ਸੰਗੀਤ ਜਗਤ ਨਾਲ ਡਾਹਢਾ ਮੋਹ ਰੱਖਣ ਵਾਲੇ ਸਿਰਮੌਰ ਗੀਤਕਾਰ ਪਰਗਟ ਸਿੰਘ ਦੀ ਦੇਖ-ਰੇਖ ਹੇਠ ਰਿਲੀਜ ਹੋ ਰਹੀ ਦਿਲ ਨੂੰ ਟੁੰਬ ਜਾਣ ਵਾਲੇ ਮਾਖਿਓ ਮਿੱਠੇ ਗੀਤਾਂ ਦਾ ਖੂਬਸੂਰਤ ਤੋਹਫ਼ਾ ਅਤੇ ਲਾਸਾਨੀ ਮੰਨੋਰੰਜਨ ਦਾ ਮੁਜੱਸਮਾ ਹੈ, ਗੁਰਨੂਰ ਤੇ ਮਾਹੀ ਮਾਨ ਦੀ ਐਲਬਮ ‘ਸੁਪਨੇ’।ਸੰਗੀਤ ਦੀਆਂ ਬਰੂਹਾਂ ਤੇ ਦਸਤਕ ਦੇਣ ਜਾ ਰਹੀ ਇਸ ਗਾਇਕ ਜੋੜੀ ਅਤੇ ਐਲਬਮ ਤੋਂ ਸਰੋਤਿਆਂ ਨੂੰ ਬਹੁਤ ਸਾਰੀਆ ਆਸਾਂ ਹਨ। ਕਿਉਂਕਿ ਪੰਜਾਬੀ ਗਾਇਕੀ ਦੇ ਪ੍ਰਦੂਸ਼ਣ ਭਰੇ ਮਾਹੌਲ ਵਿਚ ਵੱਡੀ ਆਸ ਦੀ ਕਿਰਨ ਲੈ ਕੇ ਸੁਹਿਰਦ ਗਾਇਕ ਜੋੜੀ ਗੁਰਨੂਰ ਤੇ ਮਾਹੀ ਮਾਨ ਅਗਲੇ ਦਿਨੀਂ ‘ਸੁਪਨੇ3ਦਾ ਡਰੀਮਜ਼’ ਨਾਲ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਹੋ ਰਹੇ ਹਨ। ਇਸ ਜੋੜੀ ਦੀ ਸਭ ਤੋਂ ਪਹਿਲੀ ਖਾਸੀਅਤ ਤਾਂ ਇਹ ਹੈ ਕਿ ਦੋਵੇਂ ਇਸ ਖੇਤਰ ਵਿਚ ਪੈਸਾ ਕਮਾਉਣ ਲਈ ਨਹੀਂ, ਸਗੋਂ ਸਭਿਆਚਾਰ ਸੰਗੀਤ ਦੇ ਖੇਤਰ ‘ਚ ਚੰਗੀ ਪਿਰਤ ਪਾਉਣ ਦੇ ਮਨੋਰਥ ਨਾਲ ਦਾਖ਼ਲ ਹੋ ਰਹੇ ਹਨ। ਦੂਜਾ ਉਨ੍ਹਾਂ ਦੇ ਪਿੱਛੇ ਸ਼ਮਸ਼ੇਰ ਸੰਧੂ, ਪਰਗਟ ਸਿੰਘ, ਅਤੁੱਲ ਸ਼ਰਮਾ, ਤੇਜਵੰਤ ਕਿੱਟੂ, ਬਚਨ ਬੇਦਿਲ, ਉਸਤਾਦ ਰਵੀ ਸ਼ਰਮਾ, ਦੀਪਕ ਬਾਲੀ, ਵਾਰਿਸ ਭਰਾ, ਅਮਰਦੀਪ ਸਿੰਘ ਗਿੱਲ, ਗੁਰਵਿੰਦਰ ਬਰਾੜ, ਸੰਗੀਤਕਾਰ ਜੁਆਏ ਅਤੁੱਲ ਵਰਗੀਆਂ ਨਾਮਵਰ ਸ਼ਖ਼ਸੀਅਤਾਂ ਚਟਾਨ ਦੀ ਤਰ੍ਹਾਂ ਖੜ੍ਹੀਆਂ ਹਨ। ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰ ਰਿਹਾ ਹੈ, ਜਦੋਂ ਕਿਸੇ ਇਕ ਐਲਬਮ ਵਿਚ ਸ਼ਮਸ਼ੇਰ ਸੰਧੂ, ਬੰਟੀ ਬੈਂਸ, ਗੁਰਵਿੰਦਰ ਬਰਾੜ, ਪਿੰਦਰ ਮਾਨ ਅਤੇ ਅਜੀਤਪਾਲ ਜੀਤੀ ਵਰਗੇ ਸਿਰਕੱਢ ਗੀਤਕਾਰਾਂ ਦੇ ਗੀਤ ਇਕੱਠੇ ਰਿਲੀਜ਼ ਹੋ ਰਹੇ ਹਨ। ਵੱਡੀ ਗੱਲ ਇਹ ਵੀ ਹੈ ਕਿ ਨਿਰਮਾਤਾ ਐ ੱਚ ਸਿੰਘ ਸਰੀਨ ਵੱਲੋਂ ‘ਸੁਪਨੇ
’ ਟਾਈਟਲ ਤਹਿਤ ਰਿਲੀਜ਼ ਕੀਤੀ ਜਾ ਰਹੀ ਇਸ ਐਲਬਮ ਵਿਚ ਹਰ ਗੀਤ ਸਾਰਥਿਕ ਹੈ ਅਤੇ ਦੋਗਾਣਿਆਂ ਵਾਲੀ ਦੋਅਰਥੀ ਗੱਲ ਜਾਂ ਅਸ਼ਲੀਲਤਾ ਨੇੜੇ-ਤੇੜੇ ਵੀ ਨਹੀਂ। ਚੰਗੀ ਵਿੱਦਿਅਕ ਤਾਲੀਮ ਹੋਣ ਕਾਰਣ ਇਸ ਜੋੜੀ ਦੀ ਪੇਸ਼ਕਾਰੀ ਵੀ ਕਮਾਲ ਦੀ ਹੈ। ਜਿਸ ਸਦਕਾ ਸ਼ਹਿਰੀ ਵਰਗ ਵਿਚ ਵੀ ਉਨ੍ਹਾਂ ਦੇ ਪ੍ਰਵਾਨ ਹੋਣ ਦੀ ਪੂਰੀ-ਪੂਰੀ ਉਮੀਦ ਰੱਖੀ ਜਾ ਸਕਦੀ ਹੈ। ਇਸ ਜੋੜੀ ਨੇ ਲਗਾਤਾਰ ਇਕ ਸਾਲ ਮਿਹਨਤ ਕਰਕੇ ‘ਸੁਪਨੇ’ ਐਲਬਮ ਰਿਕਾਰਡ ਕਰਵਾਈ ਹੈ। ਇਸ ਐਲਬਮ ਦੇ ਗੀਤ ‘ਥੋੜੀ ਦੇਰ ਠਹਿਰ ਜਾ ਨੀ ਜਾਨੇ ਮੇਰੀਏ, ਐ ੱਮ ਬੀ ਏ ਤੂੰ ਕਰ ਗਿਆ ਮੈਨੂੰ ਮਿਲਣ ਵਧਾਈਆਂ’ ਅਤੇ ‘ਨਜ਼ਰਾਂ ਲਾਉਣਗੀਆਂ ਕੁੜੀਆਂ’ ਦੇ ਵੀਡੀਓ ਬਹੁਤ ਹੀ ਖੂਬਸੂਰਤ ਢੰਗ ਨਾਲ ਤਿਆਰ ਕੀਤੇ ਗਏ ਹਨ।
ਸੰਗੀਤਕ ਖੇਤਰ ਨਾਲ ਜੁੜੇ ਲੋਕ ਤਾਂ ਪਹਿਲਾਂ ਹੀ ਜਾਣਦੇ ਹਨ ਕਿ ਗੁਰਨੂਰ ਜਿਸ ਕੰਮ ਨੂੰ ਵੀ ਹੱਥ ਪਾਵੇ, ਪੱਟੂ ਸਿਰੇ ਲਗਾ ਕੇ ਹੱਟਦਾ ਹੈ ਅਤੇ ਅਜਿਹੀ ਫ਼ਿਤਰਤ ਹੀ ਮਾਹੀ ਮਾਨ ਦੀ ਹੈ। ਇਸ ਵਕਤ ਇਹ ਦੋਵੇਂ ਜਣੇ ਪੂਰੀ ਦੁਨੀਆਂ ਨੂੰ ਭੁੱਲ ਕੇ ਸੰਗੀਤਕ ਖੇਤਰ ਵਿਚ ਆਪਣੀ ਸਥਾਪਤੀ ਨੂੰ ਹੀ ਸਭ ਕੁਝ ਮੰਨ ਕੇ ਚੱਲ ਰਹੇ ਹਨ। ਗੀਤਕਾਰ ਸ਼ਮਸ਼ੇਰ ਸੰਧੂ ਦਾ ਕਹਿਣਾ ਹੈ ਕਿ ਪੰਜਾਬੀ ਗਾਇਕੀ ਵਿਚ ਇਕ ਸਮਰੱਥ ਦੋਗਾਣਾ ਜੋੜੀ ਦੀ ਘਾਟ ਲੰਬੇ ਸਮੇਂ ਤੋਂ ਰੜਕ ਰਹੀ ਸੀ, ਜਿਸ ਨੂੰ ਗੁਰਨੂਰ ਤੇ ਮਾਹੀ ਮਾਨ ਸਹਿਜੇ ਹੀ ਪੂਰਾ ਕਰਨਗੇ।
ਗੁਰਨੂਰ ਤੇ ਮਾਹੀ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਰਾਤੋਂ-ਰਾਤ ਸਟਾਰ ਬਣਨ ਦੀ ਕੋਈ ਦੌੜ ਨਹੀਂ ਹੈ, ਸਗੋਂ ਉਹ ਪੱਕੇ ਪੈਰੀਂ ਇਸ ਖੇਤਰ ਵਿਚ ਆਪਣੀ ਦਸਤਕ ਦੇਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਉਸਤਾਦ ਰਵੀ ਸ਼ਰਮਾ ਵੱਲੋਂ ਲਗਾਤਾਰ ‘ਸੁਪਨੇ’ ਐਲਬਮ ਲਈ ਬੜੀ ਮਿਹਨਤ ਕਰਵਾਈ ਜਾ ਰਹੀ ਸੀ ਤੇ ਸੰਗੀਤਕਾਰ ਜੁਆਏ ਅਤੁੱਲ ਨੇ ਉਚੇਚੇ ਤੌਰ ’ਤੇ ਇਸ ਐਲਬਮ ਦਾ ਸੰਗੀਤ ਸਜਾਇਆ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਗਾਇਕੀ ਵਿਚ ਕਿਸੇ ਵਰਗਾ ਨਹੀਂ ਬਣਨਾ ਚਾਹੁੰਦੇ ਅਤੇ ਨਾ ਹੀ ਕਿਸੇ ਦੇ ਮੁਕਾਬਲੇ ਵਿਚ ਆਪਣੀ ਐਲਬਮ ਰਿਲੀਜ਼ ਕਰ ਰਹੇ ਹਨ।ਉਨ੍ਹਾਂ ਆਖਿਆ ਕਿ ਤਨਦੇਹੀ ਨਾਲ ਕੀਤੀ ਸਖ਼ਤ ਮਿਹਨਤ ਸਦਕਾ ਸਾਨੂੰ ਵਿਸ਼ਵਾਸ ਹੈ, ਕਿ ਸੰਗੀਤ ਦੇ ਪ੍ਰੇਮੀ ਸਾਨੂੰ ਜਰੂਰ ਬੇਪਨਾਹ ਮੁਹੱਬਤ ਬਖਸ਼ਣਗੇ। ਇਕ ਸਵਾਲ ਦੇ ਜਵਾਬ ਵਿਚ ਗੁਰਨੂਰ ਤੇ ਮਾਹੀ ਮਾਨ ਨੇ ਦੱਸਿਆ ਕਿ ਸਾਡੇ ਕਾਮਯਾਬ ਹੋਣ ਦਾ ਇਕ ਹੋਰ ਵੱਡਾ ਕਾਰਨ ਪਹਿਲਾ ਸਾਡੀ ਪੂਰੀ ਟੀਮ ਦਾ ਇਮਾਨਦਾਰ ਹੋਣਾ ਵੀ ਹੈ। ਉਨ੍ਹਾਂ ਆਖਿਆ ਕਿ ਸਾਡੀ ਸਾਰੀ ਟੀਮ ਨੂੰ ਇਸ ਐਲਬਮ ਦਾ ਬਿਨਾਂ ਕਿਸੇ ਖ਼ੁਦਗਰਜੀ ਤੋਂ ਕਿਸੇ ਤਿਓਹਾਰ ਜਾਂ ਕਹਿ ਲਵੋ ਬਈ ਵਿਆਹ ਜਿੰਨਾ ਚਾਅ ਹੈ।ਜ਼ਿਕਰਯੋਗ ਹੈ ਕਿ ਗੁਰਨੂਰ ਕੋਲ ਸੰਗੀਤਕ ਖੇਤਰ ਦਾ ਤਕਰੀਬਨ 10 ਸਾਲ ਦਾ ਤਜਰਬਾ ਹੈ ਅਤੇ ਮਾਹੀ ਨਾਮੀ ਸੰਗੀਤਕ ਚੈਨਲਾਂ ਦੇ ਮੁਕਾਬਲਿਆਂ ਵਿਚ ਆਪਣੇ ਫ਼ਨ ਦਾ ਮੁਜ਼ਾਹਰਾ ਬਹੁਤ ਵਾਰ ਕਰ ਚੁੱਕੀ ਹੈ।ਗੁਰਨੂਰ ਦਾ ਪਿੰਡ ਧੂਰਕੋਟ ਹੈ, ਜੋ ਬਰਨਾਲਾ ਜ਼ਿਲ੍ਹੇ ਵਿਚ ਪੈਂਦਾ ਹੈ ਤੇ ਮਾਹੀ ਮਾਨ ਮਾਨਸਾ ਦੀ ਜੰਮਪਲ ਹੈ। ਗੁਰਨੂਰ ਪੰਜਾਬ ਸਰਕਾਰ ਦਾ ਕਲਾਸ ਵਨ ਅਫਸਰ ਵੀ ਹੈ ਤੇ ਮਾਹੀ ਬੀ, ਏ.ਬੀ.ਐ ੱਡ ਕਰਨ ਤੋਂ ਬਾਅਦ ਅੱਜ-ਕੱਲ੍ਹ ਐ ੱਮ. ਏ. ਅੰਗਰੇਜ਼ੀ ਦੀ ਵਿਦਿਆਰਥਣ ਹੈ। ਆਸ ਹੈ ਕਿ ‘ਸੁਪਨੇ’ ਐਲਬਮ ਦੀ ਸਮੁੱਚੀ ਟੀਮ ਦੇ ਸੁਪਨੇ ਸਾਡੇ ਸੂਝਵਾਨ ਸਰੋਤੇ ਆਉਣ ਵਾਲੇ ਦਿਨਾਂ ’ਚ ਜਰੂਰ ਸੱਚ ਕਰਕੇ ਵਿਖਾਉਣਗੇ।
– ਤਰਸੇਮ ਮਹਿਤੋ,
ਪਿੰਡ : ਬਈਏਵਾਲ (ਸੰਗਰੂਰ)
ਸੰਪਰਕ : 98767-06580


