ਜ¦ਧਰ, 5 ਦਸੰਬਰ (ਮਨਦੀਪ ਸਿੰਘ)- ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਹਿਫਾਜ਼ਤ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਅੱਜ ਸਥਾਨਕ ਪੰਜਾਬ ਸਟੇਟ ਵਾਰ ਮੈਮੋਰੀਅਲ ਵਿਖੇ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ ਜਿਸ ਵਿੱਚ 11 ਕੋਰ ਦੇ ਜਨਰਲ ਆਫੀਸਰ ਕਮਾਂਡਿੰਗ, ਲੈਫ. ਜਨਰਲ ਐਨ.ਪੀ.ਐਸ.ਹੀਰਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਕੇ ਜੰਗੀ ਸ਼ਹੀਦਾਂ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਲੈਫ.ਜਨਰਲ ਐਨ.ਪੀ.ਐਸ.ਹੀਰਾ ਨੇ ਕਿਹਾ ਕਿ ਦੇਸ਼ ਦੀ ਰੱਖਿਆ ਖਾਤਰ ਬਹਾਦਰ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਮੁਲਕ ਦਾ ਹਰ ਵਾਸੀ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਮੁਲਕ ਵਿਸ਼ਵ ਪੱਧਰ ‘ਤੇ ਪੂਰੇ ਮਾਣ ਨਾਲ ਵਿਚਰ ਰਿਹਾ ਹੈ। ਮੁੱਖ ਮਹਿਮਾਨ ਵੱਲੋਂ ਇਸ ਮੌਕੇ ਲਾਭਪਾਤਰੀਆਂ ਨੂੰ ਗਿਫਟ ਅਤੇ ਗਰਾਂਟਾਂ ਦਿੱਤੀਆਂ
ਗਈਆਂ ਅਤੇ ਕੁਝ ਦਾਨਪਾਤਰੀਆਂ ਨੂੰ ਨੇਕ ਕੰਮ ਲਈ ਪਾਏ ਗਏ ਯੋਗਦਾਨ ਲਈ ਸਨਮਾਨਿਤ ਕੀਤਾ। ਉਨ੍ਹਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਤੇ ਸਰਵਿੰਗ ਫੌਜੀਆਂ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਜਲੰਧਰ ਨੂੰ ਉੱਤਮ ਅਤੇ ਮਾਡਲ ਜ਼ਿਲ੍ਹਾ ਆਖਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ, ਵਾਈਸ ਪ੍ਰੈਜੀਡੈਂਟ ਜ਼ਿਲ੍ਹਾ ਸੈਨਿਕ ਬੋਰਡ ਬ੍ਰਿਗੇਡੀਅਰ ਏ.ਐੱਸ.ਮਿਨਹਾਸ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਜਲੰਧਰ ਸ੍ਰੀ ਹਰਵਿੰਦਰ ਪਾਲ ਸਿੰਘ ਨੇ ਵੀ ਜੰਗੀ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਆਵਾ ਪ੍ਰੈਜੀਡੈਂਟ ਸ੍ਰੀਮਤੀ ਕਿਰਨ ਹੀਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਇਸ ਮੌਕੇ ਸੈਨਿਕ ਭਲਾਈ ਦੇ ਖੇਤਰਾਂ ਵਿੱਚ ਕੀਤੇ ਗਏ ਕੰਮਾਂ ਅਤੇ ਜੰਗੀ ਸ਼ਹੀਦਾਂ ਦੀ ਯਾਦਗਾਰ ਦੇ ਰੱਖ ਰਖਾਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹੈੱਡ ਕੁਆਰਟਰ 11 ਕੋਰ ਅਤੇ ਹੋਰ ਮਿਲਟਰੀ ਯੂਨਿਟਾਂ ਵੱਲੋਂ ਦਿੱਤੀ ਗਈ ਮੱਦਦ ਬਾਰੇ ਵੀ ਦੱਸਿਆ।



