ਚੰਡੀਗੜ੍ਹ, 27 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਅੱਜ ਐਲਾਨ ਕੀਤਾ ਕਿ ਉਹ ਸੂਬੇ ਵਿੱਚ ਆਗਾਮੀ ਮਿਉਂਸਪਲ ਚੋਣਾਂ ਮੌਜੂਦਾ ਪ੍ਰਬੰਧ ਦੇ ਨਾਲ ਇੱਕਠਿਆ ਲੜਨਗੇ। ਦੋਵਾਂ ਪਾਰਟੀਆਂ ਨੇ ਜ਼ਿਲਾ ਪੱਧਰ ’ਤੇ ਤਾਲਮੇਲ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਹੈ ਜਿਹੜੀਆਂ ਸਥਾਨਕ ਪ੍ਰਬੰਧ ਅਤੇ ਚੋਣ ਪ੍ਰਚਾਰ ਦਾ ਜ਼ਿੰਮਾ ਸਾਂਭਣਗੀਆਂ। ਸੂਬਾ ਪੱਧਰ ’ਤੇ ਵੀ ਦੋ ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਜਿਸ ਵਿੱਚ ਅਕਾਲੀ ਦਲ ਤਰਫੋਂ ਪਾਰਟੀ ਦੇ ਸਕੱਤਰ ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਭਾਜਪਾ ਤਰਫੋਂ ਸਾਬਕਾ ਮੰਤਰੀ ਸ੍ਰੀ ਤੀਕਸ਼ਣ ਸੂਦ ਨੂੰ ਲਿਆ ਗਿਆ ਹੈ।ਇਹ ਫੈਸਲੇ ਬੀਤੀ ਦੇਰ ਰਾਤ ਮੁੱਖ ਮੰਤਰੀ ਰਿਹਾਇਸ਼ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਤਾਲਮੇਲ ਕਮੇਟੀ ਦੀ ਹੋਈ ਇਕ ਉਚ ਪੱਧਰੀ ਮੀਟਿੰਗ ਵਿੱਚ ਲਏ ਗਏ। ਮੀਟਿੰਗ ਉਪਰੰਤ ਦੋਵੇਂ ਪਾਰਟੀਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਰਾਜਸੀ ਪ੍ਰਬੰਧ ਤੋਂ ਵੱਧ ਕੇ ਸੂਬੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਇਕ ਸਮਾਜਿਕ ਗਠਜੋੜ ਹੈ। ਦੋਵਾਂ ਪਾਰਟੀਆਂ ਨੇ ਇਕ ਮਤਾ ਪਾਇਆ ਕਿ ਲੋਕਾਂ ਵੱਲੋਂ ਬੁਰੀ ਤਰ੍ਹਾਂ ਦਰਕਿਨਾਰ ਕੀਤੀ ਕਾਂਗਰਸ ਪਾਰਟੀ ਵੱਲੋਂ ਆਪਣਾ ਗੁੱਸਾ ਕੱਢਣ ਲਈ ਗਠਜੋੜ ’ਤੇ ਨਿਰਾਧਾਰ ਦੋਸ਼ ਲਾਏ ਜਾ ਰਹੇ ਹਨ।
ਪਾਰਟੀ ਦੇ ਜਨਰਲ ਸਕੱਤਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਨੇ ਮਿਉਂਸਪਲ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪੂਰੀ ਤਿਆਰ ਕਰ ਲਈ ਹੈ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ੍ਰੀ ਕਮਲ ਸ਼ਰਮਾ ਤੋਂ ਇਲਾਵਾ ਅਕਾਲੀ ਦਲ ਤਰਫੋਂ ਸੀਨੀਅਰ ਆਗੂ ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ, ਸ. ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਤੋਤਾ ਸਿੰਘ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਡਾ.ਦਲਜੀਤ ਸਿੰਘ ਚੀਮਾ ਤੇ ਸ੍ਰੀ ਹਰਚਰਨ ਬੈਂਸ ਅਤੇ ਭਾਜਪਾ ਤਰਫੋਂ ਭਾਜਪਾ ਵਿਧਾਇਕ ਦਲ ਦੇ ਨੇਤਾ ਸ੍ਰੀ ਚੂਨੀ ਲਾਲ ਭਗਤ, ਸ੍ਰੀ ਰਾਜਿੰਦਰ ਭੰਡਾਰੀ, ਸ੍ਰੀ ਅਸ਼ਵਨੀ ਸ਼ਰਮਾ, ਸ੍ਰੀ ਤੀਕਸ਼ਣ ਸੂਦ ਤੇ ਸ੍ਰੀ ਨਰੋਤਮ ਦੇਵ ਰੱਤੀ ਹਾਜ਼ਰ ਸਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਦੇ ਜ਼ਿਲਾ ਪੱਧਰੀ ਅਬਜ਼ਰਬਰਾਂ ਦੇ ਨਾਂ ਜਾਰੀ ਕਰ ਦਿੱਤੇ ਜਿਹੜੇ ਹੇਠਲੇ ਪੱਧਰ ’ਤੇ ਗਠਜੋੜ ਨੂੰ ਜਿਤਾਉਣ ਲਈ ਦੋਵਾਂ ਪਾਰਟੀਆਂ ਵਿਚਾਲੇ ਤਾਮਮੇਲ ਨੂੰ ਹੋਰ ਮਜ਼ਬੂਤ ਕਰਨਗੇ। ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਪਾਰਟੀਆਂ ਰਲ ਕੇ ਚੋਣਾਂ ਲੜਨਗੀਆਂ।
ਇਨ੍ਹਾਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਅਬਜ਼ਰਵਰਾਂ ਦੀ ਸੂਚੀ ਨਿਮਨਲਿਖਿਤ ਹੈ-ਸ. ਸੁਰਜੀਤ ਸਿੰਘ ਰੱਖੜਾ (ਅੰਮ੍ਰਿਤਸਰ ਸ਼ਹਿਰੀ), ਸ. ਸੋਹਣ ਸਿੰਘ ਠੰਡਲ (ਅੰਮ੍ਰਿਤਸਰ ਦਿਹਾਤੀ), ਸ੍ਰੀ ਪ੍ਰਕਾਸ਼ ਚੰਦ ਗਰਗ (ਬਠਿੰਡਾ ਸ਼ਹਿਰੀ ਤੇ ਦਿਹਾਤੀ), ਸ. ਸੰਤਾ ਸਿੰਘ ਉਮਦੇਪੁਰੀ (ਫਤਹਿਗੜ੍ਹ ਸਾਹਿਬ ਸ਼ਹਿਰੀ ਤੇ ਦਿਹਾਤੀ), ਸ. ਸਿਕੰਦਰ ਸਿੰਘ ਮਲੂਕਾ (ਬਰਨਾਲਾ ਸ਼ਹਿਰੀ ਤੇ ਦਿਹਾਤੀ), ਸ. ਹਰਮੀਤ ਸਿੰਘ ਸੰਧੂ (ਫਰੀਦਕੋਟ ਸ਼ਹਿਰੀ ਤੇ ਦਿਹਾਤੀ), ਸ.ਵਿਰਸਾ ਸਿੰਘ ਵਲਟੋਹਾ (ਫਿਰੋਜ਼ਪੁਰ ਸ਼ਹਿਰੀ ਤੇ ਦਿਹਾਤੀ), ਸ.ਮਨਤਾਰ ਸਿੰਘ ਬਰਾੜ (ਫਾਜ਼ਿਲਕਾ ਸ਼ਹਿਰੀ ਤੇ ਦਿਹਾਤੀ), ਬੀਬੀ ਜਗੀਰ ਕੌਰ (ਗੁਰਦਾਸਪੁਰ ਸ਼ਹਿਰੀ ਤੇ ਦਿਹਾਤੀ), ਸ. ਹੀਰਾ ਸਿੰਘ ਗਾਬੜੀਆ (ਹੁਸ਼ਿਆਰਪੁਰ ਸ਼ਹਿਰੀ ਤੇ ਦਿਹਾਤੀ), ਸ. ਸਰਵਣ ਸਿੰਘ ਫਿਲੌਰ (ਕਪੂਰਥਲਾ ਸ਼ਹਿਰੀ ਤੇ ਦਿਹਾਤੀ), ਡਾ.ਦਲਜੀਤ ਸਿੰਘ ਚੀਮਾ (ਲੁਧਿਆਣਾ ਸ਼ਹਿਰੀ), ਜਥੇਦਾਰ ਤੋਤਾ ਸਿੰਘ (ਲੁਧਿਆਣਾ ਦਿਹਾਤੀ), ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ (ਮਾਨਸਾ ਸ਼ਹਿਰੀ ਤੇ ਦਿਹਾਤੀ), ਸ.ਸ਼ਰਨਜੀਤ ਸਿੰਘ ਢਿੱਲੋਂ (ਮੋਗਾ ਸ਼ਹਿਰੀ ਤੇ ਦਿਹਾਤੀ), ਸ. ਮਹੇਸ਼ਇੰਦਰ ਸਿੰਘ ਗਰੇਵਾਲ (ਮੁਹਾਲੀ ਸ਼ਹਿਰੀ ਤੇ ਦਿਹਾਤੀ), ਸ.ਗੁਲਜ਼ਾਰ ਸਿੰਘ ਰਣੀਕੇ (ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਤੇ ਦਿਹਾਤੀ), ਸ. ਅਜੀਤ ਸਿੰਘ ਕੋਹਾੜ (ਐਸ.ਬੀ.ਐਸ.ਨਗਰ ਸ਼ਹਿਰੀ ਤੇ ਦਿਹਾਤੀ), ਸ.ਸੁੱਚਾ ਸਿੰਘ ਲੰਗਾਹ (ਪਠਾਨਕੋਟ ਸ਼ਹਿਰੀ ਤੇ ਦਿਹਾਤੀ), ਸ.ਜਨਮੇਜਾ ਸਿੰਘ ਸੇਖੋਂ (ਪਟਿਆਲਾ ਸ਼ਹਿਰੀ ਤੇ ਦਿਹਾਤੀ), ਸ.ਇਕਬਾਲ ਸਿੰਘ ਝੂੰਦਾ (ਰੋਪੜ ਸ਼ਹਿਰੀ ਤੇ ਦਿਹਾਤੀ), ਸ. ਪਰਮਿੰਦਰ ਸਿੰਘ ਢੀਂਡਸਾ (ਸੰਗਰੂਰ ਸ਼ਹਿਰੀ ਤੇ ਦਿਹਾਤੀ) ਅਤੇ ਸ.ਸੇਵਾ ਸਿੰਘ ਸੇਖਵਾਂ (ਤਰਨ ਤਾਰਨ ਸ਼ਹਿਰੀ ਤੇ ਦਿਹਾਤੀ)।



