ਪਰਨੀਤ ਕੌਰ ਕਾਰਜਕਾਰੀ ਸੰਪਾਦਕ
ਵਿਧਾਨ ਸਭਾ ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਸ੍ਰੀ ਅਰਵਿੰਦ ਖੰਨਾ ਦਾ ਨਾਮ ਸਿਆਸੀ ਹਲਕਿਆਂ ਵਿੱਚ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਵੱਖਰੀ ਕਿਸਮ ਦੀ ਸਿਆਸਤ ਨਾਲ ਉਨ੍ਹਾਂ ਨੇ ਆਪਣੀ ਵੱਖਰੀ ਪਹਿਚਾਣ ਸਥਾਪਤ ਕੀਤੀ ਹੈ। ਰਾਜਨੀਤੀ ਦੇ ਨਾਲ ਨਾਲ ਉਨ੍ਹਾਂ ਨੇ ਸਮਾਜਿਕ ਸੇਵਾ ਦੇ ਖੇਤਰ ਰਾਹੀਂ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਲਈ ਨਿਸ਼ਕਾਮ ਯਤਨ ਕੀਤੇ ਗਏ ਹਨ। ਉਹ ਸ਼ਾਇਦ ਪਹਿਲੇ ਸਿਆਸਤਦਾਨ ਹਨ ਜਿਨ੍ਹਾਂ ਨੇ ਨਿੱਜੀ ਯਤਨਾਂ ਅਤੇ ਸਾਧਨਾਂ ਨਾਲ ਆਮ ਲੋਕਾਂ ਦੀ ਪੀੜ੍ਹਾ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਜ਼ਿਲ੍ਹਾ ਸੰਗਰੂਰ ਵਿੱਚ ਬੇਰੁਜ਼ਗਾਰੀ ਅਤੇ ਗਰੀਬੀ ਦਾ ਕੋਈ ਥਾਹ ਨਹੀਂ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ‘ਉਮੀਦ’ ਰਾਹੀਂ ਕਰੋੜਾਂ ਰੁਪਏ ਖਰਚ ਕੇ ਲੋਕਾਂ ਲਈ ਰੁਜ਼ਗਾਰ, ਨਿੱਜੀ ਕੰਮਕਾਰ, ਸਿਹਤ ਸੇਵਾਵਾਂ ਅਤੇ ਸਿੱਖਿਆ ਲਈ ਬਹੁਤ ਜ਼ਿਕਰਯੋਗ ਕੰਮ ਕੀਤਾ ਹੈ। ਖੇਤਰ ਦੇ ਦੌਰੇ ਨਾਲ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ। ਇਸ ਜ਼ਿਲ੍ਹੇ ਦੀਆਂ ਹਜ਼ਾਰਾਂ ਔਰਤਾਂ ਅਤੇ ਨੌਜਵਾਨ ਉਨ੍ਹਾਂ ਦੀ ਬਦੌਲਤ ਰੋਟੀ ਖਾਣ ਜੋਗੇ ਹੋ ਗਏ ਹਨ। ਇਕ ਵੱਡੇ ਉਦਯੋਗਿਕ ਘਰਾਣੇ ਅਤੇ ਪਟਿਆਲਾ ਰਾਜਘਰਾਣੇ ਨਾਲ ਸਬੰਧਤ ਸ੍ਰੀ ਖੰਨਾ ਨੇ ਰਾਜਨੀਤੀ ਵਿੱਚ ਦਾਖਲਾ ਵੀ ਸਮਾਜ ਸੇਵਾ ਨਾਲ ਹੀ ਲਿਆ ਹੈ। ਪਹਿਲਾ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸ ਜ਼ਿਲ੍ਹੇ ਵਿੱਚ ਸਮਾਜਿਕ ਤਬਦੀਲੀ ਲਈ
ਉਨ੍ਹਾਂ ਨੇ ‘ਉਮੀਦ’ ਫਾਉਂਡੇਸ਼ਨ ਦੀ ਸਥਾਪਨਾ ਕੀਤੀ। ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਹੋਏ ਉਮੀਦ ਦੇ ਇਸ ਸਫ਼ਰ ਨੇ ਅੱਜ ਇਕ ਵੱਖਰਾ ਮੁਕਾਮ ਬਣਾ ਲਿਆ ਹੈ। ਆਪਣਾ ਸਥਾਨ ਬਣਾ ਲਿਆ ਹੈ। ‘ਉਮੀਦ’ ਦੇ ਇਸ ਸੁਪਨੇ ਰਾਹੀਂ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ 20 ਪਿੰਡਾਂ ਨੂੰ 4 ਮੋਬਾਇਲ ਡਿਸਪੈਂਸਰੀਆਂ ਨਾਲ ਕਵਰ ਕੀਤਾ ਗਿਆ, ਜੋ ਅੱਜ ਜ਼ਿਲ੍ਹੇ ਦੇ ਪੂਰੇ 550 ਪਿੰਡਾਂ ਲਈ ਜੀਵਨ ਵਰਦਾਨ ਹਨ। ਕਿਹਾ ਜਾਂਦਾ ਹੈ ਕਿ ਸਮਾਜਿਕ ਸੇਵਾ ਵਿੱਚ ਸਿਹਤ ਸੇਵਾਵਾਂ ਸਭ ਤੋਂ ਅਹਿਮ ਅਤੇ ਜ਼ਰੂਰੀ ਅਮਲ ਹਨ। ਇਸੇ ਕਰਕੇ ਸਿਹਤ ਸੇਵਾਵਾਂ ਨੂੰ ‘ਉਮੀਦ’ ਸੰਸਥਾ ਦੀ ਪਹਿਲਕਦਮੀ ਨਾਲ ਸ਼ਹਿਰਾਂ ਤੋਂ ਪਿੰਡਾਂ ਤੱਕ ਪਹੁੰਚਾਇਆ ਗਿਆ। ਅੱਜ ਇਸ ਖੇਤਰ ’ਚ ਹਰ ਵਰਗ ਇਨ੍ਹਾਂ ਸਿਹਤ ਸੇਵਾਵਾਂ ਦਾ ਲਾਹਾ ਲੈ ਰਿਹਾ ਹੈ।
ਪੰਜਾਬ ਦੇ ਬੇਹੱਦ ਪੱਛੜੇ ਜ਼ਿਲ੍ਹੇ ਸੰਗਰੂਰ ਵਿਖੇ ਪੰਜਾਬ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ‘ਉਮੀਦ’ ਦੀ ਸ਼ੁਰੂਆਤ ਹੋਈ। 1997 ਤੋਂ ਸਿਹਤ ਸੇਵਾਵਾਂ ਅਤੇ ਸਮਾਜਿਕ ਸ਼ਕਤੀਕਰਨ ਦਾ ਟੀਚਾ ਲੈ ਕੇ ਸ਼ੁਰੂ ਹੋਈ ਇਹ ਸੰਸਥਾ ਅੱਜ 550 ਪਿੰਡਾਂ ਦੇ 12 ਲੱਖ ਤੋਂ ਵੀ ਵੱਧ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਲਈ ਜੀਵਨ ਸਰੋਤ ਹੈ। ਪੰਜਾਬ ਦੇ ਪੱਛੜ ਚੁੱਕੇ ਪਿੰਡਾਂ ਨੂੰ ਅੱਗੇ ਲਿਜਾ ਕੇ ਸ਼ਹਿਰਾਂ ਦੇ ਬਰਾਬਰ ਖੜ੍ਹੇ ਕਰਨਾ ਹੀ ‘ਉਮੀਦ’ ਦਾ ਮਕਸਦ ਹੈ, ਫਿਰ ਭਾਵੇਂ ਉਹ ਸਿਹਤ ਸੇਵਾਵਾਂ ਹੋਣ ਜਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਉਮੀਦ ਹਰੇਕ ਦੀਆਂ ਉਮੀਦਾਂ ’ਤੇ ਖਰੀ ਉਤਰੀ ਹੈ। ਪਿੰਡਾਂ ਵਿੱਚ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਸਿਹਤ ਸੇਵਾਵਾਂ ਸਸਤੇ ਜਾਂ ਨਾ-ਮਾਤਰ ਲਾਗਤ ਮੁੱਲ ’ਤੇ ਮੁਹੱਈਆ ਕਰਵਾਈਆਂ ਹਨ।
‘ਉਮੀਦ’ ਦੇ ਮੁੱਖ ਟੀਚੇ
ਜ਼ਿਲ੍ਹਾ ਸੰਗਰੂਰ ਵਿੱਚ ਜਿੱਥੇ ਸਿਹਤ ਸੇਵਾਵਾਂ ਪੱਖੋਂ ਮੰਦਹਾਲੀ ਦਾ ਦੌਰ ਸੀ ਉਥੇ ਨੌਜਵਾਨ ਵਰਗ ਲਈ ਰੁਜ਼ਗਾਰ ਨਾ-ਮਾਤਰ ਸੀ। ਇਸ ਦੇ ਨਾਲ-ਨਾਲ ਲੜਕੀਆਂ ਦੀ ਵਿਦਿਆ ਅਤੇ ਰੁਜ਼ਗਾਰ ਬਾਰੇ ਕੋਈ ਖਾਸ ਉਦਮ ਨਹੀਂ ਸੀ ਕੀਤਾ ਗਿਆ। ਇਹੀ ਕਾਰਨ ਸੀ ਇਹ ਜ਼ਿਲ੍ਹਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਮੁਕਾਬਲੇ ਪੱਛੜਦਾ ਜਾ ਰਿਹਾ ਸੀ। ਜਿਸ ਵੇਲੇ ਅਰਵਿੰਦ ਖੰਨਾ ਨੇ ਸੰਗਰੂਰ ਦੀ ਸਾਰ ਲਈ ਤਾਂ ਉਨ੍ਹਾਂ ਨੂੰ ਸੰਗਰੂਰ ਦੇ ਲੋਕਾਂ ਦੀਆਂ ਅਨੇਕਾਂ ਲੋੜਾਂ ਦਾ ਅਹਿਸਾਸ ਹੋਇਆ। ‘ਉਮੀਦ’ ਨੇ ਪਹਿਲਾਂ ਜ਼ਿਲ੍ਹੇ ਵਿੱਚ ਮੌਜੂਦ ਨਾ-ਮਾਤਰ ਸਿਹਤ ਸੇਵਾਵਾਂ ਨੂੰ ਸੁਰਜੀਤ ਕੀਤਾ। ‘ਉਮੀਦ’ ਦਾ ਅਗਲਾ ਨਿਸ਼ਾਨਾ ਨੌਜਵਾਨ ਵਰਗ ਸੀ ਜਿਸ ਅਧੀਨ ਲੜਕੀਆਂ ਦੇ ਮਨੋਬਲ ਨੂੰ ਉਚਾ ਕਰਨ ਲਈ ਵੱਖ-ਵੱਖ ਸਿਖਲਾਈ ਕੋਰਸਾਂ ਦਾ ਉਨ੍ਹਾਂ ਦੇ ਆਪਣੇ ਪਿੰਡਾਂ ਵਿੱਚ ਹੀ ਸ਼ੁਰੂ ਕੀਤਾ ਜਾਣਾ ਸੀ, ਜਿਸ ਵਿਚ ਸਲਾਈ, ਕਢਾਈ, ਬੁਨਾਈ ਵਰਗੀਆਂ ਕਲਾਵਾਂ ਨੂੰ ਸਿਖਾ ਕੇ ਲੜਕੀਆਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਗਏ। ਇਸ ਕੰਮ ਵਿੱਚ ‘ਉਮੀਦ’ ਮਹਿਲਾ ਮੰਚ ਨੇ ਵੱਡਾ ਯੋਗਦਾਨ ਪਾਇਆ। ‘ਉਮੀਦ’ ਮਹਿਲਾ ਮੰਚ ਅਧੀਨ 400 ਦੇ ਕਰੀਬ ਗਰੁੱਪ ਕੰਮ ਕਰਦੇ ਹਨ, ਜੋ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਸਰਗਰਮ ਹਨ। ਇਸ ਪ੍ਰੋਗਰਾਮ ਅਧੀਨ ਇਲਾਕੇ ਦੀਆਂ ਹਜ਼ਾਰਾਂ ਬੀਬੀਆਂ ਅੱਜ ਖੁਦ ਕਮਾ ਕੇ ਰੋਟੀ ਖਾ ਰਹੀਆਂ ਹਨ। ਲੜਕੀਆਂ ਦੇ ਸ਼ਕਤੀਕਰਨ ਤੋਂ ਬਾਅਦ ‘ਉਮੀਦ’ ਦਾ ਅਗਲਾ ਟੀਚਾ ਵਿਹਲੇ ਭਟਕ ਰਹੇ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣਾ ਸੀ ਜੋ ਕੇਵਲ ਵਿਦਿਆ ਅਤੇ ਰੁਜ਼ਗਾਰ ਨਾਲ ਹੀ ਸੰਭਵ ਸੀ। ਨੌਜਵਾਨਾਂ ’ਚ ਵਿਦਿਆ ਪ੍ਰਤੀ ਜਾਗਰੂਕਤਾ ਲਿਆਉਣੀ ਅਤੇ ਆਉਣ ਵਾਲੇ ਭਵਿੱਖ ਵਿੱਚ ਆਉਣ ਵਾਲੀਆਂ ਕਠਿਨਾਈਆਂ ਪ੍ਰਤੀ ਸੁਚੇਤ ਕਰਨਾ, ਤਾਂ ਜੋ ਉਹ ਆਪਣਾ ਸਹੀ-ਗਲਤ ਜਾਣ ਸਕਣ ਹੀ ਇਸ ਸੰਸਥਾ ਦਾ ਟੀਚਾ ਰਿਹਾ ਹੈ।
‘ਉਮੀਦ’ ਅਧੀਨ ਸਿਹਤ ਸੇਵਾਵਾਂ
‘ਉਮੀਦ’ ਵੱਲੋਂ ਹੈਲਥ ਐਟ ਦੀ ਡੋਰ-ਸਟੈਪ : ਹੈਲਥ ਐਟ ਦੀ ਡੋਰ-ਸਟੈਪ ਤੋਂ ਭਾਵ ਹੈ ਸਿਹਤ ਸੇਵਾਵਾਂ ਤੁਹਾਡੇ ਦਰਵਾਜ਼ੇ ਉਪਲਬੱਧ ਕਰਵਾਉਣਾ। ਸਿਹਤ ਸੇਵਾਵਾਂ ਦੇ ਇਸ ਉਦਮ ਤਹਿਤ ਮੋਬਾਇਲ ਵੈਨਾਂ ਦੀ ਇਕ ਅਜਿਹੀ ਟੀਮ ਤਿਆਰ ਕੀਤੀ ਗਈ ਜੋ ਪੱਛੜੇ ਹੋਏ ਪੇਂਡੂ ਇਲਾਕਿਆਂ ਵਿੱਚ ਡਾਕਟਰਾਂ ਅਤੇ ਨਰਸਾਂ ਨੂੰ ਰੋਗੀਆਂ ਤੱਕ ਨਾ ਸਿਰਫ ਪਹੁੰਚਾਉਂਦੀ ਹੈ ਬਲਕਿ ਉਨ੍ਹਾਂ ਦੇ ਤੁਰੰਤ ਇਲਾਜ ਦਾ ਬੀੜਾ ਵੀ ਚੁੱਕਦੀ ਹੈ। ਇਸ ਅਧੀਨ ਚੱਲਣ ਵਾਲੀਆਂ ਮੋਬਾਇਲ ਵੈਨਾਂ ਕਿਸੇ ਵੀ ਮਰੀਜ਼ ਤੋਂ ਕੋਈ ਫੀਸ ਨਹੀਂ ਲੈਂਦੀਆਂ। ਇਸ ਅਧੀਨ ਅੱਜ ਤੱਕ ਪੰਜ ਲੱਖ ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆ ਹੈ। ਇਸ ਵਿੱਚ ਨਾ ਸਿਰਫ ਮੁੱਢਲੀ ਸਿਹਤ ਸੇਵਾਵਾਂ ਸ਼ਾਮਲ ਹਨ, ਬਲਕਿ 35 ਫੀਸਦੀ ਹੋ ਕੇਸ ਹਨ ਜੋ ਵੱਡੇ-ਵੱਡੇ ਸਰਕਾਰੀ-ਅਰਧਸਰਕਾਰੀ ਹਸਪਤਾਲ ਵੀ ਹੱਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ।
ਮੈਗਾ ਮੈਡੀਕਲ ਕੈਂਪ : ‘ਉਮੀਦ’ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਵੱਡੇ-ਵੱਡੇ ਮੈਡੀਕਲ ਕੈਂਪ ਲੜੀਵਾਰ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਕਾਰਡਿਓਲਜੀ, ਡੈਂਟਟਿਸਟਰੀ, ਔਰਥੋਪੈਡਿਕਸ, ਗਾਇਨੋਕੌਲਜੀ ਆਦਿ ਸਭ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਮਰੀਜ਼ਾਂ ਨੂੰ ਸ਼ਹਿਰਾਂ ਵਿੱਚ ਜਾਣ ਦੀ ਜ਼ਰੂਰਤ ਨਾ ਪਵੇ। ਜ਼ਿਲ੍ਹੇ ਦੇ ਤਕਰੀਬਨ 20 ਤੋਂ ਵੀ ਜ਼ਿਆਦਾ ਪਿੰਡਾਂ ਵਿਚ ਇਹ ਕੈਂਪਾਂ ਅਧੀਨ ਹਜ਼ਾਰ ਤੋਂ ਵੱਧ ਮਰੀਜ਼ ਲਾਹਾ ਉਠਾ ਚੁਕੇ ਹਨ। ਉਮੀਦ ਵੱਲੋਂ 7 ਦਿਲ ਦੇ ਰੋਗਾਂ ਦੇ ਕੈਂਪ ਆਯੋਜਿਤ ਕੀਤੇ ਗਏ ਸਨ,ਜਿਸ ਵਿੱਚ ਦਿਲ ਦੇ ਰੋਗਾਂ ਦੇ ਮਸ਼ਹੂਰ ਅਤੇ ਨਾਮੀ ਹਸਪਤਾਲ ਜਿਵੇਂ ਐਸਕੋਰਟਸ ਨਵੀਂ ਦਿੱਲੀ ਸ਼ਾਮਲ ਹੈ ਵੱਲੋਂ ਆਪਣੀਆਂ ਡਾਕਟਰੀ ਟੀਮਾਂ ਭੇਜ ਕੇ ਸੇਵਾ ਵਿੱਚ ਹਿੱਸਾ ਪਾਇਆ ਗਿਆ। ਇਨ੍ਹਾਂ ਕੈਂਪਾਂ ਵਿੱਚ ਮਰੀਜ਼ਾਂ ਨੂੰ ਰੋਗ ਸਬੰਧੀ ਮੁਫਤ ਸਲਾਹ ਦੇ ਨਾਲ-ਨਾਲ ਲੋੜੀਂਦੇ ਟੈਸਟ ਵੀ ਮੌਕੇ ’ਤੇ ਕੀਤੇ ਗਏ। ਉਨ੍ਹਾਂ ਵਿੱਚ ਕੁਝ ਟੈਸਟਾਂ ਦੀ ਕੀਮਤ 30,000 ਰੁਪਏ ਤੋਂ ਜ਼ਿਆਦਾ ਹੈ। ਇਨ੍ਹਾਂ ਕੈਂਪਾਂ ਵਿੱਚ ਅੱਜ ਤੱਕ ਕੁੱਲ 25,00 ਮਰੀਜ਼ਾਂ ਨੇ ਲਾਹਾ ਲਿਆ ਹੈ ਅਤੇ ਤਕਰੀਬਨ 10,000 ਤੋਂ ਵੀ ਜ਼ਿਆਦਾ ਦਿਲ ਦੇ ਰੋਗੀ ਆਪਣੀ ਮੁਫਤ ਚੈਕਅਪ ਕਰਵਾ ਚੁੱਕੇ ਹਨ। ਪਿਛਲੇ 6 ਸਾਲਾਂ ਤੋਂ ਚਾਈਲਡ ਹੈਲਥ ਕੇਅਰ ਪ੍ਰੋਗਰਾਮ ਤਹਿਤ 1,40,000 ਗਰੀਬ ਬੱਚੇ ਮੁਫਤ ਸੇਵਾਵਾਂ ਲੈ ਚੁੱਕੇ ਹਨ। ਹਰ ਸਾਲ 5 ਤੋਂ 7 ਪਿੰਡਾਂ ਕ੍ਰਮਵਾਰ ਜ਼ਿਲ੍ਹੇ ਵਿਚੋਂ ਚੁਣਿਆ ਜਾਂਦਾ ਹੈ, ਜਿਨ੍ਹਾਂ ਨੂੰ ਸੰਪੂਰਨ ਸਿਹਤ ਸੇਵਾਵਾਂ ਪ੍ਰੋਗਰਾਮ ਅਧੀਨ ਮੁਫਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਹਰ ਸਾਲ ਲਗਭਗ 20,000 ਨੌਜਵਾਨ, ਔਰਤਾਂ ਔਸਤਨ ਸੇਵਾਵਾਂ ਲੈਂਦੀਆਂ ਹਨ।
ਜਾਗੂਰਕਤਾ ਪ੍ਰੋਗਰਾਮ :ਉਮੀਦ ਵੱਲੋਂ ਪਿੰਡਾਂ ਵਿੱਚ ਵੱਖ-ਵੱਖ ਨਾਮੁਰਾਦ ਬਿਮਾਰੀਆਂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ। ਜਿਸ ਰਾਹੀਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰ ਵਰਗ ਵੱਲੋਂ ਸੂਬੇ ਵਿੱਚ ਆਉਣ ਵਾਲੀ ਖਤਰਨਾਕ ਬਿਮਾਰੀਆਂ ਬਾਰੇ ਨਿਵਾਸੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਮਾਨਤਾ ਪ੍ਰਾਪਤ ਇਸ ਜਾਗਰੂਕਤਾ ਪ੍ਰੋਗਰਾਮ ਅਧੀਨ ਸੁਚਾਰੂ ਢੰਗ ਨਾਲ ਪਿੰਡਾਂ ਵਿੱਚ ਜਾਣਕਾਰੀ ਅਤੇ ਰੋਕਥਾਮ ਦੇ ਯਤਨ ਕੀਤੇ ਜਾਂਦੇ ਹਨ। ਇਸ ਅਧੀਨ ਲਗਭਗ 15,000 ਤੋਂ ਵੱਧ ਦੂਜੇ ਸੁੂਬਿਆਂ ਤੋਂ ਆਉਣ ਵਾਲੇ ਮਜ਼ੂਦਰਾਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਸਮੇਂ-ਸਮੇਂ ’ਤੇ ਸਕੂਲਾਂ ਵਿੱਚ ਬੱਚਿਆਂ ਲਈ ਸਿਹਤ ਸੇਵਾਵਾਂ ਦੇ ਚੈਕਅਪ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਇਸ ਲਈ ਉਮੀਦ ਵੱਲੋਂ ਏਅਰਟੈ¤ੰਲ ਭਾਰਤੀ ਸਕੂਲਜ਼ ਨਾਲ ਸੰਧੀ ਕੀਤੀ ਗਈ ਹੈ, ਜੋ ਸੰਗਰੂਰ ਦੇ ਪਿੰਡਾਂ ਸਕੂਲ ਖੋਲ੍ਹ ਰਹੇ ਹਨ ਅਤੇ 6 ਮਹੀਨਿਆਂ ਬਾਅਦ ਵਿਦਿਆਰਥੀਆਂ ਦੀ ਮੁਫਤ ਸਿਹਤ ਚੈਕਅਪ ਕੀਤਾ ਜਾਂਦਾ ਹੈ।
ਮਹਿਲਾ ਸ਼ਕਤੀਕਰਨ : ਸਮਾਜ ਨੂੰ ਸਹੀ ਸੇਧ ਦੇਣ ਲਈ ਔਰਤ ਦਾ ਜਾਗੂਰਕ ਹੋਣਾ ਬੇਹੱਦ ਲਾਜ਼ਮੀ ਹੈ। ਜਿਲ੍ਹਾ ਸੰਗਰੂਰ ਵਿੱਚ ਸਮਾਜ ਦੀ ਇਸ ਲੋੜ ਨੂੰ ਉਮੀਦ ਸੰਸਥਾ ਵੱਲੋਂ ਸਮਝਿਆ ਗਿਆ ਅਤੇ ਮਹਿਲਾ ਸ਼ਕਤੀਕਰਨ ਲਈ ਉਚੇਚੇ ਕਦਮ ਚੱਕੇ ਗਏ। ਉਮੀਦ ਮਹਿਲਾ ਮੰਚ ਅਧੀਨ 400 ਸਵੈ-ਮਦਦਗਾਰ ਗਰੁੱਪ ਚਲਾਏ ਗਏ। ਜਿਸ ਵਿੱਚ 15 ਤੋਂ 20 ਮਹਿਲਾਵਾਂ ਇਕ ਗਰੁੱਪ ਬਣਾਉਂਦੀਆਂ ਹਨ ਅਤੇ ਆਪਣੇ ਹੀ ਪਿੰਡ ਵਿੱਚ ਹੋਰ ਮਹਿਲਾਵਾਂ ਨੂੰ ਸਹੀ ਸੇਧ ਦਿੰਦੀਆਂ ਹਨ। ਇਹ ਗਰੁੱਪ ਨਾ ਸਿਰਫ਼ ਔਰਤਾਂ ਲਈ ਸਿਖਲਾਈ ਕੇਂਦਰ ਚਲਾ ਰਹੇ ਹਨ, ਬਲਕਿ ਸਿੱਖਣ ਤੋਂ ਬਾਅਦ ਰੁਜ਼ਗਾਰ ਵੀ ਮੁਹੱਈਆ ਕਰਵਾਉਂਦੇ ਹਨ। ਜੇਕਰ ਕੋਈ ਪੇਂਡੂ ਮਹਿਲਾ ਆਪਣਾ ਕਾਰੋਬਾਰ ਵੀ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਉਸ ਲਈ ਅਸਾਨ ਕਰਜ਼ਾ ਅਤੇ ਸਿਖਲਾਈ ਦੇਣ ਦੀ ਸੁਵਿਧਾ ਵੀ ਉਮੀਦ ਮਹਿਲਾ ਮੰਚ ਵੱਲੋਂ ਦਿੱਤੀ ਜਾਂਦੀ ਹੈ। ਇਸ ਯਤਨ ਰਾਹੀਂ ਲੜਕੀਆਂ ਸਿਲਾਈ, ਕਢਾਈ ਜਾਂ ਬੁਨਾਈ ਦੇ ਕੰਮ ਕਰਕੇ ਪੈਸੇ ਕਮਾਉਂਦੀਆਂ ਹਨ। ‘ਉਮੀਦ’ ਨੇ ਪਿੰਡਾਂ ਦੀਆਂ ਔਰਤਾਂ ਨੂੰ ਨਾ ਸਿਰਫ ਕੰਮਾਂ ਵਿੱਚ ਨਿਪੁੰਨ ਬਣਾਇਆ ਬਣਾਇਆ ਹੈ ਬਲਕਿ ਆਪਣੀ ਉਸੇ ਕੰਮ ਦੀ ਕਲਾ ਨਾਲ ਆਰਥਿਕ ਤੌਰ ’ਤੇ ਸਵੈ-ਨਿਰਭਰ ਵੀ ਕਰ ਦਿੱਤਾ। ਇਸ ਅਧੀਨ 1, 000 ਤੋਂ ਵੱਧ ਮਹਿਲਾਵਾਂ ਘਰ ਵਿੱਚ ਬੈਠੀਆਂ ਰੁਜ਼ਗਾਰ ਕਮਾ ਰਹੀਆਂ ਹਨ। ਬੈ¤ਗ ਬਣਾਉਣੇ, ਸਾਬਣ, ਮੋਮਬੱਤੀਆਂ, ਆਚਾਰ, ਚਾ¤ਕ ਅਤੇ ਕਿਤਾਬਾਂ ਦੀ ਜਿਲਦਬੰਦੀ ਵਰਗੇ ਛੋਟੇ-ਛੋਟੇ ਕੰਮਾਂ ਨਾਲ ਰੁਜ਼ਗਾਰ ਚਲਾ ਰਹੀਆਂ ਹਨ। ਜ਼ਿਲ੍ਹਾ ਸੰਗਰੂਰ ਅਤੇ ਧੂਰੀ ਦੇ ਪੱਛੜੇ ਹੋਏ ਪਿੰਡਾਂ ਦੀਆਂ ਤਕਰੀਬਨ 20 ਪ੍ਰਤੀਸ਼ਤ ਔਰਤਾਂ ਅੱਜ ਖੁਦ ਆਪਣਾ ਰੁਜ਼ਗਾਰ ਚਲਾ ਰਹੀਆਂ ਹਨ। ਤਕਰੀਬਨ 350 ਪਿੰਡਾਂ ਦੀਆਂ 6,000 ਲੜਕੀਆਂ ਨੂੰ ਸਿਲਾਈ, ਕਟਾਈ, ਕਢਾਈ ਅਤੇ ਬੁਨਾਈ ਵਰਗੇ ਛੋਟੇ ਖਿੱਤਿਆਂ ਦੀ ਸਿਖਲਾਈ ‘ਉਮੀਦ’ ਦੇ ਆਪਣੇ ਸਿਲਾਈ ਸੈਂਟਰਾਂ ਵਿੱਚ ਦਿੱਤੀ ਜਾ ਚੁੱਕੀ ਹੈ, ਜਿਸ ਤੋਂ ਬਾਅਦ ਅੱਧ ਤੋਂ ਵੀ ਜ਼ਿਆਦਾ ਲੜਕੀਆਂ ਆਪਣਾ ਕਾਰੋਬਾਰ ਖੁਦ ਸ਼ੁਰੂ ਕਰ ਚੁੱਕੀਆਂ ਹਨ। ‘ਉਮੀਦ’ ਨੇ ਨਾ ਸਿਰਫ ਪੇਂਡੂ ਵਰਗ ਨਾਲ ਜੁੜੀਆਂ ਇਨ੍ਹਾਂ ਔਰਤਾਂ ਨੂੰ ਜਾਗਰੂਕ ਕੀਤਾ ਬਲਕਿ ਸਮਾਜ ਵਿੱਚ ਸਵੈ ਨਿਰਭਰ ਹੋ ਕੇ ਵਿਚਰਨਾ ਵੀ ਸਿਖਾਇਆ ਹੈ। ਇਹ ਸਿਖਲਾਈ ਸੈਂਟਰ ਨਾ ਸਿਰਫ ਉਨ੍ਹਾਂ ਨੂੰ ਇਨ੍ਹਾਂ ਛੋਟੇ ਖਿੱਤਿਆਂ ਵਿੱਚ ਨਿਪੁੰਨ ਬਣਾ ਰਹੇ ਹਨ ਬਲਕਿ ਆਪਣੀਆਂ ਬਣਾਈਆਂ ਗਈਆਂ ਵਸਤਾਂ ਜਿਵੇਂ ਬੈ¤ਗ, ਮੋਮਬੱਤੀਆਂ, ਸਾਬਣਾਂ, ਆਚਾਰ ਦੇ ਮੰਡੀਕਰਨ ਬਾਰੇ ਵੀ ਭਰਪੂਰ ਜਾਣਕਾਰੀ ਦਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਵੀ ‘ਉਮੀਦ’ ਸੰਸਥਾ ਨਾਲ ਰਲ ਕੇ ਪੇਂਡੂ ਔਰਤਾਂ ਨੂੰ ਡੇਅਰੀ ਵਰਗੇ ਧੰਦਿਆਂ ਵਿੱਚ ਮੁੱਢਲੀ ਆਰਥਿਕ ਸਹਾਇਤਾ ਦੇ ਰਿਹਾ ਹੈ। ਇਸ ਦਾ 400 ਤੋਂ ਵੱਧ ਡੇਅਰੀ ਵਪਾਰ ਨਾਲ ਜੁੜੀਆਂ ਔਰਤਾਂ ਲਾਹਾ ਲੈ ਚੁੱਕੀਆਂ ਹਨ। ਉਮੀਦ ਵੱਲੋਂ ਇਕ ਵੀਪੀਓ ਅਤੇ ਬਿਊਟੀ ਪਾਰਲਰ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਦਿੱਤੇ ਜਾਂਦੇ ਹਨ।
ਵਿਦਿਆ ਅਤੇ ਜਾਗਰੂਕਤਾ ਮੁਹਿੰਮ: ‘ਉਮੀਦ’ ਵੱਲੋਂ ਆਸਟਰੇਲੀਅਨ ਹਾਈ ਕਮਿਸ਼ਨ ਨਾਲ ਸੰਧੀ ਕਰਕੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਐਲੀਮੈਂਟਰੀ ਵਿਦਿਆ ਦਾ ਪ੍ਰਸਾਰ ਕੀਤਾ ਗਿਆ ਹੈ, ਜਿਸ ਅਧੀਨ ਉਹ ਇਲਾਕੇ ਦੀਆਂ ਅਨਪੜ੍ਹ ਔਰਤਾਂ ਨੂੰ ਪੜਾਉਣ ਦਾ ਕੰਮ ਵੀ ਬਾਖੂਬੀ ਕਰ ਰਹੇ ਹਨ। ਇਸ ਪ੍ਰਾਈਵੇਟ ਸਪਾਂਸਰਡ ਪ੍ਰੋਗਰਾਮ ਅਧੀਨ ਇਲਾਕੇ ਦੀਆਂ ਲਗਭਗ 5000 ਔਰਤਾਂ ਅੱਜ ਪੜ੍ਹ-ਲਿਖ ਚੁੱਕੀਆਂ ਹਨ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਵਿੱਚ ਹੋਰ ਸਮਾਜਿਕ ਕੁਰੀਤੀਆਂ ਬਾਰੇ ਜਾਗੂਰਕਤਾ ਵੀ ਲਿਆਂਦੀ ਗਈ ਹੈ ਤਾਂ ਜੋ ਉਹ ਸਮਾਜ ਨੂੰ ਸਹੀ ਸੇਧ ਦੇ ਸਕਣ। ਮਹਿਲਾਵਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਵਿਦਿਆ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਸਮੇਂ ਸਮੇਂ ’ਤੇ ਕੈਂਪ ਲਗਾ ਕੇ ਉਨ੍ਹਾਂ ਨੂੰ ਉਚ ਵਿਦਿਆ ਲਈ ਪ੍ਰੇਰਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਨਸ਼ੇ ਦਾ ਹੋ ਰਿਹਾ ਬੇਲੋੜਾ ਵਾਧਾ ਅਤੇ ਇਸ ਤੋਂ ਬਚਾਓ ਬਾਰੇ ਵੀ ਸਮੇਂ ਸਮੇਂ ’ਤੇ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ।
ਆਉਣ ਵਾਲੇ ਪ੍ਰਾਜੈਕਟ : ਸੰਸਥਾ ਨੇ ਜਿਵੇਂ ਜ਼ਿਲ੍ਹੇ ਦੀਆਂੇ ਬਾਕੀ ਕਮੀਆਂ ਨੂੰ ਡੂੰਘਾਈ ਨਾਲ ਜਾਣਿਆ ਹੈ, ਉਸ ਦੇ ਨਾਲ-ਨਾਲ ਸਿਹਤ ਸਬੰਧੀ ਦੋ ਵੱਡੇ ਖਤਰਿਆਂ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਹੈ। ਪਹਿਲਾ ਹੈ ਮੋਤੀਆ ਅਤੇ ਦੂਸਰਾ ਬਾਲ ਮੌਤ ਦਰ ਹੈ। ਜਿਸ ਲਈ ਆਉਂਦੇ ਸਾਲਾਂ ਵਿੱਚ ਉਮੀਦ ਵੱਲੋਂ ਸਾਢੇ ਤਿੰਨ ਲੱਖ ਤੋਂ ਵੱਧ ਜ਼ਿਲ੍ਹੇ ਦੀ ਜਨਸੰਖਿਆ ਲਈ ਅਤਿ-ਆਧੁਨਿਕ ਹਸਪਤਾਲ ਸਥਾਪਿਤ ਕਰਨ ਦੀ ਯੋਜਨਾ ਹੈ।
ਅੱਖਾਂ ਦਾ ਹਸਪਤਾਲ: ਮੋਬਾਇਲ ਅੱਖਾਂ ਦੀਆਂ ਕਲੀਨਿਕਾਂ ਰਾਹੀਂ ਤਕਰੀਬਨ 17,000 ਮੋਤੀਆ ਦੇ ਕੇਸਾਂ ਦਾ ਇਲਾਕੇ ਵਿੱਚ ਪਤਾ ਲੱਗਾ ਹੈ। ਇਨ੍ਹਾਂ ਕੇਸਾਂ ਦੇ ਗੰਭੀਰ ਰੂਪ ਵਿੱਚ ਵੱਧਣ ਦਾ ਕਾਰਨ ਮੁੱਢਲੀ ਸਿਹਤ ਸੇਵਾਵਾਂ ਦੀ ਇਲਾਕੇ ਵਿੱਚ ਅਣਹੋਈ ਹੈ। ਇਸ ਲਈ ਉਮੀਦ ਵੱਲੋਂ ਸਰਾਫ ਚੈਰਿਟੀ ਅਤੇ ਦਿੱਲੀ ਦੇ ਅੱਖਾਂ ਦੇ ਹਸਪਤਾਲ ਦੀ ਸਹਾਇਤਾ ਨਾਲ ਜਲਦ ਹੀ ਇਕ ਆਧੁਨਿਕ ਅੱਖਾਂ ਦਾ ਹਸਪਤਾਲ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਪਹਿਲਾ ਮਿਸਾਲੀ ਹਸਪਤਾਲ ਹੋਵੇਗਾ ਜਿੱਥੇ ਅੱਖਾਂ ਦੀ ਦੂਰਬੀਨ ਨਾਲ ਸਰਜਰੀ ਦੇ ਨਾਲ-ਨਾਲ ਅੱਖਾਂ ਦੇ ਲੈਨਸ ਬਦਲਣ ਦੀ ਸੁਵਿਧਾ ਵੀ ਉਪਲਬੱਧ ਹੋਵੇਗੀ। ਇਹ ਸਾਰੀ ਸੇਵਾ ਸੰਸਥਾ ਵੱਲੋਂ ਮੁਫਤ ਕੀਤੀ ਜਾਵੇਗੀ।
ਉਮੀਦ ਰੂਰਲ ਡਿਵੈਲਪਮੈਂਟ : ਸਾਲ 2008 ਵਿੱਚ ਜ਼ਿਲ੍ਹਾ ਸੰਗਰੂਰ ਦੇ ਪੇਂਡੂ ਇਲਾਕਿਆਂ ਦੀਆਂ ਕੁਝ ਪੜ੍ਹੀਆਂ ਲਿਖੀਆਂ ਔਰਤਾਂ ਦੀ ਮਦਦ ਨਾਲ ਉਮੀਦ ਰੂਰਲ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰਾਈਵੇਟ ਅਦਾਰਾ ਪਿੰਡ ਦੇ ਹਰੇਕ ਵਰਗ ਨੂੰ ਆਪਣੇ ਤੌਰ ’ਤੇ ਆਰਥਿਕ ਸਹਾਇਤਾ ਦੇਣ ਲਈ ਸ਼ੁਰੂ ਕੀਤਾ ਗਿਆ। ਇਸ ਵਿੱਚ ਉਨ੍ਹਾਂ ਮਹਿਲਾਵਾਂ ਨੂੰ ਸ਼ੇਅਰ ਹੋਲਡਰ ਬਣਾਇਆ ਗਿਆ ਹੈ, ਜਿਹੜੀਆਂ ਅੱਜ ਸਵੈ-ਨਿਰਭਰ ਹੋ ਕੇ ਪਿੰਡਾਂ ਵਿੱਚ ਆਪਣੇ ਕਾਰੋਬਾਰ ਸਥਾਪਤ ਕਰ ਚੁੱਕੀਆਂ ਹਨ। ਇਸ ਪ੍ਰਾਜੈਕਟ ਅਧੀਨ ਔਰਤਾਂ ਵੱਲੋਂ ਦਸਤਕਾਰੀ ਰਾਹੀਂ ਬਣਾਏ ਗਏ ਉਤਪਾਦ ਦੁਨੀਆਂ ਭਰ ’ਚ ਵਿਕ ਰਹੇ ਹਨ। ‘ਉਮੀਦ’ ਨੇ ਇੰਟਰਨੈ¤ਟ ਰਾਹੀਂ ਵੀ ਮੰਡੀਕਰਨ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਰੁਜ਼ਗਾਰ ਸੇਵਾਵਾਂ ਲਈ ਉਮੀਦ ਨੇ ਇਕ ਕੰਪਨੀ ਦੀਆਂ ਸੇਵਾਵਾਂ ਲਈ ਹਨ ਜੋ ਲੋੜਵੰਦਾਂ ਦੇ ਮੁਫਤ ਨਾਮ ਦਰਜ ਕਰਕੇ ਉਨ੍ਹਾਂ ਨੂੰ ਢੁੱਕਵੀਆਂ ਨੌਕਰੀਆਂ ਮੁਹੱਈਆ ਕਰਦੀ ਹੈ। ਇਸ ਮਕਸਦ ਲਈ ਹਰ ਸਾਲ ਰੁਜ਼ਗਾਰ ਮੇਲੇ ਲਗਾਏ ਜਾਂਦੇ ਹਨ। ਇਸ ਸਾਲ ਇਹ ਮੇਲਾ 4 ਦਿਨ ਲਈ ਲਗਾਇਆ ਗਿਆ, ਜਿਸ ਵਿੱਚ ਹਜ਼ਾਰਾਂ ਲੋੜਵੰਦ ਨੌਜਵਾਨਾਂ ਨੇ ਹਿੱਸਾ ਲਿਆ। ਇਹ ਯਤਨ ਆਪਣੇ ਆਪ ਵਿੱਚ ਬਹੁਤ ਵੱਡੇ ਅਤੇ ਅਹਿਮ ਹਨ। ਪੰਜਾਬ ਸਾਹਮਣੇ ਜੋ ਸੰਕਟ ਹਨ ਉਨ੍ਹਾਂ ਦਾ ਹੱਲ ਸਿਰਫ ਸਰਕਾਰੀ ਯਤਨਾਂ ਨਾਲ ਨਹੀਂ ਹੋ ਸਕਦਾ। ਸਿਆਸਤਦਾਨਾਂ ਅਤੇ ਦੂਸਰੇ ਜਾਗਰੂਕ ਨਾਗਰਿਕਾਂ ਨੂੰ ਸ੍ਰੀ ਅਰਵਿੰਦ ਖੰਨਾ ਨਾਲ ਹੀ ਯਤਨ ਆਰੰਭਣੇ ਹੋਣਗੇ। ‘ਉਮੀਦ’ ਵੱਲੋਂ ਦਿਖਾਇਆ ਗਿਆ ਰਸਤਾ ਬਹੁਤ ਹੀ ਅਹਿਮ ਹੈ। ਸ੍ਰੀ ਅਰਵਿੰਦ ਖੰਨਾ ਇਸ ਯਤਨ ਲਈ ਸਭ ਦੇ ਸਤਿਕਾਰ ਦੇ ਪਾਤਰ ਹਨ। ਉਨ੍ਹਾਂ ਦੀ ਲਿਆਕਤ, ਈਮਾਨਦਾਰੀ ਅਤੇ ਲੋਕ ਸੇਵਾ ਦੀ ਭਾਵਨਾ ਸੱਚਮੁੱਚ ‘ਉਮੀਦ’ ਦੀ ਇੱਕ ਵੱਡੀ ਕਿਰਨ ਹੈ। ਉਹ ਪੰਜਾਬ ਲਈ ਇੱਕ ਰਹਿਨੁਮਾ ਬਣ ਕੇ ਉਭਰੇ ਹਨ। ਉਨ੍ਹਾਂ ਦੇ ਰਾਹ ’ਤੇ ਤੁਰਨਾ ਹੀ ਹੁਣ ਸਾਡੀ ਸਭ ਦੀ ਜ਼ਰੂਰਤ ਹੈ।


