ਲੋਹਰਦਗਾ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਦੇ ਲੋਹਰਦਗਾ ‘ਚ ਨਕਸਲੀ ਪਿੰਡ ਵਾਲਿਆਂ ਤੋਂ ਬੱਚੇ ਮੰਗ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਆਪਣੇ ਦਸਤੇ ‘ਚ ਸ਼ਾਮਿਲ ਕਰ ਸਕਣ। ਮਾਸੂਮ ਬੱਚਿਆਂ ਨੂੰ ਬੰਦੂਕ ਦੀ ਭਾਸ਼ਾ ਸਿਖਾਉਂਣ ਦੇ ਉਨ੍ਹਾਂ ਦੇ ਇਰਾਦਿਆਂ ਨੇ ਪਿੰਡ ਵਾਲਿਆਂ ‘ਚ ਖੌਫ ਪੈਦਾ ਕਰ ਦਿੱਤਾ ਹੈ। ਲੋਹਰਦਗਾ ਤੇ ਲਾਤੇਹਾਰ ਜ਼ਿਲ੍ਹੇ ਦੀ ਸੀਮਾ ਨਾਲ ਲੱਗਦੇ ਪਿੰਡਾਂ ਦੇ ਲੋਕ ਘਰ ਛੱਡ ਕੇ ਭੱਜਣ ਲੱਗੇ ਹਨ। ਬੱਚਿਆਂ ਨੇ ਸਕੂਲ ਆਉਣਾ ਵੀ ਬੰਦ ਕਰ ਦਿੱਤਾ ਹੈ। ਨਕਸਲੀਆਂ ਨੇ ਲੋਹਰਦਗਾ ਦੇ ਕੁਡੂ ਤੇ ਲਾਤੇਹਾਰ ਜ਼ਿਲ੍ਹੇ ਦੇ ਚੰਦਵਾ ਪ੍ਰਖੰਡ ਦੇ 20 ਪਿੰਡਾਂ ‘ਚ ਹਰ ਘਰ ਤੋਂ ਇੱਕ ਬੱਚੇ ਦੀ ਮੰਗ ਕੀਤੀ ਹੈ। ਮੰਗ ਪੂਰੀ ਨਾ ਕਰਨ ‘ਤੇ ਪਰਿਵਾਰ ਨੂੰ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ। ਨਕਸਲੀ ਬੱਚਿਆਂ ਨੂੰ ਅਗਵਾ ਕਰ ਨਾ ਲੈ ਜਾਣ, ਇਸ ਡਰ ਤੋਂ ਜਿਆਦਾਤਰ ਪਿੰਡ ਵਾਲਿਆਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਹੈ। ਕਈ ਸਕੂਲਾਂ ‘ਚ ਤਾਲੇ ਲਟਕ ਰਹੇ ਹਨ। ਜੋ ਸਕੂਲ ਖੁੱਲੇ ਹਨ, ਉੱਥੇ ਦਹਿਸ਼ਤ ਦੇ ਪਰਛਾਂਵੇ ‘ਚ ਪੜਾਈ ਹੋ ਰਹੀ ਹੈ। ਹਾਲਾਂਕਿ ਪੁਲਿਸ ਨੇ ਇਲਾਕੇ ‘ਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਪਰ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ। ਲੋਹਰਦਗਾ ਦੇ ਪੁਲਿਸ ਕਪਤਾਨ ਸੁਨੀਲ ਭਾਸਕਰ ਨੇ ਦੱਸਿਆ ਕਿ ਬੱਚਿਆਂ ਨੂੰ ਜਬਰਦਸਤੀ ਨਕਸਲੀ ਦਸਤੇ ‘ਚ ਸ਼ਾਮਿਲ ਕਰਨ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਪਣੇ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਰ ਘਰ ‘ਚੋਂ ਇੱਕ ਬੱਚਾ ਚਾਹੀਦਾ ਹੈ ਨਕਸਲੀਆਂ ਨੂੰ



