ਚੰਡੀਗੜ੍ਹ, 23 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਕਾਰਜ ਪ੍ਰਣਾਲੀ ਵਿਚ ਵੀ ਸੁਧਾਰ ਲਿਆਉਣੇ ਹੋਣਗੇ । ਪ੍ਰਸ਼ਾਸਨਿਕ ਵਿਵਸਥਾ ਨੂੰ ਵਧੀਆ ਬਣਾਉਣ ਲਈ ਕੋਈ ਵੀ ਵਿਅਕਤੀ ਸਰਕਾਰ ਨੂੰ ਆਪਣਾ ਸੁਝਾਅ ਭੇਜ ਸਕਦੇ ਹਨ ਅਤੇ ਸਰਕਾਰ ਚੰਗੇ ਸੁਝਾਵਾਂ ਨੂੰ ਲਾਗੂ ਕਰੇਗੀ। ਮੁੱਖ ਮੰਤਰੀ ਅੱਜ ਜਿਲਾ ਰਿਵਾੜੀ ਵਿਚ ਆਯੋਜਿਤ ਜਿਲਾ ਅਧਿਕਾਰੀਆਂ ਨੂੰ ਸੰਬੋਧਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਪਹਿਲ ਰਾਜ ਦੀ ਜਨਤਾ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਹੈ । ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅਸੀਂ ਸਾਰੀਆਂ ਨੂੰ ਆਪਣੇ ਅੰਦਰ ਪੈਸਾ ਇੱਕਠਾ ਕਰਨ ਦੀ ਇੱਛਾ ’ਤੇ ਰੋਕ ਲਗਾਉਣੀ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਬਿਜਲੀ ਚੋਰੀ ਦੇ ਮਾਮਲਿਆਂ ਨਾਲ ਰਾਜ ਸਰਕਾਰ ਨੂੰ ਹਰੇਕ ਸਾਲ 6,000 ਕਰੋੜ ਰੁਪਏ ਦਾ ਘਾਟਾ ਹੋ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਮਿੱਟਾਉਣ ਲਈ ਅਸੀਂ ਵਿਵਸਥਾ ਵਿਚ ਬਦਲਾਅ ਲਿਆ ਕੇ ਇਕ ਅਜਿਹੇ ਵਿਵਸਥਾ ਵਿਕਸਿਤ ਕਰਨੀ ਹੋਵੇਗੀ, ਜਿਸ ਵਿਚ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਾ ਰਹੇ । ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਲੋਕਾਂ ਵਿਚ ਚੰਗੇ ਸੰਸਕਾਰ ਪੈਦਾ ਕਰਨ ਹੋਣਗੇ ਅਤੇ ਅਸੀਂ ਆਪਣੇ ਅੰਦਰ ਜਨਤਾ ਨੂੰ ਅਪਣਾ ਮੰਨ ਕੇ ਉਸ ਦੀ ਸੇਵਾ
ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਰਾਜ ਵਿਚ ਇਕ ਜਨਵਰੀ, 2015 ਤੋਂ ਬਜੁਰਗ, ਵਿਧਵਾ ਅਤੇ ਅਪਾਹਿਜ ਪੈਨਸ਼ਨ ਸਿੱਧੇ ਲਾਭਾਕਾਰੀ ਦੇ ਬੈਂਕ ਖਾਤਿਆਂ ਵਿਚ ਭੇਜੀ ਜਾਵੇਗੀ । ਉਨ੍ਹਾਂ ਨੇ ਜਿਲਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਪਹਿਲ ਦੇ ਆਧਾਰ ’ਤੇ ਪੈਨਸ਼ਨ ਲਾਭਕਾਰੀਆਂ ਦੇ ਬੈਂਕ ਖਾਤੇ ਉਨ੍ਹਾਂ ਦੇ ਪਿੰਡ ਵਿਚ ਜਾਂ ਨੇੜਲੇ ਬੈਂਕਾਂ ਦੀਆਂ ਬ੍ਰਾਂਚਾਂ ਵਿਚ ਖੁਲ੍ਹਵਾਉਣ ਤਾਂ ਜੋ ਪਾਤਰ ਲਾਭਕਾਰੀਆਂ ਨੂੰ ਹੀ ਪੈਨਸ਼ਨ ਦਾ ਲਾਭ ਮਿਲ ਸਕੇ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜਨ-ਧਨ ਯੋਜਨਾ ਦੇ ਤਹਿਤ ਜੀਰੋ ਬੈਲੈਂਸ ’ਤੇ ਇੰਨ੍ਹਾਂ ਲਾਭਕਾਰੀਆਂ ਦੇ ਬੈਂਕ ਖਾਤੇ ਖੁਲ੍ਹਵਾਏ ਜਾ ਸਕਦੇ ਹਨ । ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਪੀਲ ਕੀਤੀ ਹੈ ਕਿ ਉਹ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਜਨ-ਕਲਿਆਣਕਾਰੀ ਨੀਤੀਆਂ ਅਤੇ ਪ੍ਰੋਗ੍ਰਾਮਾਂ ਦਾ ਲਾਭ ਦੂਰ-ਦਰਾੜੇ ਇਲਾਕਿਆਂ ਵਿਚ ਰਹਿ ਰਹੇ ਸਮਾਜ ਦੇ ਸੱਭ ਤੋਂ ਕਮਜੋਰ ਅਤੇ ਲੋੜਮੰਦ ਲੋਕਾਂ ਤਕ ਜ਼ਰੂਰ ਪੁੱਜੇ ।



