Skip to content
Independent perspectives. Global stories.
BREAKING

ਵਿਧਾਨ ਸਭਾ ਵੱਲ ਵਧ ਰਿਹਾ ਹੈ ਪੰਜ ਪਿਆਰਾ ਪਾਰਕ ਦੇ ਭ੍ਰਿਸ਼ਟਾਚਾਰ ਦਾ ਮੁੱਦਾ

Share this story

ਸ੍ਰੀ ਅਨੰਦਪੁਰ ਸਾਹਿਬ, 17 ਨਵੰਬਰ- ਕਰੋੜਾਂ ਰੁਪਏ ਦੇ ਬਜਟ ’ਚ ਖੇਡ ਰਹੇ ਵਿਭਾਗ ਅਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ (ਅਸੱਡਾ) ਦੀ ਭਾਰੀ ਲਾਪ੍ਰਵਾਹੀ ਦੀ ਬਦੌਲਤ ਅਤੇ ਫੰਡਾਂ ’ਚ ਹੇਰਾਫੇਰੀ ਕਾਰਨ ਮਹਿਕਮੇ ਅਧੀਨ ਸ੍ਰੀ ਅਨੰਦਪੁਰ ਸਾਹਿਬ ਦਾ ਸਭ ਤੋਂ ਮਹੱਤਵਪੂਰਨ ਪਾਰਕ ‘ਪੰਜ ਪਿਆਰਾ’ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉ¤ਠਣ ਦੀ ਤਿਆਰੀ ਵਿੱਚ ਹੈ। ਜ਼ਿਕਰਯੋਗ ਹੈ ਕਿ ਖਾਲਸਾ ਪੰਥ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦੇ ਚੁਗਿਰਦੇ ਨੂੰ ਸੁੰਦਰ ਦਿੱਖ ਦੇਣ ਲਈ 300 ਸਾਲਾ ਸਥਾਪਨਾ ਦਿਵਸ ’ਤੇ 8 ਏਕੜ ਜ਼ਮੀਨ ਵਿੱਚ ਕਰੋੜਾਂ ਰੁਪਏ ਖਰਚ ਕੇ ਪੰਜ ਪਿਆਰਿਆਂ ਦੇ ਨਾਂ ’ਤੇ ਸੁੰਦਰ ਪਾਰਕ ਦੀ ਸਥਾਪਨਾ ਕੀਤੀ ਗਈ ਸੀ, ਪ੍ਰੰਤੂ ਪਿਛਲੇ ਕੁਝ ਅਰਸੇ ਤੋਂ ਇਹ ਪਾਰਕ ਪੂਰੀ ਤਰ੍ਹਾਂ ਸਰਕਾਰੀ ਅਫਸਰਸ਼ਾਹੀ ਦੀ ਕਥਿਤ ਲਾਪ੍ਰਵਾਹੀ ਦੀ ਭੇਟ ਚੜ੍ਹ ਗਿਆ ਹੈ। ਇਹ ਪਾਰਕ ਜੋ ਕਿ ਜਨਸਿਹਤ ਵਿਭਾਗ ਵੱਲੋਂ ਫੁਵਾਰੇ ਲਗਾ ਕੇ ਜੰਗਲਾਤ ਵਿਭਾਗ ਨੇ ਚਾਰ-ਚੁਫੇਰੇ ਦਾ ਸੁੰਦਰੀਕਰਣ ਕਰਕੇ ਹੋਂਦ ਵਿੱਚ ਲਿਆਂਦਾ ਸੀ ਤੇ ਇਸ ਦੀ ਦੇਖਭਾਲ ਲਈ ਜੰਗਲਾਤ ਵਿਭਾਗ ਦੇ ਡੇਲੀਵੇਜ਼ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਪਾਰਕ  ਦੇ ਸਮੁੱਚੇ ਪ੍ਰਬੰਧ ਤਾਂ ਜਿੱਥੇ ਹੁਣ ਜੰਗਲਾਤ ਵਿਭਾਗ ਨੂੰ ਸੌਂਪੇ ਗਏ ਹਨ ਪ੍ਰੰਤੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਪਾਰਕ ਦਾ ਪ੍ਰਸ਼ਾਸਕ ਬਣਾ ਦਿੱਤਾ ਗਿਆ ਹੈ ਤੇ ਡੀ

ਸੀ ਫੰਡ ਵਿੱਚੋਂ ਹੀ ਕਰਮਚਾਰੀਆਂ ਦੀ ਤਨਖਾਹ ਜਾਰੀ ਹੁੰਦੀ ਹੈ ਤੇ ਪਾਰਕ ਦੇ ਰੱਖ-ਰਖਾਅ ਦਾ ਖਰਚਾ ਈਡੀਸੀ ਫੰਡ ਵਿੱਚੋਂ ਕੀਤਾ ਜਾਂਦਾ ਹੈ। ਪ੍ਰੰਤੂ ਹਾਲਾਤ ਇੱਥੋਂ ਤੱਕ ਬਦਤਰ ਹੋ ਚੁੱਕੇ ਹਨ ਕਿ ਪਾਰਕ ਵਿੱਚ ਸਰੋਵਰ ਦੀਆਂ ਮੋਟਰਾਂ ਪੰਜ ਦੀਆਂ ਪੰਜ ਹੀ ਪੱਕੇ ਤੌਰ ’ਤੇ ਬੰਦ ਹੋ ਗਈਆਂ ਹਨ। ਉਨ੍ਹਾਂ ਨੂੰ ਠੀਕ ਤਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਲਟਾ ਠੀਕ ਕਰਵਾਈ ਦੇ ਲਗਭਗ 70 ਹਜ਼ਾਰ ਰੁਪਏ ਦੇ ਬਿੱਲ ਪਾ ਦਿੱਤੇ ਗਏ ਹਨ। ਇਸੇ ਤਰ੍ਹਾਂ ਫੁਵਾਰੇ ਬੰਦ ਪਏ ਹਨ ਤੇ ਸੋਮਵਾਰ ਨੂੰ ‘ਵਾਈਟ ਪੇਂਟ’ ਕਰਵਾਉਣ ਦੇ ਬਿੱਲ ਵੀ ਭੁਗਤਾਨ ਲਈ ਭੇਜ ਦਿੱਤੇ ਗਏ ਹਨ। ਇਹੀ ਨਹੀਂ ਬਲਕਿ ਪਾਰਕ ਜੋ ਕਿ ਮਜ਼ਾਕ ਦਾ ਪਾਤਰ ਬਣ ਗਿਆ ਹੈ, ਬਿਜਲੀ ਬੋਰਡ ਦਾ ਲਗਭਗ 4 ਲੱਖ ਰੁਪਏ ਦਾ ਬਿੱਲ ਅਦਾਇਗੀ ਲਈ ਖੜ੍ਹਾ ਹੈ ਤੇ ਕਿਸੇ ਸਮੇਂ ਵੀ ਪਾਰਕ ਦੀ ਬੱਤੀ ਗੁੱਲ ਹੋ ਸਕਦੀ ਹੈ। ਇਹੀ ਹਾਲਤ ਪਾਣੀ ਦੇ ਬਿੱਲ ਦੀ ਹੈ ਜੋ ਕਿ ਡੇਢ ਲੱਖ ਰੁਪਏ ਤੋਂ ਉਪਰ ਹੈ ਤੇ ਪਾਰਕ ਦੀ ਪਾਣੀ ਦੀ ਸਪਲਾਈ ਬੰਦ ਹੈ। ਜਦੋਂ ਇਸ ਸਬੰਧੀ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਤਨਖਾਹਾਂ ਨਾ ਮਿਲਣ ਦੇ ਬਾਵਜੂਦ ਅਸੀਂ ਪੱਲਿਓਂ ਪੈਸੇ ਖਰਚ ਕੇ ਪਾਰਕ ਦੀ ਦਿਖ ਸੰਵਾਰਨ ਦਾ ਯਤਨ ਕਰ ਰਹੇ ਹਾਂ। ਇੱਕ ਡੇਲੀਵੇਜ਼ ਕਰਮਚਾਰੀ ਜੋ ਕਿ ਆਪਣੀ ਜੇਬ ’ਚੋਂ 30 ਹਜ਼ਾਰ ਰੁਪਏ ਤੋਂ ਵਧ ਪਾਰਕ ’ਤੇ ਖਰਚ ਚੁੱਕਾ ਹੈ, ਦਾ ਕਹਿਣਾ ਹੈ ਕਿ ਜਦੋਂ ਉਹ ਜੰਗਲਾਤ ਅਫਸਰ ਪਾਸ ਪੈਸੇ ਮੰਗਣ ਗਏ ਤਾਂ ਅੱਗੋਂ ਜਵਾਬ ਮਿਲਿਆ ਕਿ ਜੇਕਰ ਤੁਹਾਡੇ ਪਾਸ ਪੈਸੇ ਹਨ ਤਾਂ ਖਰਚ ਕੇ ਕੰਮ ਚਲਾ ਲਓ। ਐਨੀ ਹਾਸੋਹੀਣੀ ਸਥਿਤੀ ਸ਼ਾਇਦ ਹੀ ਕਿਸੇ ਹੋਰ ਸਰਕਾਰੀ ਅਦਾਰੇ ਦੀ ਹੋਵੇ। ਡੇਲੀਵੇਜ਼ ਕਰਮਚਾਰੀ ਵੀ ਤਿੰਨ ਮਹੀਨੇ ਤੋਂ ਬਿਨਾਂ ਤਨਖਾਹ ਤੋਂ ਬੈਠੇ ਹਨ। ਇਸ ਪੱਤਰਕਾਰ ਨੇ ਜਦੋਂ ਸਬੰਧ ਵਿਭਾਗ ਦੇ ਰੇਂਜ ਅਫਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਰੀਆਂ ਗੱਲਾਂ ਦੀ ਪੁਸ਼ਟੀ ਕਰਦਿਆਂ ਕਿਹਾ ‘‘ਜਦੋਂ ਬਾਬਾ ਗੱਫਾ ਦੇਊ ਤਾਂ ਹੀ ਹਾਲਤ ਸੁਧਰੂਗੀ।’’ ਇਹ ਬਾਬਾ ਕੌਣ ਹੈ ਇਸ ਬਾਰੇ ਪਤਾ ਨਹੀਂ। ਇਸ ਸਬੰਧ ਵਿੱਚ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਉਹ ਪਾਰਕ ਦਾ ਕੱਚਾ ਚਿੱਠਾ ਤਿਆਰ ਕਰਕੇ ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਵਿੱਚ ਇਹ ਮਾਮਲਾ ਉਠਾਉਣਗੇ ਕਿਉਂਕਿ ਇਹ ਪਾਰਕ ਦਿਨੋਂ-ਦਿਨ ‘ਕਲੰਕ’ ਬਣਦਾ ਜਾ ਰਿਹਾ ਹੈ, ਜਿਸ ਵੱਲ ਸਥਾਨਕ ਵਿਧਾਇਕ ਵੀ ਧਿਆਨ ਨਹੀਂ ਦੇ ਰਹੇ।

WRITTEN BY