Skip to content
Independent perspectives. Global stories.
BREAKING

ਗੁਰਦੁਆਰਿਆਂ ‘ਚ ਰਾਜਸੀ ਪ੍ਰੋਗਰਾਮ ਨਾ ਕੀਤੇ ਜਾਣ : ਸਿੰਘ ਸਾਹਿਬ

Share this story

ਮਹਿਲ ਕਲਾਂ, 27 ਜੁਲਾਈ (ਹਰਜਿੰਦਰ ਸਿੰਘ ਪੱਪੂ)-ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਅਤੇ ਕੌਮ ਦਾ ਪ੍ਰਚਾਰ ਕਰਨ ਲਈ ਉਸਾਰੇ ਗਏ ਗੁਰਦੁਆਰੇ ਅੱਜ ਰਾਜਨੀਤੀ ਦਾ ਅਖਾੜਾ ਬਣ ਚੁੱਕੇ ਹਨ, ਜਿੱਥੇ ਸ਼ਬਦ ਗੁਰੂ ਨਾਲ ਜੋੜਣ ਦਾ ਘੱਟ ਅਤੇ ਰਾਜਨੀਤਿਕ ਪਾਰਟੀਆਂ ਨਾਲ ਜੋੜਣ ਦਾ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ।
singh sahib
ਕਈ ਇਤਿਹਾਸਿਕ ਗੁਰਦੁਆਰੇ, ਜਿੱਥੇ ਸੰਗਤਾਂ ਬੜੀ ਸ਼ਰਧਾ ਅਤੇ ਪਿਆਰ ਨਾਲ ਜਾਂਦੀਆਂ ਹਨ ਚੋਣ ਅਖਾੜੇ ਬਣ ਚੁੱਕੇ ਹਨ ਅਤੇ ਹਰ ਇੱਕ ਚੋਣ ਲੜਨ ਦਾ ਅਗਾਜ਼ ਇਨ੍ਹਾਂ ਗੁਰਦੁਆਰਿਆਂ ‘ਚੋਂ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਹੇਠ ਚੱਲ ਰਹੇ ਗੁਰਦੁਆਰੇ ਰਾਜਨੀਤੀ ਦੀ ਭੇਂਟ ਚੜ੍ਹੇ ਹੋਏ ਹਨ। ਜਦਕਿ ਸਥਾਨਿਕ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਸਿਆਸੀ ਦਬਾਅ ਹੇਠ ਕੰਮ ਕਰ ਰਹੀਆਂ ਹਨ। ਪੰਜਾਬ ਦੀ ਧਰਤੀ ਜਿਸ ਨੂੰ ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਹੈ ਦੀ ਨੌਜਵਾਨੀ ਆਪਣੇ ਪੁਰਾਤਨ ਇਤਿਹਾਸ ਨੂੰ ਭੁਲਦਿਆਂ ਨਸ਼ਿਆਂ ਦੀ ਲਪੇਟ ‘ਚ ਆ ਕੇ ਧਰਮ ਤੋਂ ਦੂਰ ਹੁੰਦੀ ਜਾ ਰਹੀ ਹੈ, ਜਿਸ ਪਾਸੇ ਸਿੱਖਾਂ ਦੀ ਮਹਾਨ ਪੰਥਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਸਰਕਾਰ ਜੋ ਆਪਣੇ ਆਪ ਨੂੰ ਪੰਥਕ ਸਰਕਾਰ ਕਹਾ ਰਹੀ ਹੈ ਵੱਲੋਂ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਜਾ ਰਹੀ। ਗੁਰਦਆਰੇ ਜਿੱਥੇ ਸਿਆਸਤ ਦੇ ਅੱਡੇ ਬਣਦੇ ਜਾ ਰਹੇ ਹਨ, ਉਥੇ ਇਸੇ ਤਰ੍ਹਾਂ ਸਿਰਪਾਓ ਦੀ ਮਹੱਤਤਾ ਨੂੰ ਐਨਾ ਹੌਲਾ ਕੀਤਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਮ ਵਿਅਕਤੀਆਂ ਦੇ ਸਿਰੋਪਾਓ ਪਾ ਕੇ ਜੈਕਾਰੇ ਗੁੰਜਾਏ ਜਾਂਦੇ ਹਨ। ਜਿਸ ਨੂੰ ਦੇਖਦਿਆਂ ਪੰਥਕ ਦਰਦੀ ਦਰਦ ਮਹਿਸੂਸ ਕਰ ਰਹੇ ਹਨ, ਪਰ ਇਸ ਦਾ ਖੁੱਲ੍ਹੇਆਮ ਵਿਰੋਧ ਕਰਨ ਤੋਂ ਝਿਜਕਦੇ ਹਨ। ਜਦੋਂ ਵੀ ਕੋਈ ਵਰਕਰ ਸਿਆਸੀ ਪਾਰਟੀ ਛੱਡ ਕੇ ਦੂਸਰੀ ਧਿਰ ‘ਚ ਸ਼ਾਮਿਲ ਹੁੰਦਾ ਹੈ ਜਾਂ ਕੋਈ ਚੋਣ ਜਿੱਤ ਕੇ ਆਉਂਦਾ ਹੈ ਤਾਂ ਉਸ ਦੀ ਖੁਸ਼ੀ ‘ਚ ਗੁਰਦੁਆਰਾ ਸਾਹਿਬ ਵਿਖੇ ਇੱਕਠ ਕਰਕੇ ਗੁਰੂ ਸਾਹਿਬ ਦੀ ਹਾਜ਼ਰੀ ‘ਚ ਉਸ ਦੇ ਸਿਰੋਪਾਓ ਪਾ ਕੇ ਸ਼ਰੇਆਮ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਜਦੋਂ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜਸੀ ਦਲਾਂ ਨੂੰ ਸੁਚੇਤ ਕੀਤਾ ਜਾ ਚੁੱਕਾ ਹੈ ਕਿ ਕੋਈ ਵੀ ਰਾਜਸੀ ਇਕੱਠ ਗੁਰੂ ਘਰਾਂ ਅੰਦਰ ਨਾ ਕੀਤਾ ਜਾਵੇ, ਪਰ ਫਿਰ ਵੀ ਜੇਕਰ ਕੋਈ ਇਸ ਉਪਰ ਅਮਲ ਨਹੀਂ ਕਰਦਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਸਿਰੋਪਾਓ ਦੀ ਮਹੱਤਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਚਾਰ-ਵਟਾਂਦਰੇ ਚੱਲ ਰਹੇ ਹਨ ਤੇ ਜਲਦੀ ਹੀ ਸਿੰਘ ਸਾਹਿਬਾਨਾਂ ਦੀ ਮੀਟਿੰਗ ਕਰਕੇ ਇਸ ਸਬੰਧੀ ਵੀ ਸਖ਼ਤ ਫੈਸਲਾ ਲਿਆ ਜਾਵੇਗਾ।

WRITTEN BY