ਅਜੋਕੇ ਸਮੇਂ ਵਿਚ ਪੰਜਾਬੀ ਫਿਲਮਾਂ ਦੇ ਚਲਦੇ ਇਸ ਖੁਸ਼ਹਾਲ ਦੌਰ ‘ਚ ਸਰੋਤਿਆਂ ਵਲੋਂ ਫੀਚਰ ਫਿਲਮਾਂ ਦੇ ਨਾਲ-ਨਾਲ ਲਘੂ ਫਿਲਮਾਂ ਨੂੰ ਵੀ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਇਸ ਖੇਤਰ ਨਾਲ ਜੁੜੀਆਂ ਹਸਤੀਆਂ ਵਲੋਂ ਇਨ੍ਹਾਂ ਲਘੂ ਫਿਲਮਾਂ ਨੂੰ ਵੀ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਲਘੂ ਫਿਲਮਾਂ ਨੂੰ ਦਰਸ਼ਕਾਂ ਵਲੋਂ ਪਸੰਦ ਕੀਤੇ ਜਾਣ ਦਾ ਇਕ ਕਾਰਨ ਇਹ ਵੀ ਹੈ ਕਿ ਜਿਥੇ ਅੱਜ ਬਹੁਤੇ ਦਰਸ਼ਕ ਸੀਮਤ ਸਮੇਂ ਕਾਰਨ ਸਿਨਮਾ ਜਾਣ ਦੀ ਬਜਾਏ ਘਰ ਬੈਠ ਕੇ ਹੀ ਫਿਲਮ ਦੇਖਣਾ ਪਸੰਦ ਕਰਦੇ ਹਨ ਉਥੇ ਦੂਸਰਾ ਘੰਟਿਆਂ ਬੱਧੀ ਬੈਠਣ ਦੀ ਬਜਾਏ ਕਰੀਬ ਇਕ ਘੰਟੇ ਦੀ ਕਹਾਣੀ ‘ਚ ਤਿਆਰ ਹੁੰਦੀਆਂ ਇਨ੍ਹਾਂ ਲਘੂ ਫਿਲਮਾਂ ਨਾਲ ਵਧੇਰੇ ਮਨੋਰੰਜਨ ਕਰਨਾ ਪਸੰਦ ਕਰਦੇ ਹਨ। ਇਸ ਸੋਚ ‘ਤੇ ਚਲਦੇ ਹੀ ਪੰਜਾਬ ਦੇ ਮਸ਼ਹੂਰ ਮੰਚ ਸੰਚਾਲਕ (ਐਂਕਰ) ਅਤੇ ਪਾਲੀਵੁੱਡ ਅਦਾਕਾਰ ਹਰਿੰਦਰ ਭੁੱਲਰ ਵਲੋਂ ਆਪਣੀ ਕੰਪਨੀ ਐ¤ਚ.ਬੀ. ਰਿਕਾਰਡਸ ਦੇ ਬੈਨਰ ਹੇਠ ਗਰੁੱਪ ਕਰਾਊਨ ਮੀਡੀਆ ਦੇ ਸਹਿਯੋਗ ਨਾਲ ਕਹਾਣੀਕਾਰ ਅੰਮ੍ਰਿਤਪਾਲ ਘੁੱਦਾ ਦੀ ਕਹਾਣੀ ਤੇ ਅਧਾਰਤ ਫਿਲਮ ‘ਜੱਟ’ ਬਣਾਈ ਗਈ ਹੈ। ਇਹ ਫਿਲਮ ਆਮ ਫਿਲਮਾਂ ਜਾਂ ਗੀਤਾਂ ਦੇ ਵੀਡਿਓ ਫਿਲਮਾਕਣਾਂ ਵਿਚ ਦਿਖਾਈ ਜਾਂਦੀ ਜੱਟ ਕਿਸਾਨਾਂ ਦੀ ਅਮੀਰੀ , ਸਰਦਾਰੀ ਜਾਂ ਟੋਹਰ ਆਦਿ ਤੋਂ ਹੱਟ ਕੇ ਅਸਲ ਜਿੰਦਗੀ ਦੇ ਅਧਾਰਤ ਹੈ। ਜਿਸ ਰਾਹੀਂ ਮੱਧ ਵਰਗ ਦੇ ਕਿਸਾਨੀ ਜੀਵਨ ਦੇ ਦੁੱਖਾਂ ਦੀ ਦਾਸਤਾਨ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰਾਂ ਅੱਜ ਸਾਡੇ ਦੇਸ਼ ਦਾ ਅੰਂਨਦਾਤਾ ਕਿਹਾ ਜਾਂਦਾ ਕਿਸਾਨ ਆਰਥਿਕ ਪੱਖੋਂ ਦਿਨ-ਬ-ਦਿਨ ਪਛੜਦਾ ਜਾ ਰਿਹਾ ਹੈ ਅਤੇ ਗਰੀਬੀ ਭਰਿਆ ਜੀਵਨ ਬਸਰ ਕਰਦਾ ਹੋਇਆ
ਕਰਜ਼ੇ ਦੇ ਬੌਝ ਹੇਠ ਦੱਬਿਆ ਪਿਆ ਹੈ ਅਤੇ ਖੁਦਕੁਸ਼ੀਆਂ ਕਰ ਰਿਹਾ ਹੈ। ਦੂਜੇ ਪਾਸੇ ਜਿਸ ਤਰੀਕੇ ਨਾਲ ਅੱਜ ਟੀ ਵੀ ਚੈਨਲਾਂ ਤੇ ਚਲਦੇ ਗੀਤਾਂ ‘ਚ ਕਿਸਾਨ ਜੱਟ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਅਸਲੀਅਤ ਤੋਂ ਕੋਹਾਂ ਦੂਰ ਹੈ। ਜੱਟ ਦੀ ਅਸਲ ਜਿੰਦਗੀ ਤੇ ਝਾਤ ਮਾਰੀ ਜਾਵੇ ਤਾਂ ਉਹ ਮਿਹਨਤਕਸ਼ ਕਾਮਾ ਹੈ । ਖੇਤਾਂ ‘ਚ ਹੱਡ ਭਨਵੀਂ ਮਿਹਨਤ ਕਰਦਾ ਹੈ ਮਿੱਟੀ ਨਾਲ ਮਿੱਟੀ ਹੋਇਆ ਆਪਣੇ ਬਾਲ ਬੱਚਿਆਂ ਦਾ ਪਾਲਣ-ਪੋਸਣ ਬਹੁਤ ਹੀ ਮੁਸ਼ਕਿਲ ਨਾਲ ਕਰਦਾ ਹੈ। ਪਰ ਅੰਤ ਪਰਿਵਾਰਕ ਜਿੰਮੇਵਾਰੀਆਂ ਨੂੰ ਨਿਭਾਉਣ ਤੋਂ ਅਸਮਰਥ ਹੋਇਆ ਤੇ ਕਰਜ਼ੇ ਦੀ ਭੱਠੀ ‘ਚ ਤਪਦੇ ਹੋਏ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਸ ਫਿਲਮ ਵਿਚ ਹਰਿੰਦਰ ਭੁੱਲਰ ਦੇ ਨਾਲ ਪੰਜਾਬੀ ਥਿਏਟਰ ਦੇ ਉ¤ਘੇ ਕਲਾਕਾਰ ਗੁਰਪ੍ਰੀਤ ਕੌਰ ਬਰਨਾਲਾ, ਰਾਜਵਿੰਦਰ ਸਮਰਾਲਾ, ਪ੍ਰੇਮ ਸਨੇਹੀ, ਸੰਦੀਪ ਕੌਰ, ਵਿਪਨ ਪ੍ਰੀਤ ਸਿੰਘ ਅਤੇ ਰਣਜੀਤ ਹਰਮਨ ਅਹਿਮ ਕਿਰਦਾਰ ਵਜੋਂ ਭੂਮਿਕਾ ਨਿਭਾ ਰਹੇ ਹਨ। ਫਿਲਮ ਦੀ ਸਕਰੀਨ ਪਲੇਅ ‘ਤੇ ਸੰਵਾਦ ਹਰਿੰਦਰ ਭੁੱਲਰ ਦੇ ਹੀ ਹਨ ਅਤੇ ਫਿਲਮ ਵੀ ਉਨ੍ਹਾਂ ਵਲੋਂ ਹੀ ਨਿਰਦੇਸ਼ਤ ਕੀਤੀ ਗਈ ਹੈ। ਫਿਲਮ ਦਾ ਦਿਲਕਸ਼ ਸੰਗੀਤ ਅਤੇ ਗੀਤ ਪਿੱਠਵਰਤੀ ਗਾਇਕ ਵਜੋਂ ਤਰਸੇਮ ਅਰਮਾਨ ਵਲੋਂ ਗਾਏ ਗਏ ਹਨ। ਕੈਮਰਾ ਮੈਨ ਅਤੇ ਐਡਿਟਰ ਦੀਆਂ ਸੇਵਾਵਾਂ ਅੰਮ੍ਰਿਤ ਜੱਸਲ ਨੇ ਨਿਭਾਈਆਂ ਹਨ। ਜਲਦ ਹੀ ਇਸ ਫਿਲਮ ਦੀ ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਸਕਰੀਨਿੰਗ ਕਰਵਾਉਣ ਉਪਰੰਤ ਅੰਤਰ-ਰਾਸ਼ਟਰੀ ਪੱਧਰ ਤੇ ਹੁੰਦੇ ‘ਲਘੂ ਫਿਲਮ ਮੇਲਿਆਂ’ ਵਿਚ ਭੇਜਿਆ ਜਾਵੇਗਾ ਅਤੇ ਦਸੰਬਰ ਮਹੀਨੇ ‘ਚ ਸਰੋਤਿਆਂ ਲਈ ਸ਼ੋਸ਼ਲ ਸਾਇਟਸ ਯੂ-ਟਿਊਬ ਤੇ ਰਿਲੀਜ਼ ਕਰ ਦਿੱਤਾ ਜਾਵੇਗਾ।
ਹਰਜਿੰਦਰ ਸਿੰਘ ਜਵੰਦਾ
ਸੰਪਰਕ : 94638-28000


