ਬਰਨਾਲਾ, 8 ਦਸੰਬਰ (ਹਰਵਿੰਦਰ ਕੌਰ ਖੁੱਡੀ ਕਲਾਂ)- ‘‘ਪੰਜਾਬ ਭਾਜਪਾ ਵੱਲੋਂ ਜਾਰੀ ਮਹੀਨਾਵਾਰ ਮੈਗਜ਼ੀਨ ਵਿਚ ਜੋ ਅਕਾਲੀ ਦਲ ਅਤੇ ਇਕ ਡੀ.ਜੀ.ਪੀ. ’ਤੇ ਆਪਣੀ ਲਿਖਤ ਦੌਰਾਨ ਹਮਲਾ ਬੋਲਿਆ ਹੈ। ਪੰਜਾਬ ਸਰਕਾਰ ਦੇ ਮੁਖੀ ਉਸ ਗੱਲ ਦਾ ਸਪਸ਼ਟੀਕਰਨ ਦੇਣ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਬਣਾਏ ਅਬਜ਼ਰਵਰ ਸ. ਗੁਰਕੀਰਤ ਸਿੰਘ ਕੋਟਲੀ ਨੇ ਹਲਕਾ ਬਰਨਾਲਾ ਦੇ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਕਾਂਗਰਸੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵੱਲੋਂ ਜਾਰੀ ਇਕ ਮੈਗਜ਼ੀਨ ਵਿਚ ਦਰਸਾਇਆ ਗਿਆ ਹੈ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਕਰੀਬ 20 ਲੱਖ ਬਜ਼ੁਰਗ, ਵਿਧਵਾਵਾਂ, ਅੰਗਹੀਣ ਅਤੇ ਯਤੀਮ ਬੱਚਿਆਂ ਨੂੰ ਲੰਘੀ ਜੁਲਾਈ ਤੋਂ ਬਾਅਦ ਪੈਨਸ਼ਨ ਨਹੀਂ ਮਿਲੀ, ਜਦੋਂ ਕਿ ਇਹ ਪੈਸਾ ਬਿਜਲੀ ਸਪਲਾਈ ਮੁਫ਼ਤ ਦੇਣ ਲਈ ਖਰਚ ਕੀਤਾ ਗਿਆ ਹੈ। ਇਨ੍ਹਾਂ ਵੀਹ ਲੱਖ ਲੋਕਾਂ ਦੀ ਆਵਾਜ਼ ਬਹੁਤ ਗੰਭੀਰ ਸਮੱਸਿਆ ਬਣ ਸਕਦੀ ਹੈ। ਇਨ੍ਹਾਂ ਦੀਆਂ ਲਾਗੂ ਪੈਨਸ਼ਨਾਂ ਨੂੰ ਤੁਰੰਤ ਠੋਸ ਉਪਰਾਲੇ ਕੀਤੇ ਜਾਣ ਆਦਿ ਦੀ ਪੋਲ ਖੋਲ੍ਹਦਿਆਂ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ। ਇਸ ਮੀਟਿੰਗ ਵਿਚ ਹਲਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ
ਪੰਜਾਬ ਵਿਚ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਜਨਤਾ ਨੂੰ ਸਹੂਲਤਾਂ ਦੇਣ ’ਚ ਹਰ ਫਰੰਟ ਉਤੇ ਫੇਲ੍ਹ ਸਿੱਧ ਹੋਈ ਹੈ, ਇਸ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਜੋ ਸਹੂਲਤਾਂ ਦਿੱਤੇ ਜਾਣ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਹ ਵੀ ਨਿਰਾ ਲਿਫਾਫਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀ 3500 ਕਰੋੜ ਤੋਂ ਉਪਰ ਰਾਸ਼ੀ ਦਾ ਅਜੇ ਤੱਕ ਭੁਗਤਾਨ ਨਹੀ ਕੀਤਾ ਹੈ ਜਿਸ ਕਰਕੇ ਕਿਸਾਨਾਂ ਨੂੰ ਆੜ੍ਹਤੀਏ ਸਮੇਂ ਸਿਰ ਰਕਮ ਦਾ ਭੁਗਤਾਨ ਨਹੀਂ ਕਰ ਸਕੇ। ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਰੈਡਿਟ ਲਿਮਿਟ ਜਾਰੀ ਨਹੀਂ ਕੀਤੀ, ਜਿਸ ਕਰਕੇ ਇਹ ਸਾਰੀ ਸਮੱਸਿਆ ਪੈਦਾ ਹੋਈ ਹੈ।



