ਚੰਡੀਗੜ੍ਹ, 22 ਨਵੰਬਰ (ਪੀ. ਟੀ.)- ‘‘ਉਸ ਅਕਾਲ ਪੁਰਖ ਦੀ ਅਸੀਮਤ ਸ਼ਕਤੀ ਨੂੰ ਚੁਣੌਤੀ ਦੇਣ ਵਾਲੀ ਸਿਰਸੇ ਵਾਲੇ ਸਾਧ ਦੀ ਮੁੱਖ ਭੂਮਿਕਾ ਵਾਲੀ ਫਿਲਮ ‘‘ਰੱਬ ਦਾ ਦੂਤੂ ਇਥੋਂ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਵਾਲੀ ਅਤੇ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਹੈ । ਇਸ ਫਿਲਮ ਵਿਚ ਉਪਰੋਕਤ ਕਾਤਲ ਅਤੇ ਬਲਾਤਕਾਰੀ ਪਾਖੰਡੀ ਸਾਧ ਨੇ ਆਪਣੇ-ਆਪ ਨੂੰ ਰੱਬ ਦਾ ਦੂਤ ਅਖਵਾ ਕੇ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ ਹੈ। ਅਜਿਹੀ ਫਿਲਮ ਜੋ ਇਥੋਂ ਦੇ ਨਿਵਾਸੀਆਂ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਵੇ ਅਤੇ ਜਿਸ ਵਿੱਚ ਕੋਈ ਅਖੌਤੀ ਸਾਧ ਆਪਣੇ-ਆਪ ਨੂੰ ਰੱਬ ਦਾ ਵਿਸ਼ੇਸ਼ ਦੂਤ ਅਖਵਾਉਣ ਦਾ ਸਮਾਜ ਵਿਰੋਧੀ ਪ੍ਰਚਾਰ ਕਰੇ, ਅਜਿਹੀ ਫਿਲਮ ਨੂੰ ਪੰਜਾਬ ਸੂਬੇ ਜਾਂ ਹੋਰਨਾਂ ਸਥਾਨਾਂ ਉ¤ਤੇ ਬਿਲਕੁਲ ਵੀ ਰਿਲੀਜ਼ ਨਹੀਂ ਹੋਣ ਦਿੱਤਾ
ਜਾਵੇਗਾ । ਕਿਉਂਕਿ ਸਿੱਖ ਕੌਮ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਕ ਅਕਾਲ ਪੁਰਖ ਵਿਚ ਵਿਸ਼ਵਾਸ ਕਰਦੀ ਹੈ। ਹੋਰ ਕਿਸੇ ਦੇਹਧਾਰੀ, ਪਾਖੰਡੀ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਅਖੌਤੀ ਡੇਰੇਦਾਰਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਦੀ । ਇਸ ਲਈ ਇਸ ਫਿਲਮ ਰਾਹੀ ਸਮਾਜ ਵਿਚ ਨਫ਼ਰਤ ਪੈਦਾ ਕਰਨ ਅਤੇ ਇਥੋਂ ਦੇ ਨਿਵਾਸੀਆਂ ਦਾ ਸ਼ੋਸ਼ਣ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਗਲੇ ਮਹੀਨੇ ਸਿਰਸੇ ਵਾਲੇ ਸਾਧ ਦੀ ਭੂਮਿਕਾ ਵਾਲੀ ਰੱਬ ਦਾ ਦੂਤ ਫਿਲਮ ਰਿਲੀਜ਼ ਹੋਣ ਦੀਆਂ ਮੀਡੀਏ ਅਤੇ ਅਖ਼ਬਾਰਾਂ ਵਿਚ ਆਈਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਅਤੇ ਸਿੱਖ ਕੌਮ ਨੂੰ ਇਸ ਫਿਲਮ ਵਿਚਲੇ ਗੁੰਮਰਾਹਕੁੰਨ ਪ੍ਰਚਾਰ ਹੋਣ ਤੋਂ ਰੋਕਣ ਸੰਬੰਧੀ ਆਪਣੀਆਂ ਰਵਾਇਤਾਂ ਅਨੁਸਾਰ ਜ਼ਿੰਮੇਵਾਰੀ ਨਿਭਾਉਣ ਲਈ ਅਤੇ ਇਨ੍ਹਾਂ ਅਖੌਤੀ ਡੇਰੇਦਾਰਾਂ ਦੀਆਂ ਸਮਾਜ ਵਿਰੋਧੀ ਚੁਣੌਤੀਆਂ ਨੂੰ ਪ੍ਰਵਾਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਕੌਮਾਂ, ਮੁਸਲਿਮ, ਸਿੱਖ, ਇਸਾਈ ਅਤੇ ਧਰਮਾਂ ਦਾ ਮਨੁੱਖਤਾ ਪੱਖੀ ਸੋਚ ਰੱਖਣ ਵਾਲੀਆ ਕੌਮਾਂ ਦਾ ਮੁਲਕ ਹੈ । ਇਥੇ ਕਿਸੇ ਫਿਲਮ ਜਾਂ ਧਾਰਮਿਕ ਮੁਖੌਟਾ ਪਹਿਨਕੇ ਨਫ਼ਰਤ ਫੈਲਾਉਣਾ ਜਿਥੇ ਗੈਰ-ਇਨਸਾਨੀਅਤ ਹੈ, ਉਥੇ ਗੈਰ-ਕਾਨੂੰਨੀ ਵੀ ਹੈ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਬਲਦੇਵ ਸਿੰਘ ਮੁਖੀ ਧਰਮ ਪ੍ਰਚਾਰ ਕਮੇਟੀ ਤੇ ਹੋਰ ਸੰਜ਼ੀਦਾ ਸਿੱਖ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ‘‘ਡੇਰਾਵਾਦੂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਗ਼ਰੀਬ ਵਰਗ ਨੂੰ ਨਿਘਾਲਣ ਲਈ ਅਜਗਰ ਮੂੰਹ ਅੱਡੀ ਖੜ੍ਹਾ ਹੈ । ਬੀਤੇ ਦਿਨੀਂ ਦਿੱਲੀ ਵਿਖੇ ਇੱਕ ਕੱਟੜ ਹਿੰਦੂ ਪੱਖੀ ਸਮਾਗਮ ਵਿੱਚ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਅਸ਼ੋਕ ਸਿੰਗਲ ਵੱਲੋਂ ਇਹ ਕਹਿਣਾ ਕਿ 800 ਸਾਲਾਂ ਦੇ ਲੰਮੇਂ ਵਕਫੇ ਮਗਰੋਂ ਇਥੇ ‘‘ਹਿੰਦੂ ਹਕੂਮਤੂ ਕਾਇਮ ਹੋਈ ਹੈ ਅਤੇ ਇਸ ਨੂੰ ਨਿਰੰਤਰ ਕਾਇਮ ਰੱਖਣ ਲਈ ਹਿੰਦੀ ਅਤੇ ਸੰਸਕ੍ਰਿਤ ਲਾਗੂ ਕੀਤੀ ਜਾਵੇਗੀ। ਅਜਿਹੇ ਵਿਚਾਰ ਅਤੇ ਅਮਲ ਹਿੰਦੂਤਵ ਤਾਕਤਾਂ ਵੱਲੋਂ ਇਥੋਂ ਦੇ ਅਮਨ-ਚੈਨ, ਆਜ਼ਾਦੀ ਅਤੇ ਵੱਖ-ਵੱਖ ਕੌਮਾਂ ਦੇ ਸਤਿਕਾਰ-ਮਾਣ ਨੂੰ ਠੇਸ ਪਹੁੰਚਾਉਣ ਵਾਲੇ ਹਨ। ਭਾਵੇਂ ਕਿ ਇਹ ਹਿੰਦੂਤਵ ਤਾਕਤਾਂ ਕੇਂਦਰ ਅਤੇ ਹੋਰ ਕਈ ਸੂਬਿਆਂ ਵਿੱਚ ਸਿਆਸੀ ਤੌਰ ’ਤੇ ਮਜ਼ਬੂਤ ਹੋਈਆਂ ਹਨ, ਲੇਕਿਨ ਫਿਰ ਵੀ ਇਨ੍ਹਾਂ ਨੂੰ ਅਜਿਹੀ ਮਨੁੱਖਤਾ ਵਿਰੋਧੀ ਘਿਨੌਣੀ ਖੇਡ ਨਹੀਂ ਖੇਡਣ ਦਿੱਤੀ ਜਾਵੇਗੀ।



