ਚੰਡੀਗੜ੍ਹ, 20 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ 5ਵੇਂ ਵਿਸ਼ਵ ਕਬੱਡੀ ਕੱਪ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਜਿਸ ਤਹਿਤ 6 ਦਸੰਬਰ ਤੋਂ 20 ਦਸੰਬਰ ਤੱਕ ਸੂਬੇ ਦੇ 14 ਥਾਵਾਂ ’ਤੇ ਵੱਖ-ਵੱਖ ਦੇਸ਼ਾਂ ਦੀਆਂ 10 ਟੀਮਾਂ ਮਰਦ ਵਰਗ ਵਿਚ 2 ਕਰੋੜ ਰੁਪੈ ਅਤੇ ਮਹਿਲਾ ਵਰਗ ਵਿਚ 8 ਟੀਮਾਂ ਇਕ ਕਰੋੜ ਰੁਪੈ ਦੀ ਰਾਸ਼ੀ Ñਲਈ ਭਿੜਨਗੀਆਂ। ਖੇਡ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਇਸ ਵਾਰ ਉਦਘਾਟਨੀ ਸਮਾਰੋਹ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਵੇਗਾ ਜਿਸ ’ਤੇ 22 ਕਰੋੜ ਰੁਪੈ ਖਰਚ ਕਰਕੇ ਬਿਲਕੁਲ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਸਮਾਪਤੀ ਸਮਾਰੋਹ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਦੇ ਸਟੇਡੀਅਮ ਵਿਖੇ ਹੋਵੇਗਾ। ਉਦਘਾਟਨੀ ਤੇ ਸਮਾਪਤੀ ਸਮਾਰੋਹ ਫਲੱਡ ਲਾਇਟਾਂ ਦੀ ਰੌਂਸ਼ਨੀ ਵਿਚ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ ਮਰਦ ਵਰਗ ਵਿਚ ਅਮਰੀਕਾ, ਇਰਾਨ, ਪਾਕਿਸਤਾਨ, ਡੈਨਮਾਰਕ, ਆਸਟ੍ਰੇਲੀਆ, ਇੰਗਲੈਂਡ, ਸਪੇਨ,
ਕੈਨੇਡਾ, ਅਰਜਨਟੀਨਾ ਤੇ ਭਾਰਤ ਦੀਆਂ ਟੀਮਾਂ ਹਿੱਸਾ ਲੈਣਗੀਆਂ ਜਦਕਿ ਮਹਿਲਾ ਵਰਗ ਵਿਚ ਭਾਰਤ, ਪਾਕਿਸਤਾਨ, ਅਮਰੀਕਾ, ਇੰਗਲੈਂਡ, ਡੈਨਮਾਰਕ, ਨਿਊਜੀਲੈਂਡ, ਮੈਕਸੀਕੋ ਤੇ ਅਜਰਬਾਈਜਾਨ ਦੀਆਂ ਟੀਮਾਂ ਖਿਤਾਬ ਲਈ ਭੇੜ ਕਰਨਗੀਆਂ। ਮਰਦ ਵਰਗ ਵਿਚ ਜੇਤੂ ਟੀਮ ਨੂੰ ਪਹਿਲਾ ਇਨਾਮ 2 ਕਰੋੜ ਰੁਪੈ ਤੇ ਉਪ ਜੇਤੂ ਨੂੰ ਇਕ ਕਰੋੜ ਰੁਪੈ ਜਦਕਿ ਤੀਜੇ ਸ਼ਥਾਨ ਵਾਲੀ ਟੀਮ ਨੂੰ 51 ਲੱਖ ਰੁਪੈ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮਹਿਲਾ ਵਰਗ ਵਿਚ ਚੈਂਪੀਅਨ ਟੀਮ ਨੂੰ 1 ਕਰੋੜ, ਉਪ ਜੇਤੂ ਨੂੰ 51 ਲੱਖ ਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 25 ਲੱਖ ਰੁਪੈ ਇਨਾਮ ਵਜੋਂ ਦਿੱਤੇ ਜਾਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਵਿਸ਼ਵ ਕੱਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਐਂਟੀ ਡੋਪ ਕਮੇਟੀ ਤੇ ਸੁਰੱਖਿਆ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ। ਵਿਸ਼ਵ ਕੱਪ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਵਾਉਣ Ñਲਈ ਨੈਸ਼ਨਲ ਐਂਟੀ ਡੋਪ ਏਜੰਸੀ (ਨਾਡਾ) ਵਲੋਂ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਵਿਚ ਖਿਡਾਰੀਆਂ ਦੇ ਆਉਣ-ਜਾਣ, ਰਿਹਾਇਸ਼ ਤੇ ਖਾਣ ਪੀਣ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਟੀਮਾਂ ਨੂੰ ਦਿੱਲੀ ਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਤੋਂ ਉਨ੍ਹਾਂ ਦੇ ਰਹਿਣ ਲਈ ਨਿਸ਼ਚਿਤ ਕੀਤੀ ਥਾਂ ’ਤੇ ਵੋਲਵੋ ਬੱਸਾਂ ਰਾਹੀਂ ਲਿਜਾਇਆ ਜਾਵੇਗਾ। ਮਹਿਲਾ ਵਰਗ ਦੀਆਂ ਟੀਮਾਂ ਦੇ ਰਹਿਣ ਦੀ ਵਿਵਸਥਾ ਲੁਧਿਆਣਾ ਤੇ ਮਰਦ ਵਰਗ ਦੀਆਂ ਟੀਮਾਂ ਲਈ ਬਠਿੰਡਾ ਤੇ ਜਲੰਧਰ ਵਿਖੇ ਪ੍ਰਬੰਧ ਕੀਤੇ ਗਏ ਹਨ।



