ਚੰਡੀਗੜ੍ਹ, 10 ਦਸੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਸਿੱਖਾਂ ਦੇ ਤਿੰਨ ਤਖ਼ਤਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਪ੍ਰਾਜੈਕਟ ਵਜੋਂ ਮਾਨਤਾ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਇਸ ਮਾਰਗ ਨੂੰ ਵਿਕਸਤ ਕਰਨ ਦੇ ਦੂਜੇ ਪੜਾਅ ਵਿੱਚ ਤੇਜ਼ੀ ਲਿਆਂਦੀ ਜਾਵੇ ਕਿਉਂ ਜੋ ਇਹ ਮਾਰਗ ਕੌਮੀ ਏਕਤਾ, ਅਖੰਡਤਾ ਤੇ ਮਾਣ ਦਾ ਪ੍ਰਤੀਕ ਹੈ ਜਿਸ ਲਈ ਗੁਰੂ ਸਾਹਿਬ ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਮੁੱਖ ਮੰਤਰੀ ਛੇਤੀ ਹੀ ਇਸ ਮਸਲਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਚੁੱਕਣਗੇ ਤਾਂ ਕਿ ਇਸ ਸੜਕੀ ਪ੍ਰਾਜੈਕਟ ਨੂੰ ਆਲ੍ਹਾ ਦਰਜੇ ਦਾ ਕੌਮੀ ਪ੍ਰਾਜੈਕਟ ਬਣਾਇਆ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਇਹ ਮਾਰਗ ਸਾਡੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਦਾ ਇਕ ਹਿੱਸਾ ਹੈ ਜੋ ਜ਼ੁਲਮ, ਜਬਰ ਤੇ ਗੁਲਾਮੀ ਤੋਂ ਦੇਸ਼ ਦੀ ਅਣਖ ਅਤੇ ਸਿਆਸੀ ਆਜ਼ਾਦੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਮਾਰਗ ਨੂੰ ਕੌਮੀ ਮਾਣ ਤੇ
ਸ਼ਾਨ ਦੇ ਪ੍ਰਤੀਕ ਵਜੋਂ ਵਿਕਸਤ ਕੀਤਾ ਜਾਵੇ।ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਲਈ ਇਕ ਉਚ ਪੱਧਰੀ ਮੀਟਿੰਗ ਬੁਲਾਉਣ ਜਿਸ ਵਿੱਚ ਕੇਂਦਰੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਤੋਂ ਇਲਾਵਾ ਉਨ੍ਹਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣ ਜਿਨ੍ਹਾਂ ਸੂਬਿਆਂ ਰਾਹੀਂ ਇਹ ਮਾਰਗ ਗੁਜ਼ਰਦਾ ਹੈ। ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਉਸ ਮੀਟਿੰਗ ਉਪਰੰਤ ਆਈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਜੋੜਨ ਵਾਲੇ ਇਸ ਅਹਿਮ ਮਾਰਗ ਦੇ ਵਿਕਾਸ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਰਗ ਦਾ 588 ਕਿਲੋਮੀਟਰ ਹਿੱਸਾ ਪੰਜਾਬ ਵਿੱਚੋਂ ਗੁਜ਼ਰਦਾ ਹੈ ਜਿਸ ਰਾਹੀਂ ਦਸਮੇਸ਼ ਪਿਤਾ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਗਏ ਸਨ ਜਿਸ ਕਰਕੇ ਵਿਸ਼ਵ ਭਰ ਦੇ ਸਿੱਖਾਂ ਵੱਲੋਂ ਜਜ਼ਬਾਤੀ ਤੇ ਰੂਹਾਨੀ ਮਹੱਤਤਾ ਦਾ ਮਾਰਗ ਮੰਨਿਆ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਦਾ ਜੀਵਨ ਬੇਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਦੀ ਦਾਸਤਾਨ ਹੈ।
ਕੌਮੀ ਨਕਸ਼ੇ ’ਤੇ ਇਹ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਪੰਜਾਬ ਵਿੱਚ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਮਹਾਰਾਸ਼ਟਰ ਤੱਕ ਚਲਦਾ ਹੈ। ਇਸ ਮਾਰਗ ਦਾ 1123.30 ਕਿਲੋਮੀਟਰ ਹਿੱਸਾ ਰਾਜਸਥਾਨ ਵਿੱਚ, 690.90 ਕਿਲੋਮੀਟਰ ਹਿੱਸਾ ਕੌਮੀ ਸ਼ਾਹਰਾਹ, 163.90 ਕਿਲੋਮੀਟਰ ਹਰਿਆਣਾ, 630.20 ਕਿਲੋਮੀਟਰ ਮੱਧ ਪ੍ਰਦੇਸ਼, 362.40 ਕਿਲੋਮੀਟਰ ਮਹਾਰਾਸ਼ਟਰ, 18 ਕਿਲੋਮੀਟਿਰ ਦਿੱਲੀ ਅਤੇ 177 ਕਿਲੋਮੀਟਿਰ ਉ¤ਤਰ ਪ੍ਰਦੇਸ਼ ਵਿੱਚ ਪੈਂਦਾ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਤਲਵੰਡੀ ਸਾਬੋ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਦਾ ਇਹ ਮਾਰਗ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ ਹੈ ਅਤੇ ਇਸ ਨੂੰ ਵਿਕਸਤ ਕਰਨ ਦੇ ਕੰਮ ਨੂੰ ਛੇਤੀ ਹੀ ਨੇਪਰੇ ਚਾੜ੍ਹਨ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਚੱਲ ਰਹੇ ਇਸ ਕੰਮ ਦੇ ਪਹਿਲੇ ਪੜਾਅ ਨੂੰ ਛੇਤੀ ਮੁਕੰਮਲ ਕਰਨ। ਇੱਥੇ ਇਹ ਕਾਬਲੇਗੌਰ ਹੈ ਕਿ ਤਲਵੰਡੀ ਸਾਬੋ ਤੋਂ ਹਜ਼ੂਰ ਸਾਹਿਬ ਤੱਕ ਦੇ ਦੂਜੇ ਪੜਾਅ ਦੇ ਕੰਮ ਲਈ ਅਗਾਊਂ ਸਰਵੇਖਣ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਉਦੋਂ ਕੀਤੀ ਗਈ ਹੈ ਜਦੋਂ ਇਸ ਪ੍ਰਾਜੈਕਟ ਵਿੱਚ ਕੁਝ ਸੂਬਿਆਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੇ ਮਾਹਿਰਾਂ ਨੇ ਹਾਲ ਹੀ ਵਿੱਚ ਇਸ ਮਾਰਗ ਦੇ ਦੂਜੇ ਪੜਾਅ ਦੇ ਰਸਤੇ ਦਾ ਮੁਆਇਨਾ ਕੀਤਾ ਸੀ ਅਤੇ ਉਨ੍ਹਾਂ ਹਿੱਸਿਆਂ ਦੀ ਸ਼ਨਾਖ਼ਤ ਕੀਤੀ ਸੀ ਜਿਨ੍ਹਾਂ ਨੂੰ ਸਬੰਧਤ ਸੂਬਿਆਂ ਦੀ ਸਰਕਾਰਾਂ ਵੱਲੋਂ ਮਜ਼ਬੂਤ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਇਸ ਰਸਤੇ ਦੇ ਨਾਲ-ਨਾਲ ਲਾਉਣ ਲਈ ਮੀਲਪੱਥਰ ਅਤੇ ਜਗ੍ਹਾ ਬਾਰੇ ਜਾਣੂੰ ਕਰਵਾਉਂਦੇ ਬੋਰਡ ਦਾ ਡਿਜ਼ਾਇਨ ਤਿਆਰ ਕਰਵਾਉਣ ਤਾਂ ਕਿ ਇਨ੍ਹਾਂ ਥਾਵਾਂ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਸਕੇ।



