ਚੰਡੀਗੜ੍ਹ, 26 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਜਾਣਬੁੱਝ ਕੇ ਦੋਗਲੀ ਨੀਤੀ ਅਪਣਾਉਂਦਿਆਂ ਪਾਰਟੀ ਦੇ ਆਗੂਆਂ ਦੇ ਅਸਤੀਫੇ ਦੀ ਮੰਗ ਕਰਨ ਦੇ ਮਾਮਲੇ ’ਚ ਕਾਂਗਰਸ ਵਿਰੁੱਧ ਤਿੱਖਾ ਹਮਲਾ ਬੋਲਿਆ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸ. ਸਿਕੰਦਰ ਸਿੰਘ ਮਲੂਕਾ ਅਤੇ ਪਾਰਟੀ ਦੇ ਬੁਲਾਰੇ ਤੇ ਮੁੱਖ ਪਾਰਲੀਮਾਨੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਪਾਰਟੀ ਅੰਦਰ ਚੱਲ ਰਹੀ ਚੌਧਰ ਦੀ ਲੜਾਈ ’ਚ ਵੱਧ ਤੋਂ ਵੱਧ ਸੁਰਖੀਆਂ ਬਟੋਰਨ ਦੀ ਹੋੜ ਤਹਿਤ ਬੇਸਿਰ-ਪੈਰ ਦੇ ਮੁੱਦੇ ਉਠਾਉਣ ਲਈ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜੇਕਰ ਕਥਿਤ ਦੋਸ਼ੀਆਂ ਨੂੰ ਜਾਣਦੇ ਹੋਣਾ ਹੀ ਅਸਤੀਫੇ ਦੀ ਮੰਗ ਦਾ ਮਾਪਦੰਡ ਹੈ ਤਾਂ ਅਸਤੀਫਿਆਂ ਦਾ ਇਹ ਸਿਲਸਿਲਾ ਯੂ.ਪੀ.ਏ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਜਿਸ ਦੇ ਮੰਤਰਾਲਿਆਂ ਅਤੇ ਪ੍ਰਸ਼ਾਸਕਾਂ ਦੇ ਹੇਠ ਲੱਖਾਂ ਕਰੋੜਾਂ ਦੇ ਅਜਿਹੇ ਘਪਲੇ ਹੋਏ ਜਿੰਨ੍ਹਾਂ ਭਾਰਤ ਦੇ ਆਰਥਿਕ
ਢਾਂਚੇ ਨੂੰ ਹੀ ਹਲਾ ਕੇ ਰੱਖ ਦਿੱਤਾ। ਅਕਾਲੀ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਪਾਰਟੀ ਨੇ ਉਸ ਵੇਲੇ ਕਿਊਂ ਚੁੱਪ ਧਾਰੀ ਰੱਖੀ ਜਦੋਂ ਇਸ ਦੇ ਜਲੰਧਰ ਤੋਂ ਸਾਂਸਦ ਸ੍ਰੀ ਸੰਤੋਖ ਸਿੰਘ ਚੌਧਰੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੁੱਛਗਿਛ ਕੀਤੀ ਗਈ ਸੀ ਜਦੋਂ ਕਿ ਹੁਣ ਲੋਕਾਂ ਵੱਲੋਂ ਨਕਾਰਾ ਕੀਤੀ ਹੋਈ ਇਹ ਪਾਰਟੀ ਸਿਰਫ ਸੰਭਾਵੀ ਪੁੱਛਗਿਛ ਦੀਆਂ ਅਖਬਾਰੀ ਰਿਪੋਰਟਾਂ ਦੇ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਸਤੀਫਾ ਮੰਗਣ ਦਾ ਨੈਤਿਕ ਅਧਿਕਾਰ ਤਾਂ ਹੀ ਸੀ ਜੇਕਰ ਇਸ ਦੇ ਸਾਂਸਦ ਨੇ ਪਹਿਲਾਂ ਹੀ ਲੋਕ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੁੰਦਾ ਅਤੇ ਪਾਰਟੀ ਵੱਲੋਂ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੁੰਦਾ।
ਅਕਾਲੀ ਆਗੂਆਂ ਨੇ ਕਿਹਾ ਕਿ ਇਹ ਹੈਰਾਨੀ ਭਰਿਆ ਹੈ ਕਿ ਕਾਂਗਰਸ ਵਿਧਾੲਕ ਦਲ ਦੇ ਨੇਤਾ ਸ੍ਰੀ ਸੁਨੀਲ ਜਾਖੜ ਨੇ ਵਿਧਾਨ ਸਭਾ ਵਿਚ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਨਸ਼ਾ ਤਸਕਰਾਂ ਨਾਲ ਜੁੜਨ ਦੇ ਮਾਮਲੇ ਵਿਚ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਕਿਸੇ ਤਸਕਰ ਨੂੰ ਜਾਣਨ ਨਾਲ ਕੋਈ ਸਿਆਸੀ ਵਿਅਕਤੀ ਦੋਸ਼ੀ ਨਹੀਂ ਹੋ ਜਾਂਦਾ ਜਦਕਿ ਹੁਣ ਦੋਸ਼ਾਂ ਦੇ ਆਧਾਰ ’ਤੇ ਅਕਾਲੀ ਆਗੂਆਂ ਦੇ ਅਸਤੀਫੇ ਮੰਗੇ ਜਾ ਰਹੇ ਹਨ।



