Skip to content
Independent perspectives. Global stories.
BREAKING

ਦੁੱਧ ਵੇਚਣ ਵਾਲ

Share this story

ਡਾ. ਨਗਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਗੁਣੀ ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)
ਉਸ ਦਾ ਰਾਤ ਨੂੰ ਪੈਣ ਸਮੇਂ ਲਾਇਆ ਅਲਾਰਮ ਸਵੇਰ ਦੇ ਤਿੰਨ ਵਜੇ ਟਰਨ-ਟਰਨ ਕਰਨ ਲੱਗਦਾ। ਉਹ ਉਠ ਕੇ ਦਾਤਣ ਕੁਰਲਾ ਕਰਦਾ। ਗਰਮ ਦੁੱਧ ਨਾਲ ਭਰੇ ਕਾਸੀ ਦੇ ਛੰਨੇ ਦਾ ਤਿੱਪ ਤਿੱਪ ਦੁੱਧ ਪੀਂਦਾ। ਦੁੱਧ ਪਵਾਉਣ ਵਾਲੇ ਬਰਤਨਾਂ, ਲੋਹੇ ਦੀਆਂ ਵੀਹ ਵੀਹ ਲੀਟਰ ਵਾਲੀਆਂ ਦੋਵੇਂ ਢੋਲੀਆਂ ਦੇ ਦੁੱਧ ਮਿਣਨ ਵਾਲੇ ਲੀਟਰ ਦੇ ਡੱਬੇ ਨੂੰ ਗਰਮ ਪਾਣੀ ਨਾਲ ਧੋਂਦਾ। ਸਾਈਕਲ ਦੇ ਮੂਹਰਲੇ ਮਗਰਲੇ ਮਜ਼ਬੂਤ ਰਿਕਸ਼ੇ ਦੇ ਟੈਰਾਂ ਦੀ ਹਵਾ ਚੈਕ ਕਰਦਾ। ਦੋਵਾਂ ਢੋਲੀਆਂ ਨੂੰ ਸਾਇਕਲ ਦੇ ਕੈਰੀਅਰ ’ਤੇ ਫਿੱਟ ਕਰਵਾਏ ਸ਼ਿਕੰਜੇ ਦੇ ਦੋਵੀਂ ਪਾਸੀ ਟੰਗਦਾ। ਇਹ ਸਾਰੇ ਕੰਮ ਕਰਦਿਆਂ ਕਰਦਿਆਂ ਉਸ ਨੂੰ ਚਾਰ ਵੱਜ ਜਾਂਦੇ। ਘਰੋਂ ਸਹੀ ਚਾਰ ਵਜੇ ਸਾਇਖਲ ਰੋੜਨ ਸਮੇਂ ਉਹ ਰੋਜ਼ਾਨਾ ਦੀ ਤਰ੍ਹਾਂ ਸਾਇਕਲ ਤੋਰਦਾ ਅਦਿਖ ਰੱਬ ਸਾਹਮਣੇ ਅਰਦਾਸ ਕਰਦਾ।
‘ਅੱਛਾ ਦਾਤਿਆ! ਦਿਨ ਸੁੱਖ ਦਾ ਚਾੜ੍ਹੀਂ। ਕੋਈ ਬੁਰਾਕੰਮ ਨਾ ਕਰਾਈਂ।
ਉਸ ਦਾ ਅਰਦਾਸ ਕਰਦੇ ਦਾ ਸਾਇਕਲ ਹਨੇਰੇ ਨਾਲ ਭਰੀ ਵੀਹੀ ’ਚ ਰੁੜਦਾ, ਕੈਰੀਅਰ ਉਤਲੀਆਂ ਢੋਲੀਆਂ ਖੜਕਣ ਨਾਲ ਖੜ ਖੜ ਕਰਦਾ। ਇਹ ਖੜ ਖੜ ਨੇਰੇ ਨਾਲ ਭਰੀਆਂ ਵੀਹੀਆਂ ਵਿੱਚ ਪਸਰੀ ਚੁੱਪ ਦੇ ਸ਼ਨਾਟੇ ਨੂੰ ਤੋੜਦੀ ਫੇਰ ਉਹ ਉਨ੍ਹਾਂ ਘਰਾਂ ਦੇ ਬੰਦ ਬੂਹਿਆਂ ਮੂਹਰੇ ਸਾਇਕਲ ਰੋਕਣ ਦੇ ਨਾਲ ਨਾਲ ਸਾਇਕਲ ਦੀ ਘੰਟੀ ਵਜਾਉਂਦਾ ਟਣਨ ਟਣਨ ਕਰਦਾ। ਅੰਦਰੋਂ ਆਵਾਜ਼ ਆਉਂਦੀ।
‘ਖੋਲਦੇ ਆਂ ਬੂਹਾ ਭਾਈ ਬਾਬੂ ਰਾਮ।’
ਬੂਹਾ ਖੋਲਣ ਵਾਲਿਆਂ ਵਿਚੋਂ ਕਈ ਉਸ ਨੂੰ ਰਾਮ ਬਾਬੂ ਰਾਮ ਜੀ। ਆਖਦੇ। ਕਈ ਹੱਸਦੇ ਹੋਰ ਸੁਣਾ ਬਈ ਸੇਠਾ। ਆਖਦੇ।
ਉਹ ਦੁੱਧ ਪਵਾਅ ਕੇ ਸਾਇਕਲ ਰੋੜਦਾ। ਅਗਾਹਾਂ ਗਾਹਕਾਂ ਨੂੰ ਦੁੱਧ ਪਾਉਣ ਲਈ ਜਾਂਦਾ। ਹਰ ਇਕ ਗਾਹਕ ਦੇ ਬੂਹੇ ਮੂਹਰੇ ਸਾਇਕਲ ਰੋਕ ਕੇ ਘੰਟੀ ਦੀ ਟਣਣ ਟਣਣ ਵਜਾਉਂਦਾ। ਦੁੱਧ ਲੈਣ ਵਾਲੇ, ਜੱਗ, ਡੋਲਣਾ ਜਾਂ ਕੋਈ ਹੋਰ ਬਰਤਣ ਵਿੱਚ ਦੁੱਧ ਪਵਾਉਂਦੇ। ਬਾਬੂ ਰਾਮ ਨੂੰ ਚਾਹ ਪੀਣ ਲਈ ਆਖਦੇ। ਅਕਸਰ ਉਹ ਇਹ ਜਵਾਬ ਦਿੰਦਾ-‘ਭਗਵਾਨ ਥੋਨੂੰ ਵਾਲ੍ਹਾ ਦੇਵੇ। ਹਾਲੇ ਮੈਂ ਹੋਰ ਕਿੰਨੇ ਘਰੀਂ ਦੁੱਧ ਦੇ ਕੇ ਉਨ੍ਹਾਂ ਘਰਾਂ ਵਾਲਿਆਂ ਦੀਆਂ ਅੱਖਾਂ ਖੋਲ੍ਹਣੀਆਂ..’ ਜੇ ਕਦੇ ਕੋਈ ਦੁੱਧ ਲੈਣ ਵਾਲਾ ਆਖਦਾ, ‘ਬਾਬੂ ਰਾਮ ਜੀ! ਇਉਂ ਲੱਗਦੈ ਜਿਵੇਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਹੁੰਦੀ ਐ?’ ਉਹ ਉਸ ਦੇ ਇਸ ਸਵਾਲ ਦੇ ਜਵਾਬ ਵਿੱਚ ਬਿਨਾਂ ਝਿਜਕੇ ਆਖਦਾ,

‘ਦੇਖੋਂ ਭਾਈ! ਲੱਗਣ ਲੁੱਗਣ ਵਾਲੀ ਬਾਤ ਨਹੀਂ। ਸੱਚੀਓ ਦੁੱਧ ਵਿੱਚ ਪਾਣੀ ਐ। ਪਰ ਇਹ ਪਾਣੀ ਮੈਂ ਨਹੀਂ ਪਾਇਆ। ਮੇਰੇ ਲਈ ਦੁੱਧ ਵਿੱਚ ਪਾਣੀ ਦੀ ਛਿੱਟ ਪਾਉਣੀ ਵੀ ਆਪਣੇ ਨਿਆਣਿਆਂ ਦੀ ਰੱਤ ਪਾਉਣ ਦੇ ਬਰਾਬਰ ਐ।’’
‘ਫੇਰ ਹੋਰ ਏਹ ਪਾਣੀ ਕੀਹਨੇ ਪਾਇਐ?’
‘ਏਹ ਪਾਣੀ ਪਾਇਆ ਹੋਊ ਦੁੱਧ ਪਾਉਣ ਵਾਲੇ ਨੇ..’ ਬਾਬੂ ਰਾਮ ਬੋਲਦਾ-ਬੋਲਦਾ ਬੀਤੇ ਭਲੇ ਸਮਿਆਂ ਦੀ ਗੱਲ ਕਰਨ ਲੱਗ ਜਾਂਦਾ ‘ਭਾਈ! ਕੋਈ ਜ਼ਮਾਨਾ ਹੁੰਦਾ ਸੀ।. ਜਦੋਂ ਲੋਕੀਂ ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਬਰਾਬਰ ਸਮਝਦੇ ਹੁੰਦੇ ਸੀ। ਜੇ ਕਿਸੇ ਮਾਲ ਡੰਗਰ ਨਾ ਰੱਖਣ ਵਾਲੇ ਭੈਣ ਭਾਈ ਨੂੰ ਦੁੱਧ ਲੈਣਾ ਪੈ ਜਾਣਾ ਤਾਂ ਅਗਲੇ ਨੇ ਆਖਣਾ, ਭਾਈ ‘ ਊਂ ਦੁੱਧ ਭਾਵੇਂ ਲੈਜਾ ਪਰ ਮੁੱਲ ਨੂੰ ਦੁੱਧ ਦੀ ਤਿੱਪ ਵੀ ਨਹੀਂ। ਜੀਹਨੇ ਦੁੱਧ ਵੇਚ ਲਿਆ ਉਨੇ ਪੁੱਤ ਵੇਚ ਲਿਆ।
‘ਬਾਬੂ ਰਾਮ ! ਗੱਲਾਂ ਤਾਂ ਤੇਰੀਆਂ ਪੱਥਰ ’ਤੇ ਲਕੀਰ ਨੇ ਪਰ ਦੁੱਧ ਜਾਂ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ’ਚ ਸੰਥੈਟਕ ਪਾਊਡਰ ਮਿਲਾਉਣ ਵਾਲਿਆਂ ਖਿਲਾਫ ਸਰਕਾਰ ਸਖਤੀ ਕਿਉਂ ਨਹੀਂ ਵਰਤਦੀ ? ਏਸ਼ਗੱਲ ਦੀ ਸਮਝ ਨਹੀਂ ਆਉਂਦੀ।
‘ਬਈ ਵੋਟਾਂ ਵਾਲੀਆਂ ਪਾਰਟੀਆਂ ਦੀਆਂ ਸਰਕਾਰਾਂ ਬੇਈਮਾਨ ਮਿਲਾਵਟ ਖੋਰਾਂ ਖਿਲਾਫ ਕੁਝ ਨਹੀਂ ਕਰਨਗੀਆਂ। ਪਰ ਧਿਜੇ ਲੋਕ ਏਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਬਈ ਵੋਟਾਂ ਦਾ ਧੂਮ ਧੜੱਕ ਚਾਲੂ ਹੋਣ ਟੈਮ ਵੋਟਾਂ ਵਿੱਚ ਖੜੇ ਹੋਣ ਵਾਲੇ ਲੀਡਰ ਇਨ੍ਹਾਂ ਮਿਲਾਵਟਖੋਰਾਂ, ਭ੍ਰਿਸ਼ਟਾਚਾਰਾਂ ਤੇ ਹੋਰ ਠੱਗਾਂ ਤੋਂ ਲੱਖਾਂ ਲੱਖਾਂ ਰੁਪਏ ਚੋਣ ਫੰਡ ਦੇ  ਲੈਂਦੇ ਐ। .. ਫੇਰ ਭਲਾਂ ਲੱਖਾਂ ਰੁਪਏ ਦੇ ਫੰਡਾਂ ਨਾਲ ਕਾਣੇ ਹੋਏ ਲੀਡਰ ਕਿੱਥੋਂ ਮਿਲਾਵਟ ਖੋਰਾਂ, ਭ੍ਰਿਸ਼ਟਾਚਾਰ ਵਗੈਰਾ ਨੂੰ ਫਾਂਸੀ ਟੰਗਣ ਲੱਗੇ ਐ। ਜੇ ਸ਼ਰਮੋ ਸ਼ਰਮੀ ਇੱਕ ਦੁੱਕੇ ਨੂੰ ਲੋਕਾਂ ਵਿੱਚ ਸੱਚੇ ਹੋਣ ਲਈ ਫੜ ਵੀ ਲੈਂਦੇ ਐ ਤਾਂ ਦੂਜੇ ਦਿਨ ਛੱਡ ਦਿੰਦੇ।
‘‘ਆਪਾਂ ਲੋਕ ਬਾਬੂ ਰਾਮ ! ਸਾਰੇ ਨੁਕਸ ਸਰਕਾਰਾਂ ਵਿੱਚ ਹੀ ਕੱਢੀ ਜਾ ਰਹੇ ਆਂ। ਊਹ ਭਾਈ ! ਭੱਠਾ ਹਰੇਕ ਦਾ ਬੈਠਿਆ ਪਿਐ। ..ਲੈ, ਪਰਸੋਂ ਦੀ ਗੱਲ ਸੁਣ ਲਾ, ਪਰਸੋਂ ਮੈਂ ਨਿਆਣੇ ਨੂੰ ਛੁੱਟੀ ਦਿਵਾਉਣ  ਲਈ ਸਕੂਲ ਚਲਿਆ ਗਿਆ। ਉਥੇ ਇਕ ਮਾਸਟਰ ਪਾੜ੍ਹਿਆਂ ਨੂੰ ਸਵਾਲ ਬੋਲੀ ਜਾਵੇ। .. ਆਕੇ ਇਕ ਦੁੱਧ ਵੇਚਣ ਵਾਲਾ ਰਾਮ ਸਿੰਘ ਕੋਲੋਂ 10 ਰੁਪਏ ਕਿਲੋ ਦੇ ਹਿਸਾਬ ਨਾਲ ਅੱਠ ਕਿਲੋ ਦੁੱਧ ਖਰੀਦਦਾ ਹੈ। ਜੇ ਅਗਾਹਾਂ ਉਹ ਦੁੱਧ ਵੇਚਣ ਵਾਲਾ ਢਾਈ ਸੌ ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਅੱਠ ਕਿਲੋ ਦੁੱਧ ਵਿੱਚ ਪਾਣੀ ਮਿਲਾਉਂਦਾ ਹੈ ਤਾਂ ਪਾਣੀ ਮਿਲਾਇਆ ਸਾਰਾ ਦੁੱਧ ਅਗਾਹਾਂ ਬਾਰਾਂ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੁੱਧ ਵੇਚ ਦਿੰਦਾ ਹੈ। ਦੱਸੇ ਉਸ ਦੁੱਧ ਵੇਚਣ ਵਾਲੇ ਨੂੰ ਕਿੰਨਾ ਲਾਭ ਹੋਇਆ?.. ਮੈਂ ਉਸ ਮਾਸਟਰ ਨੂੰ ਕਿਹਾ ‘ਮਾਸਟਰ ਜੀ! ਕਿਉਂ ਨਿਆਣਿਆਂ ਨੂੰ ਬੇਈਮਾਨ ਬਣਨ ਦੀ ਸਿੱਖਿਆ ਦੇ ਰਹੇ ਹੋ?’ ਵਿਚਾਰਾ ਮਾਸਟਰ ਕੱਚਾ ਜਾ ਹੁੰਦਾ ਬੋਲਿਆ ‘ਭਰਾਵਾ! ਅਸੀਂ ਬੱਚਿਆਂ ਨੂੰ ਬੇਈਮਾਨ ਬਣਨ ਦੀ ਕਾਹਨੂੰ ਸਿੱਖਿਆ ਦਿੰਨੇ ਆ। ਏਹ ਸਿੱਖਿਆ ਦੇਣ ਲਈ ਤਾਂ ਸਾਨੂੰ ਵਿਦਿਅਕ ਮਹਿਕਮਾ ਮਜ਼ਬੂਰ ਕਰਦੈ ਜਿਹੜਾ ਬੱਚਿਆਂ ਦੀਆਂ ਪੁਸਤਕਾਂ ਵਿੱਚ ਦੁੱਧ ਵਿੱਚ ਪਾਣੀ ਮਿਲਾਉਣ ਵਾਲੇ ਸਵਾਲ ਪਾਉਣ ਦੀ ਪੁਸਤਕਾਂ ਲਿਖਣ ਵਾਲਿਆਂ ਨੂੰ ਖੁੱਲੀ ਛੁੱਟੀ ਦਿੰਦੈ। ਸਾਨੂੰ ਤਾਂ ਪੁਸਤਕਾਂ ਮੁਤਾਬਿਕ ਹੀ ਪੜਾਉਣਾ ਪੈਂਦਾ। ਤੂੰ ਹੀ ਦੱਸ ਭਾਈ! ਬੰਦਾ ਜਾਵੇ ਤਾਂ ਕਿੱਧਰ ਜਾਵੇ? ’’
‘ਭਲਿਆ ਪੁਰਸ਼ਾ! ਏਹਦੇ ਵਿੱਚ ਲੋਕਾਂ ਦਾ ਕਸੂਰ ਨਹੀਂ। ਕਸੂਰ ਸਰਕਾਰਾਂ ਦਾ ਹੀ ਐ। ਜਿਹੜੀ ਦੁੱਧ ਵਿੱਚ ਪਾਣੀ ਮਿਲਾਉਣ ਵਾਲੇ ਸਵਾਲਾਂ ਨੂੰ ਪੁਸਤਕਾਂ ਵਿੱਚ ਪਾਉਣ ਦੀ ਖੁਲ ਦਿੰਦੀ ਐ।
ਬਾਬੂ ਰਾਮ  ਨੂੰ ਦੁੱਧ ਪਾਉਂਦੇ ਪਾਉਂਦੇ ਨੂੰ ਸਵੇਰ ਦੇ ਛੇ ਵੱਜ ਜਾਂਦੇ। ਬਾਅਦ ਵਿੱਚ ਉਹ ਆਪਣੇ ਘਰ ਕੁਝ ਸਮਾਂ ਅਰਾਮ ਕਰਦਾ।
ਉਸ ਨੇ ਦੁੱਧ ਖਰੀਦਣ ਅਤੇ ਅਗਾਹਾਂ ਲੋੜਵੰਦਾਂ  ਦੇ ਘਰੀਂ ਪਾਉਣ ਦਾ ਧੰਦਾ ਤਕਰੀਬਨ ਆਪਣੀ ਇੱਕੀ ਬਾਈ ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਸੀ। ਇਸ ਧੰਦੇ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਉਸ ਨੇ ਆਪਣੇ ਕੁਝ ਨਿਯਮ ਬਣਾਏ ਹੋਏ ਸਨ। ਉਹ ਨਿਯਮ ਸਨ, ਜਿਵੇਂ ਸਮੇਂ ਸਿਰ ਦੁੱਧ, ਦੁੱਧ ਵੇਚਣ ਵਾਲਿਆਂ ਦੇ ਘਰਾਂ ਵਿੱਚੋਂ ਲੈਣਾ ਅਤੇ ਸਮੇਂ ਸਿਰ ਹੀ ਅਗਾਹਾਂ ਲੋੜਵੰਦਾਂ ਦੇ ਘਰੀਂ ਵੰਡਣਾ। ਦੁੱਧ ਵੇਚਣ ਵਾਲਿਆਂ ਨੂੰ ਨਿਰਧਾਰਤ ਤਰੀਕ ਤੇ ਦੁੱਧ ਦੇ ਪੈਸੇ ਲੈਣੇ। ਆਪਣੇ ਵੱਲੋਂ ਦੁੱਧ  ਵਿੱਚ ਪਾਣੀ ਵਗੈਰਾ ਦੀ ਮਿਲਾਵਟ ਨਾ ਕਰਨੀ। ਦੁੱਧ ਵਾਲੇ ਬਰਤਨਾਂ ਨੂੰ ਸਾਫ ਸੁਥਰੇ ਰੱਖਣਾ। ਕਿਲੋ ਦੁੱਧ ਮਗਰ ਨਿਸ਼ਚਿਤ ਮੁਨਾਫਾ ਗਾਹਕਾਂ ਨੂੰ ਦੱਸ ਕੇ ਲੈਣਾ। ਦੁੱਧ ਵੇਚਣ ਤੇ ਖਰੀਦਣ ਵਾਲਿਆਂ ਨਾਲ ਠਰੰਮੇ, ਹਲੇਮੀਂ ਅਤੇ ਅਪਣੱਤ ਨਾਲ ਵਰਤੋਂ ਵਿਹਾਰ ਕਰਨਾ। ਆਪਣੇ ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ।
ਅਜਿਹੇ ਨਿਯਮਾਂ ਦੀ ਸਖਤੀ ਨਾਲ ਕੀਤੀ ਜਾਂਦੀ ਆ ਰਹੀ ਪਾਲਣਾ ਕਰਕੇ ਬਾਬੂ ਰਾਮ ਦੀ ਦੁੱਧ ਵੇਚਣ ਤੇ ਖਰੀਦਣ ਵਾਲਿਆਂ ਦੇ ਹੱਕ ਵਿਸ਼ਾਲ ਘੇਰੇ ਨਾਲ ਗੂੜੀ ਸਾਂਝ ਪਈ ਹੋਈ ਸੀ।
ਉਸਦੇ ਅਜਿਹੇ ਵਿਚਾਰ ਸੱਚਮੁੱਚ ਉਤਮ ਸਨ। ਉਸ ਦੇ ਉਤਮ ਵਿਚਾਰਾਂ ਅਤੇ ਸੱਚੇ ਸੁੱਚੇ ਕਾਰੋਬਾਰ ਕਰਕੇ ਉਸ ਦੇ ਪਰਿਵਾਰਕ ਜੀਵਨ ਵਿੱਚ ਵਧੀਆ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ ਸੀ। ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪਣੇ ਹੋਰ ਕੰਮ ਧੰਦੇ ਕਰਨ ਦੇ ਨਾਲ ਨਾਲ ਉਸ ਦੇ, ਦੁੱਧ ਦੇ ਕੰਮ ਵਿੱਚ ਵੀ ਹੱਥ ਵਟਾਉਂਦੇ।  ਉਸਦੀ ਪਤਨੀ ਸੱਤਿਆ ਦੇਵੀ ਪਰਚੂਨ ਦੀ ਦੁਕਾਨ ਚਲਾਉਣ ਦੇ ਨਾਲ ਨਾਲ ਪਿੰਡ ਵਿਚੋਂ ਆਉਂਦਾ  ਦੁੱਧ ਆਪਣੇ ਘਰ ਵਿੱਚ ਸ਼ੁਰੂ ਕੀਤੀ ਡੇਅਰੀ ਵਿੱਚ ਇਕੱਟਾ ਕਰਦੀ। ਮੁੱਲ ਦੁੱਧ ਲੈ ਕੇ ਜਾਣ ਵਾਲਿਆਂ ਨੂੰ ਦੁੱਧ ਸਪਲਾਈ ਕਰਦੀ। ਇਹ ਕੰਮ ਸੱਤਿਆ ਦੇਵੀ ਨੂੰ ਉਸ ਸਮੇਂ ਤੋਂ ਕਰਨਾ ਸ਼ੁਰੂ ਕੀਤਾ ਹੋਇਆ ਸੀ ਜਿਸ ਸਮੇਂ ਤੋਂ ਬਾਬੂ ਰਾਮ ਨੇ ਰਾਜਦੂਤ ਮੋਟਰ ਸਾਇਕਲ ਖਰੀਦ ਕੇ ਉਸ ਮੋਟਰ ਸਾਇਕਲ ’ਤੇ ਆਥਣ ਉਗਣ ਦਾ ਤਕਰੀਬਨ ਦੋ ਕੁਇੰਟਲ ਦੁੱਧ ਆਪਣੇ ਪਿੰਡ ਨੇੜਲੇ ਸ਼ਹਿਰ ਵਿੱਚ ਸਪਲਾਈ ਕਰਨਾ ਸ਼ੁਰੂ ਕੀਤਾ ਸੀ। ਬਾਬੂ ਰਾਮ ਦਾ ਬੀਏ ਪਾਸ ਮੁੰਡਾ ਟਿਊਸ਼ਨਾਂ ਪੜਾਉਣ ਦੇ ਨਾਲ ਨਾਲ ਆਪਣੇ ਪਿਤਾ ਦੇ ਦੁੱਧ ਦੇ ਕਾਰੋਬਾਰ ਵਿੱਚ ਸਮੇਂ ਸਮੇਂ ਸਿਰ ਹੱਥ ਵਟਾਉਣੋ ਨਹੀਂ ਖੁੰਝਦਾ ਸੀ। ਉਹ ਆਪਣੇ ਪਿਤਾ ਦੇ ਦੁੱਧ ਦੇ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਣ ਤੇ ਪੈਸਿਆਂ ਦੇ ਦੇਣ ਲੈਣ ’ਚ ਪਿਤਾ ਦੀ ਮੱਦਦ ਕਰਦਾ। ਬਾਬੁੂ ਰਾਮ ਦੀ ਨੂੰਹ ਕਮਲੇਸ਼ ਰਾਣੀ ਜੋ ਈ.ਟੀ.ਟੀ. ਅਧਿਆਪਕਾ ਸੀ, ਘਰ ਦੇ ਚੁੱਲੇ ਚੌਕੇ ਦਾ ਕੰਮ ਨਿਬੇੜ ਕੇ ਅਤੇ ਦੁੱਧ ਵਾਲੇ ਬਰਤਣ ਵਗੈਰਾ ਸਾਫ ਕਰਕ ਸਕੂਲ ਪੜ੍ਹਾਉਣ ਜਾਂਦੀ। ਦੁੱਧ ਦੇ ਕਾਰੋਬਾਰ ਨੇ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਮਿਹਨਤੀ ਅਤੇ ਥਵਾਕ ਵਾਲੇ ਹੋਣ ਨੇ ਬਾਬੂ ਰਾਮ ਦੇ ਘਰ ਨੂੰ ਚਾਰ ਚੰਨ ਲਾ ਦਿੱਤੇ ਸਨ।  ਬਾਬੂ ਰਾਮ ਸ਼ਹਿਰ ਵਿਚਲੇ ਜਿਸ ਨਰਸਿੰਗ ਕਾਲਜ ਵਿਚ ਦੁੱਧ ਪਾਉਂਦਾ  ਸੀ ਉਸ ਕਾਲਜ ਦੇ ਡਾਇਰੈਕਟਰ ਨੇ ਬਾਬੂ ਰਾਮ ਦੇ ਪਰਿਵਾਰ ਦੇ ਮਿਹਨਤੀ, ਇਮਾਨਦਾਰ ਅਤੇ ਮਿਲਾਪੜੇ ਗੁਣਾਂ ਦੀ ਕਦਰ ਕਰਦਿਆਂ ਬਾਬੂ ਰਾਮ ਦੇ ਬੀ.ਏ. ਪਾਸ ਮੁੰਡੇ ਦਾ ਆਪਣੇ ਪਿੰਡ ਵਾਲੇ ਘਰ ਵਿੱਚ ਦਸਵੀਂ ਤੱਕ ਦਾ ਸਕੂਲ ਖੁਲਵਾਅ ਦਿੱਤਾ ਸੀ। ਬਾਬੂ ਰਾਮ ਦਾ ਪਰਿਵਾਰ ਲੋਕਾਂ ਨੂੰ ਦੁੱਧ ਸਪਲਾਈ ਕਰਨ ਦੇ ਨਾਲ ਨਾਲ ਵਿੱਦਿਆ ਦਾ ਚਾਨਣ ਵੰਡਣ ਲੱਗਿਆ ਸੀ।
ਬਿਰਜ ਲਾਲ ਦਾ ਸਾਰਾ ਪਰਿਵਾਰ ਸਾਦਾ ਪਹਿਨਦਾ ਸੀ ਪਰ ਦੁੱਧ ਦਹੀ ਤੇ ਘਿਉਂ ਦੀ ਵਰਤੋਂ ਖੁੱਲ੍ਹ ਕੇ ਕਰਦਾ ਸੀ। ਸਰੀਰਕ ਪੱਖੋਂ ਤਕੜਾਹੋਣ ਕਰਕੇ ਘਰਦੇ ਸਾਰੇ ਔਖੇ ਤੋਂ ਔਖੇ ਕੰਮ ਆਪ ਕਰਦਾ ਸੀ। ਉਮਰ ਸੱਤਰਵੇਂ ਵਰ੍ਹੇ ਨੂੰ ਢੁੱਕ ਜਾਣ ਦੇ ਬਾਵਜੂਦ ਵੀ ਬਿਰਜ ਲਾਲ ਨੇ ਸ਼ਹਿਰ ਦੁੱਧ ਸਪਲਾਈ ਕਰਨਾ ਨਹੀਂ ਛੱਡਿਆ ਸੀ। ਜਦ ਉਹ ਮੋਟਰ ਸਾਇਕਲ ’ਤੇ ਦੁੱਧ ਨਾਲ ਭਰੇ ਭਾਰੀ ਢੋਲ ਲੱਦੀ ਸ਼ਹਿਰ ਨੂੰ ਜਾ ਰਿਹਾ ਹੁੰਦਾ ਤਾਂ ਸੜਕ ਤੇ ਉਸ ਨੂੰ ਸ਼ਹਿਰੀ ਸੈਰ ਕਰਦੇ ਮਿਲਦੇ। ਪਾਣੀ ਨਾਲ ਭਰੇ ਚਮੜੇ ਦਾ ਕੂਨ੍ਹਿਆਂ ਵਾਂਗ ਛਲ੍ਹਕਦੀਆਂ ਸ਼ਹਿਰੀ ਲਾਲਿਆਂ ਦੀਆਂ ਗੋਗੜਾਂ ਦੇਖ ਤੇ ਭਾਰੇ ਲੱਦੇ ਹੇਠਲੇ ਬੁੱਢੇ ਊਠ ਦੀ ਤੋਰ ਵਰਗੀ ਉਨ੍ਹਾਂਦੀ ਤੋਰ ਦੇਖ ਬਿਰਜ ਲਾਲ ਦਾ ਹਾਸਾ ਮੱਲੋਮੱਲੀ ਨਿਕਲਦਾ।
ਬਿਰਜ ਲਾਲ  ਦੁੱਧ ਸਪਲਾਈ ਕਰਦਾ ਕਰਦਾ ਹਾਲੇ ਸ਼ਹਿਰ ਦੇ ਚੌਕ ਵਿੱਚ ਹੀ ਪਹੁੰਚਿਆ ਸੀ। ਇੰਨੇ ਨੂੰ ਉਸ ਦੀ ਨਜ਼ਰ ਸ਼ਹਿਰ ਦੇ ਚੌਕ ਵਿੱਚ ਇਕੱਠੇ ਹੋ ਰਹੇ ਦੋਧੀਆਂ ’ਤੇ ਪਈ। ਇਕ ਦੋਧੀ ਨੇ ਬਿਰਜ ਲਾਲ ਵੱਲ ਤੱਕਦਿਆਂ ਕਿਹਾ,
‘ਓਏ! ਆ-ਜਾ, ਆ-ਜਾ ਬ੍ਰਿਜੂ ਤੂ ਵੀ ਆ-ਜਾ।’
ਮੈ ਵੀ ਆ ਗਿਆ..ਤੇ ਤੁਸੀਂ ਪਤੰਦਰੋ! ਸਾਰੇ ਕਿਵੇਂ ‘ਕੱਠ ਮਾਰੀ ਖੜੇਂਓ? ਊਂ ਤਾਂ ਸੁੱਖ ਐ?’’
‘ਸੁੱਖ ਹੁੰਦੀ ਤਾਂ ਐਥੇ ਕੱਠੇ ਕਾਹਨੂੰ ਹੁੰਦੇ।’’
ਫੇਰ ਵੀ ਹੋ ਕੀ ਗਿਆ? ਬਿਰਜ ਲਾਲ ਨੇ ਹਾਲੇ ਆਪਣੀ ਗੱਲ ਪੂਰੀ ਹੀ ਕੀਤੀ ਸੀ ਕਿ ਇੰਨੇ ਨੂੰ ਇੱਕ ਨੌਜਵਾਨ ਦੋਧੀ ਬੋਲਣ ਲਈ ਉਚੇ ਥੜੇ ਤੇ ਚੜਿਆ। ਉਹ ਦੋਧੀਆਂ ਵੱਲ ਮੂੰਹ ਕਰਕੇ ਬੋਲਣ ਲੱਗਿਆ,
‘ਦੋਧੀ ਭਰਾਵੋ! ਥੋਡੇ ਵਿੱਚੋਂ ਕੁਛ ਨੂੰ ਸ਼ਾਇਕ ਇਹ ਮਲੂਮ ਨਾ ਹੋਵੇ ਕਿ ਦੁੱਧ ਦੇ ਧੰਦੇ ’ਤੇ ਆਪਣੀ ਇਜਾਰੇਦਾਰੀ ਕਾਇਮ ਕਰਨ ਲਈ ਦੇਸ਼ ਵਿਦੇਸ਼ੀ ਅਮੀਰਾਂ ਦੀਆਂ ਕੰਪਨੀਆਂ ਉਵੇਂ ਕਾਹਲੀਆਂ ਪਈਆਂ ਹੋਈਆਂ ਨੇ ਜਿਵੇਂ ਬਾਦਲਕਿਆਂ ਨੇ ਬੱਸਾਂ ਦੀ ਟਰਾਂਸਪੋਰਟ  ’ਤੇ ਆਪਣੀਆਂ ਏ.ਸੀ. ਬੱਸਾਂ ਦੀ ਇਜਾਰੇਦਾਰੀ ਕਾਇਮ ਕਰ ਲਈ ਕਾਹਲ ਕੀਤੀ ਹੋਈ ਹੈ। ਜੇ ਏਹ ਭਾਣਾ ਵਾਪਰਦਾ ਹੈ ਤਾਂ ਆਪਾਂ ਸਾਰੇ ਦੋਧੀ ਬੇਰੁਜ਼ਗਾਰ ਹੋ ਜਾਵਾਂਗੇ। ਫੇਰ ਆਪਣਾ ਕੀ ਬਣੇਗਾ’’
‘‘ਘੋਲ ਕਾਹੀਦੀਐ ਯੂਨੀਅਨ ਬਣਾਓ।’’
‘ਯੂਨੀਅਨ ਬਣਾਵਾਂਗੇ ਕਦੋਂ ਭਰਾਵੋ! ਹੁਣ ਹੀ ਚੁਣ ਲੋਂ ਯੂਨੀਅਨ ਦੇ ਬੰਦੇ।’
‘‘ਬਈ! ਅਸੀਂ ਆਵਦੇ ਪਿੰਡਾਂ ਵੰਨੀਉਂ ਗੰਡੇ ਨੂੰ ਯੂਨੀਅਨ ਖਾਤਰ ਦਿੰਨੇ ਆਂ।’’
‘‘ਸਾਡੇ ਪਿੰਡਾਂ ਵੰਨੀਓ ਭਾਈ ਬਿਰਜ ਲਾਲ ਦਿੱਤਾ ਅਸੀਂ।’’
ਗੰਡੇ, ਬ੍ਰਿਜ ਲਾਲ ਤੇ ਪੰਜ ਹੋਰ ਦੋਧੀਆਂ ਨੂੰ ਲੈ ਕੇ ਦੋਧੀ ਯੂਨੀਅਨ ਦੀ ਸੱਤ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।
‘‘ਦੋਧੀ ਯੂਨੀਅਨ!’’
‘‘ਜ਼ਿੰਦਾਬਾਦ!’’
‘‘ਸਾਡਾ ਰੁਜ਼ਗਾਰ ਖੋਹਣ ਵਾਲੀਆਂ ਕੰਪਨੀਆਂ!’’
‘‘ਮੁਰਦਾਬਾਦ’’
ਬਿਰਜ ਲਾਲ ਨੇ ਜ਼ਿੰਦਾਬਾਦ ਤੇ ਮੁਰਦਾਬਾਦ ਗੂੰਜਾਉਂਦਿਆਂ, ਆਪਣੀ ਆਵਾਜ਼ ਦੂਸਰੇ ਦੋਧੀਆਂ ਦੀ ਆਵਾਜ਼ ਦੇ ਨਾਲ ਮਿਲਾਉਣ ਦੇ ਨਾਲ-ਨਾਲ ਆਪਣੀ ਸੱਜੀ ਉਪਰ ਉਠਾਈ ਬਾਂਹ ਦਾ ਤਣਿਆ ਮੁੱਦਾ ਹਵਾ ’ਚ ਲਹਿਰਾਇਆ।

WRITTEN BY