- ਫੈਸਲਾ ਸਿੱਖ ਵਿਰੋਧੀ, ਸ਼ਹੀਦ ਸਿੰਘ ਭਾਈ ਹਰਮੰਦਰ ਸਿੰਘ ਦੇ ਕਾਤਲਾਂ ਨੂੰ ਜਲਦੀ ਸਜ਼ਾ ਦਿਓ : ਸੰਤ ਦਾਦੂਵਾਲ
ਬਠਿੰਡਾ,29 ਜੁਲਾਈ (ਅਵਤਾਰ ਸਿੰਘ ਕੈਂਥ )-ਪਿਛਲੇ ਕਈ ਸਾਲਾਂ ਤੋਂ ਡੇਰਾ ਵਿਵਾਦ ਦੇ ਚਲਦਿਆਂ ਸਿਰਸਾ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਅੱਜ ਡੱਬਵਾਲੀ ਵਿਖੇ ਡੇਰਾ ਸਿੱਖ ਵਿਵਾਦ ਦੌਰਾਨ ਹੋਏ ਝੱਗੜੇ ਦੇ ਮਾਮਲੇ ਵਿੱਚ ਸਿੱਖ ਸੰਗਤ ਦੇ ਸੱਤ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਹ ਪੈਦਾ ਹੋ ਗਿਆ। ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਸ ਫੈਸਲੇ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ ਹੈ।

ਇਸ ਬਾਰੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਅਦਾਲਤ ਦਾ ਸਨਮਾਨ ਕਰਨਾ ਸਭ ਦਾ ਫਰਜ਼ ਹੈ ਪਰ ਇਹ ਫੈਸਲਾ ਪੂਰਨ ਰੂਪ ਵਿੱਚ ਸਿੱਖ ਵਿਰੋਧੀ ਹੈ ਅਤੇ ਇਸ ਫੈਸਲੇ ਦੇ ਖਿਲਾਫ਼ ਸਿੱਖ ਜਥੇਬੰਦੀਆਂ ਨਾਲ ਸਲਾਹ ਕਰਕੇ ਅਗਲਾ ਪ੍ਰੋਗ੍ਰਾਮ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਡੱਬਵਾਲੀ ਵਿੱਚ ਡੇਰਾ ਸਿੱਖ ਵਿਵਾਦ ਦੇ ਦੌਰਾਨ ਸ਼ਹੀਦ ਹੋਏ ਸਿੰਘ ਭਾਈ ਹਰਮੰਦਰ ਸਿੰਘ ਦੇ ਕਾਤਲਾਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਪਰ ਉਸ ਦੇ ਕਤਲ ਤੋਂ ਬਾਅਦ ਹੋਈ ਸਾੜ ਫੂਕ ਵਿੱਚ ਸਿੱਖ ਨੌਜਵਾਨਾਂ ਨੂੰ ਸੱਤ-ਸੱਤ ਸਾਲ ਦੀ ਸਜ਼ਾ ਕਰ ਦਿੱਤੀ ਗਈ। ਇਸ ਫੈਸਲਾ ਅਨਿਆ ਪੂਰਨ ਹੈ ਅਤੇ ਇਸ ਫੈਸਲੇ ਦੇ ਖਿਲਾਫ਼ ਉੱਚ ਅਦਾਲਤ ਵਿੱਚ ਅਪੀਲ ਪਾਈ ਜਾਵੇਗੀ। ਉਨ੍ਹਾਂ ਕਿਹਾ ਸਿੱਖ ਜਥੇਬੰਦੀਆਂ ਵੱਲੋਂ ਜੋ ਫੈਸਲਾ ਲਿਆ ਜਾਵੇਗਾ ਉਸ ਅਨੁਸਾਰ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੱਖਾਂ ਨਾਲ ਹਰ ਥਾਂ ‘ਤੇ ਧੱਕਾ ਕਰ ਰਹੀ ਹੈ। ਇਕ ਪਾਸੇ ਤਾਂ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਨਹੀਂ ਸੁਣਾਈ ਗਈ ਜਦੋਂ ਕਿ ਜੋ ਮਾਮਲਾ ਸਿੱਖਾਂ ਉੱਤੇ ਬਣਦਾ ਹੀ ਨਹੀਂ ਸੀ, ਉਸ ਦੀ ਉਨ੍ਹਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਉਨ੍ਹਾਂ ਨੇ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਪੂੰਜੀਪਤੀਆਂ ਤੇ ਡੇਰਾ ਸੱਚਾ ਸੌਦਾ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਥੇ ਉਹ ਅਦਾਲਤ ਦੇ ਇਸ ਫੈਸਲੇ ਵਿਰੁਧ ਹਾਈ ਕੋਰਟ ਵਿੱਚ ਅਪੀਲ ਕਰਨਗੇ, ਉਥੇ ਹੀ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਸੜਕਾਂ ਉੱਤੇ ਤਿੱਖੇ ਪ੍ਰਦਰਸ਼ਨ ਕਰਨਗੇ। ਇਥੇ ਜ਼ਿਕਰਯੋਗ ਹੈ ਕਿ ਡੇਰਾ ਮੁਖੀ ਵੱਲੋਂ ਕਥਿਤ ਤੌਰ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪੋਸ਼ਾਕ ਦੀ ਨਕਲ ਕਰਨ ਨੂੰ ਲੈ ਕੇ ਸਿੱਖ ਸੰਗਤ ਤੇ ਡੇਰਾ ਪ੍ਰੇਮੀਆਂ ਵਿਚਾਲੇ ਪੈਦਾ ਹੋਈ ਤਲਖੀ ਤੋਂ ਬਾਅਦ 18 ਜੁਲਾਈ 2008 ਨੂੰ ਮੰਡੀ ਡੱਬਵਾਲੀ ਵਿਖੇ ਸਿੱਖ ਸੰਗਤ ਤੇ ਡੇਰਾ ਪ੍ਰੇਮੀਆਂ ਵਿਚਕਾਰ ਖ਼ੂਨੀ ਝੜਪ ਹੋ ਗਈ ਸੀ ਜਿਸ ਵਿੱਚ ਇਕ ਸਿੱਖ ਨੌਜਵਾਨ ਹਰਮੰਦਰ ਸਿੰਘ ਦੀ ਮੌਤ ਹੋ ਗਈ ਸੀ ਜਦੋਂ ਕਿ ਇਕ ਡੇਰਾ ਪ੍ਰੇਮੀ ਲੀਲੂ ਰਾਮ ਨੂੰ ਸੱਟਾਂ ਲੱਗੀਆਂ ਸਨ। ਇਸ ਮਾਮਲੇ ਵਿਚ ਪੁਲੀਸ ਨੇ ਸਿੱਖ ਸੰਗਤ ਦੇ ਅੱਠ ਵਿਅਕਤੀਆਂ ਸ਼ਿਵਰਾਜ ਸਿੰਘ ਵਾਸੀ ਅਲੀਕਾਂ, ਗੁਰਪ੍ਰੀਤ ਸਿੰਘ ਵਾਸੀ ਡੱਬਵਾਲੀ, ਗਿਆਨੀ ਉਰਫ਼ ਰਾਜੂ ਵਾਸੀ ਗੋਨਿਆਣਾ ਮੰਡੀ ਬਲਕਰਨ ਸਿੰਘ ਵਾਸੀ ਡੱਬਵਾਲੀ, ਅਮਰਜੀਤ ਸਿੰਘ ਵਾਸੀ ਅਲੀਕਾਂ, ਨਿਰਮਲ ਸਿੰਘ ਵਾਸੀ ਡੱਬਵਾਲੀ ਅਤੇ ਸੋਨੂੰ Àਰਫ਼ ਗੁਰਬਿੰਦਰ ਸਿੰਘ ਵਾਸੀ ਡੱਬਵਾਲੀ ਅਤੇ ਪੱਪੂ ਦੇ ਖ਼ਿਲਾਫ਼ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਿਸ ਦੀ ਸੁਣਵਾਈ ਕਰਦਿਆਂ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਦੀਪ ਸਿੰਘ ਨੇ ਸੱਤ ਵਿਅਕਤੀਆਂ ਨੂੰ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਸੁਣਵਾਈ ਦੌਰਾਨ ਇਕ ਵਿਅਕਤੀ ਪੱਪੂ ਦੀ ਮੌਤ ਹੋ ਗਈ ਸੀ। ਬਠਿੰਡਾ ਸ਼ਹਿਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਅਦਾਲਤ ਦੇ ਇਸ ਫੈਸਲਾ ਤੋਂ ਬਾਅਦ ਪੂਰਨ ਨਿਖੇਧੀ ਵੀ ਕੀਤੀ ਅਤੇ ਅਗਲਾ ਪ੍ਰੋਗਰਾਮ ਉਲੀਕ ਕੇ ਜਲਦੀ ਹੀ ਇਸ ਫੈਸਲੇ ਖਿਲਾਫ਼ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਕਿਉਂਕਿ ਸਿੱਖ ਸੰਗਤ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।



