ਜੰਮੂ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣ ਲਗਾਤਾਰ ਜਾਰੀ ਹੈ। ਅੱਜ ਸਵੇਰੇ ਪਾਕਿਸਤਾਨੀ ਫੌਜ ਵੱਲੋਂ ਭਾਰਤੀ ਚੌਕੀਆਂ ‘ਤੇ ਭਾਰੀ ਗੋਲੀਬਾਰੀ ਕੀਤੀ ਗਈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਇਸ ਦੇ ਜਵਾਬ ਵਿਚ ਗੋਲੀਬਾਰੀ ਕੀਤੀ। ਫੌਜ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਲਾਈਨ ਨਾਲ ਲੱਗੇ ਡੋਡਾ ਬਟਾਲੀਅਨ ਮੋਰਚੇ ਨੂੰ ਪਾਕਿਸਤਾਨੀ ਫੌਜ ਵੱਲੋਂ ਮਸ਼ੀਨ ਗੰਨਾਂ ਨਾਲ ਨਿਸ਼ਾਨਾ ਬਣਾਇਆ, ਜਿਸ ਦੇ ਜਵਾਬ ਵਿਚ ਭਾਰਤੀ ਸੈਨਾ ਨੇ ਵੀ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਘਟਨਾ ਪੰਜ ਘੰਟੇ ਤੱਕ ਚਲਦੀ ਰਹੀ। ਜ਼ਿਕਰਯੋਗ ਹੈ ਕਿ ਇਕ ਮਹੀਨੇ ਦੌਰਾਨ ਪਾਕਿਸਤਾਨ ਵੱਲੋਂ ਇਹ ਪੰਜਵੀਂ ਵਾਰੀ ਜੰਗਬੰਦੀ ਦੀ ਉਲੰਘਣਾ ਹੈ।ਪਾਕਿਸਤਾਨੀ ਫੌਜ ਵੱਲੋਂ ਗੋਲਾਬਾਰੀ ਨੂੰ ਕਸ਼ਮੀਰ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਕਿਸਤਾਨ ਵਿੱਚ 300 ਤੋਂ 400 ਅੱਤਵਾਦੀ ਭਾਰਤੀ ਹੱਦ ਅੰਦਰ ਦਾਖਲ ਹੋਣ ਲਈ ਤਿਆਰ ਬੈਠੇ ਹਨ। ਪਾਕਿਸਤਾਨ ਜਦੋਂ ਵੀ ਭਾਰਤ ਵਿੱਚ ਘੁਸਪੈਠ ਕਰਾਉਂਦਾ ਹੈ ਉਦੋਂ ਪਾਕਿਸਤਾਨ ਦੀ ਫੌਜ ਵੱਲੋਂ ਅੱਤਵਾਦੀਆਂ ਨੂੰ ਭਾਰਤ ਅੰਦਰ ਦਾਖਲ ਕਰਨ ਲਈ ਕਵਰ ਫਾਈਰਿੰਗ ਦਿੱਤੀ ਜਾਂਦੀ ਹੈ। ਅਜਿਹੀਆਂ ਘਟਨਾਵਾਂ ਅਕਸਰ ਰਾਤ ਦੇ ਹਨ੍ਹੇਰੇ ਵਿੱਚ ਹੁੰਦੀਆਂ ਹਨ, ਪਰ ਇਸ ਵਾਰ ਦਿਨ ਵੇਲੇ ਹੀ ਫਾਈਰਿੰਗ ਕਰ ਦਿੱਤੀ ਗਈ। ਇਸ ਸਾਲ ਜੂਨ ਜੁਲਾਈ ਦੇ ਬਾਅਦ ਭਾਵੇਂ ਘੁਸਪੈਠ ਵਿੱਚ ਕਮੀ ਆਈ ਹੈ ਪਰ ਸੀਜ਼ ਫਾਇਰ ਦੀ ਉਲੰਘਣਾ ਵੱਧ ਗਈ ਹੈ। ਹਰ ਵਾਰ ਭਾਰਤ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਫਲੈਗ ਮੀਟਿੰਗ ਬੁਲਾਈ ਜਾਂਦੀ ਹੈ।
ਪਾਕਿ ਫੌਜ ਵੱਲੋਂ ਜੰਗਬੰਦੀ ਦੀ ਮੁੜ ਉਲੰਘਣਾ



