਰੇਜ਼ ਨਹੀਂ
ਸੀ ਕਰਦਾ। ਜਿਸ ਦਾ ਮਾਰੂ ਅਸਰ ਉਸਦੇ ਮਾਸੂਮਾਂ ’ਤੇ ਪੈਣ ਕਾਰਨ ਲੜਕੇ ਸਹਿਮ ਦੇ ਸਾਏ ਹੇਠ ਪਲ ਰਹੇ ਸਨ। ਇਸ ਚਿੰਤਾ ਕਾਰਨ ਪੜ੍ਹੀ ਲਿਖੀ ਕੁਲਜੀਤ ਦਾ ਸਰੀਰ ਸਿਰਫ਼ ਹੱਡੀਆਂ ਦਾ ਪਿੰਜਰ ਬਣ ਗਿਆ। ਉਹ ਆਪਣੀ ਜੁਆਨੀ ’ਚ ਕੀਤੀ ਮਹਾਂਭੁੱਲ ਤੇ ਗਲਤੀ ਬਾਰੇ ਆਪਣੇ ਆਪ ਨੂੰ ਕੋਸਤੀ ਰਹਿੰਦੀ ਸੀ। ਕੁਲਜੀਤ ਨੂੰ ਹੁਣ ਆਪਣਾ ਜੀਵਨ ਪੂਰਨ ਨਰਕ ਦੀ ਤਰ੍ਹਾਂ ਪ੍ਰਤੀਤ ਹੋਣ ਲੱਗਾ ਤੇ ਜ਼ਿੰਦਗੀ ਨਾਲੋਂ ਮੋਹ ਟੁੱਟ ਚੁੱਕਾ ਸੀ। ਉਸ ਨੇ ਕਈ ਵਾਰ ਆਤਮਹੱਤਿਆ ਕਰਨ ਦਾ ਪੱਕਾ ਨਿਸ਼ਚਾ ਕੀਤਾ ਪ੍ਰਤੂੰ ਹਰ ਵਾਰ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਦੋ ਪਲ ਪਹਿਲਾਂ ਆਪਣੇ ਨਿੱਕੜੇ ਮਾਸੂਮ ਪੁੱਤਰਾਂ ਪ੍ਰਤੀ ਮਮਤਾ ਜਾਂਗ ਪੈਂਦੀ ਅਤੇ ਭੁੱਬਾਂ ਮਾਰ ਕੇ ਇੱਕਲੀ ਹੀ ਰੋਈ ਜਾਂਦੀ। ਅਖੀਰ ਨਿਆਣੇ ਬਾਲਾਂ ਦੀ ਜ਼ਿੰਦਗੀ ਬਰਬਾਦ ਹੋ ਜਾਣ ਦੇ ਡਰੋਂ ਸੋਚ ਕੇ ਚਾਹੁੰਦੇ ਹੋਏ ਵੀ ਖੁਦਕੁਸ਼ੀ ਨਹੀਂ ਕਰ ਸਕੀ। ਕੁਲਜੀਤ ਅੱਜ ਵੀ ਇਕ ਮਾਂ ਦਾ ਫਰਜ਼, ਬੱਚਿਆਂ ਪ੍ਰਤੀ ਮੋਹ ਭਿੱਜੀ ਮਮਤਾ ਕਾਰਨ ਨਰ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਤੇ ਬੇਵੱਸ ਚੰਗੇ ਦਿਨ ਆਉਣ ਦੀ ਉਡੀਕ ਵਿੱਚ ਦਿਨ ਕਟੀਆ ਕਰ ਰਹੀ ਹੈ।


