Skip to content
Independent perspectives. Global stories.
BREAKING

ਵਧ ਰਹੀਆਂ ਹਨ ਦੂਰੀਆਂ

Share this story

ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ)

Page3_32 ਪੰਜਾਬ ’ਚ ਕਾਫੀ ਸਮੇਂ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ‘ਚ ਆਪਸੀ ਵਿਰੋਧ ਦੀਆਂ ਆਵਾਜ਼ਾਂ ਉੱਠਦੀਆਂ ਆ ਰਹੀਆਂ ਹਨ ਪਰ ਅਨੇਕਾਂ ਕਾਰਨਾਂ ਕਰਕੇ ਇਨ੍ਹਾਂ ਆਵਾਜ਼ਾਂ ‘ਚ ਕੋਈ ਬਹੁਤਾ ਦਮ ਨਹੀਂ ਸੀ ਲਗਦਾ। ਸਮਾਂ ਪਾ ਕੇ ਹੌਲੀ-ਹੌਲੀ ਇਹ ਵਲੀਨ ਹੁੰਦੀਆਂ ਰਹੀਆਂ। ਅੰਮ੍ਰਿਤਸਰ ਤੋਂ ਤਿੰਨ ਵਾਰ ਚੁਣੇ ਗਏ ਭਾਜਪਾ ਦੇ ਸਾਬਕ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਦੇ ਵੱਡੇ ਅਕਾਲੀ ਆਗੂਆਂ ਨਾਲ ਮਤਭੇਦ ਵੀ ਉੱਭਰ ਕੇ ਸਾਹਮਣੇ ਆਉਂਦੇ ਰਹੇ। ਇਨ੍ਹਾਂ ਦੀ ਵੱਡੀ ਚਰਚਾ ਵੀ ਹੁੰਦੀ ਰਹੀ ਪਰ ਇਸ ਨੂੰ ਸਥਾਨਕ ਮਸਲਾ ਕਹਿ ਕੇ ਟਾਲ ਦਿੱਤਾ ਜਾਂਦਾ ਰਿਹਾ। ਇਸੇ ਹੀ ਸਮੇਂ ਉਨ੍ਹਾਂ ਦੀ ਪਤਨੀ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦੇ ਬਿਆਨ ‘ਤੇ ਕਾਰਵਾਈਆਂ ਕਾਫੀ ਵਿਵਾਦ ਪੈਦਾ ਕਰਨ ਵਾਲੀਆਂ ਸਨ, ਜਿਨ੍ਹਾਂ ਦਾ ਅਸਰ ਸਿਆਸੀ ਮਾਹੌਲ ‘ਤੇ ਪੈਂਦਾ ਰਿਹਾ। ਲੋਕ ਸਭਾ ਦੀਆਂ ਚੋਣਾਂ ‘ਚ ਅੰਮ੍ਰਿਤਸਰ ਤੋਂ ਚੋਣ ਲੜੇ ਸ੍ਰੀ ਅਰੁਣ ਜੇਤਲੀ ਦੀ ਨਮੋਸ਼ੀਜਨਕ ਹਾਰ ਲਈ ਦੋਵੇਂ ਹੀ ਪਾਰਟੀਆਂ ਇਕ-ਦੂਜੀ ‘ਤੇ ਦੋਸ਼ ਲਗਾਉਂਦੀਆਂ ਰਹੀਆਂ ਅਤੇ ਇਸ ਹਾਰ ਨੇ ਪੰਜਾਬ ਦੇ ਸਿਆਸੀ ਮਾਹੌਲ ‘ਚ ਖਟਾਸ ਭਰ ਦਿੱਤੀ। ਪੰਜਾਬ ‘ਚ

ਹਕੂਮਤ ਕਰਦਿਆਂ ਇਸ ਗਠਜੋੜ ਦੀ ਇਹ ਦੂਸਰੀ ਪਾਰੀ ਹੈ। ਇਸ ਸਾਰੇ ਸਮੇਂ ‘ਚ ਸ: ਪ੍ਰਕਾਸ਼ ਸਿੰਘ ਬਾਦਲ ਇਕ ਪ੍ਰਭਾਵਸ਼ਾਲੀ ਸਿਆਸੀ ਸ਼ਖ਼ਸੀਅਤ ਵਜੋਂ ਵਿਚਰਦੇ ਰਹੇ। ਦੂਸਰੇ ਸ਼ਬਦਾਂ ‘ਚ ਦੋਵਾਂ ਪਾਰਟੀਆਂ ਨੂੰ ਇਕ ਸੂਤਰ ‘ਚ ਪਰੋਈ ਰੱਖਣ ‘ਚ ਹੁਣ ਤੱਕ ਸ: ਬਾਦਲ ਦਾ ਪ੍ਰਭਾਵ ਕਾਫੀ ਹੱਦ ਤੱਕ ਕੰਮ ਆਇਆ। ਪੰਜਾਬ ਭਾਜਪਾ ਦੇ ਵੱਡੇ ਆਗੂ ਅਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ‘ਚ ਓਨੀ ਇਕਮੁਠਤਾ ਨਹੀਂ ਬਣ ਸਕੀ ਜਿੰਨੀ ਕਿ ਇਕ ਚੰਗੇ ਗਠਜੋੜ ਲਈ ਜ਼ਰੂਰੀ ਹੁੰਦੀ ਹੈ। ਭਾਜਪਾ ਆਗੂਆਂ ਨੂੰ ਅਕਸਰ ਉਪ-ਮੁੱਖ ਮੰਤਰੀ ਦੀ ਕਾਰਜਸ਼ੈਲੀ ‘ਤੇ ਗਿਲਾ ਰਿਹਾ ਹੈ। ਉਨ੍ਹਾਂ ਨੂੰ ਬਹੁਤੀ ਵਾਰ ਇਹ ਸ਼ਿਕਾਇਤ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਨਾਲ ਉਸ ਕਦਰ ਰਾਬਤਾ ਨਹੀਂ ਰੱਖਦੇ ਤੇ ਫ਼ੈਸਲੇ ਲੈਂਦਿਆਂ ਉਸ ਤਰ੍ਹਾਂ ਵਿਚਾਰ-ਵਟਾਂਦਰਾ ਨਹੀਂ ਕਰਦੇ, ਜਿਵੇਂ ਕਿ ਇਕ ਚੰਗੇ ਗਠਜੋੜ ਵਿਚ ਜ਼ਰੂਰਤ ਹੁੰਦੀ ਹੈ। ਦੂਸਰੀ ਪਾਰੀ ਦੀ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਵੀ ਬਹੁਤੀ ਸ਼ਾਨਦਾਰ ਨਹੀਂ ਕਹੀ ਜਾ ਸਕਦੀ। ਇਹ ਕਾਫੀ ਵਿਵਾਦਾਂ ‘ਚ ਵੀ ਘਿਰੀ ਰਹੀ ਹੈ। ਰਾਜ ਸਰਕਾਰ ਨੂੰ ਆਰਥਿਕ ਤੰਗੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਆਗੂ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਅਜਿਹਾ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਹੋਇਆ ਹੈ। ਉਨ੍ਹਾਂ ਨੂੰ ਇਹ ਵੀ ਗਿਲਾ ਰਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਇਕਪਾਸੜ ਹੋਣ ਕਾਰਨ ਸ਼ਹਿਰਾਂ ਦੇ ਲੋਕ ਉਸ ਤੋਂ ਨਾਰਾਜ਼ ਹੁੰਦੇ ਗਏ। ਜਿਸ ਕਰਕੇ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਲਗਦਾ ਰਿਹਾ। ਪਿਛਲੀਆਂ ਲੋਕ ਸਭਾ ਚੋਣਾਂ ‘ਚ ਨਰਿੰਦਰ ਮੋਦੀ ਦੇ ਹੱਕ ‘ਚ ਬਣੀ ਲਹਿਰ ਕੇਂਦਰ ‘ਚ ਭਾਜਪਾ ਦੀ ਸਰਕਾਰ ਲਿਆਉਣ ‘ਚ ਸਹਾਈ ਹੋਈ। ਇਨ੍ਹਾਂ ਚੋਣਾਂ ‘ਚ ਭਾਜਪਾ ਨੂੰ ਇਸ ਕਦਰ ਹੁਲਾਰਾ ਮਿਲਿਆ ਤੇ ਉਸ ਦੇ ਏਨੀ ਵੱਡੀ ਗਿਣਤੀ ‘ਚ ਲੋਕ ਸਭਾ ਦੇ ਮੈਂਬਰ ਚੁਣੇ ਗਏ, ਜਿਸ ਦੀ ਉਨ੍ਹਾਂ ਨੂੰ ਆਪ ਵੀ ਉਮੀਦ ਨਹੀਂ ਸੀ। ਬਿਨਾਂ ਸ਼ੱਕ ਆਰ.ਐਸ.ਐਸ. (ਰਾਸ਼ਟਰੀ ਸੋਇਮ ਸੇਵਕ ਸੰਘ) ਦੀ ਇਸ ਪਾਰਟੀ ਨੂੰ ਪ੍ਰਾਪਤ ਸਰਪ੍ਰਸਤੀ ਕਿਸੇ ਤੋਂ ਛੁਪੀ ਨਹੀਂ। ਜਿਥੇ ਇਸ ਨੂੰ ਇਸ ਸਮੇਂ ਇਸ ਦੀ ਸ਼ਕਤੀ ਕਿਹਾ ਜਾ ਸਕਦਾ ਹੈ, ਉਥੇ ਇਸ ਗੱਲ ‘ਤੇ ਦੇਸ਼ ਭਰ ‘ਚ ਵੱਡੇ ਵਿਵਾਦ ਵੀ ਪੈਦਾ ਹੋਏ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ‘ਚ ਮਹਾਰਾਸ਼ਟਰ ਤੇ ਹਰਿਆਣੇ ‘ਚ ਭਾਜਪਾ ਨੂੰ ਮਿਲੇ ਵੱਡੇ ਚੋਣ ਹੁੰਗਾਰੇ ਤੋਂ ਬਾਅਦ ਅਤੇ ਇਥੇ ਹਕੂਮਤਾਂ ਸਥਾਪਤ ਕਰਨ ਤੋਂ ਪਿੱਛੋਂ ਭਾਜਪਾ ਵਧੇਰੇ ਵਿਸ਼ਵਾਸ ‘ਚ ਵਿਚਰ ਰਹੀ ਲਗਦੀ ਹੈ। ਆਉਣ ਵਾਲੀਆਂ ਦਿੱਲੀ ਰਾਜ ਦੀਆਂ ਚੋਣਾਂ ‘ਚ ਉਸ ਨੂੰ ਉਮੀਦ ਹੈ ਕਿ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਸਕਦਾ ਹੈ। ਅਜਿਹੀ ਸੂਰਤ ‘ਚ ਪੰਜਾਬ ‘ਚ ਭਾਜਪਾ ਦੀਆਂ ਇੱਛਾਵਾਂ ਦਾ ਵਧ ਜਾਣਾ ਕੁਦਰਤੀ ਲਗਦਾ ਹੈ। ਇਸੇ ਲਈ ਪਿਛਲੇ ਦਿਨਾਂ ‘ਚ ਜਿਥੇ ਪੰਜਾਬ ਦੇ ਭਾਜਪਾ ਆਗੂਆਂ ਦੇ ਤੇਵਰਾਂ ‘ਚ ਫ਼ਰਕ ਆਇਆ ਲਗਦਾ ਹੈ, ਉਥੇ ਇਹ ਵੀ ਲਗਦਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਹਾਈ ਕਮਾਨ ਦਾ ਪ੍ਰਤੱਖ ਜਾਂ ਅਪ੍ਰਤੱਖ ਇਸ਼ਾਰਾ ਮਿਲਿਆ ਹੋਇਆ ਹੈ। ਹਰਿਆਣਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਜਿਸ ਤਰ੍ਹਾਂ ਅਕਾਲੀ ਲੀਡਰਸ਼ਿਪ ਵਿਰੁੱਧ ਭੜਾਸ ਕੱਢੀ ਗਈ, ਉਸ ਤੋਂ ਵੀ ਇਹ ਗੱਲ ਪ੍ਰਪੱਕ ਹੁੰਦੀ ਜਾਪਦੀ ਹੈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਅਕਾਲੀਆਂ ਵੱਲੋਂ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਦੀ ਹਮਾਇਤ ਕਰਨ ਨਾਲ ਭਾਜਪਾ ‘ਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਸੀ। ਇਸ ਤੋਂ ਬਾਅਦ ਦੇ ਸਮੇਂ ਵਿਚ ਪੰਜਾਬ ਦੇ ਸਿਆਸੀ ਹਾਲਾਤ ਕਾਫੀ ਬਦਲਦੇ ਨਜ਼ਰ ਆ ਰਹੇ ਹਨ। ਚਾਹੇ ਬਜ਼ੁਰਗ ਆਗੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਭਾਈਚਾਰਕ ਗਠਜੋੜ ਲਈ ਬਿਆਨ ਦਿੰਦੇ ਆ ਰਹੇ ਹਨ ਪਰ ਜੋ ਸਿਆਸੀ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਦੋਵੇਂ ਹੀ ਪਾਰਟੀਆਂ ਆਪਣੀ ਆਜ਼ਾਦ ਸਿਆਸੀ ਉਡਾਨ ਲਈ ਪਰ ਤੋਲਣ ਲੱਗੀਆਂ ਹਨ। ਇਸੇ ਹੀ ਦਿਸ਼ਾ ਵਿਚ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਭਾਜਪਾ ਦੇ ਮਾਮਲਿਆਂ ਦੇ ਨਵੇਂ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੀ ਚੰਡੀਗੜ੍ਹ ਫੇਰੀ ਨੇ ਵੀ ਇਨ੍ਹਾਂ ਪ੍ਰਭਾਵਾਂ ਨੂੰ ਹੋਰ ਸਪੱਸ਼ਟ ਕੀਤਾ ਹੈ। ਕਥੇਰੀਆ ਦੋ ਦਿਨਾਂ ਦੇ ਸਮੇਂ ਦੌਰਾਨ ਅਕਾਲੀ ਆਗੂਆਂ ਨੂੰ ਨਹੀਂ ਮਿਲੇ। ਜੇਕਰ ਉਨ੍ਹਾਂ ਦੇ ਬਿਆਨਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਉਹ ਭਾਜਪਾ ਆਗੂਆਂ ਨੂੰ ਆਜ਼ਾਦ ਹੋ ਕੇ ਵਿਚਰਨ ਦੀ ਹੱਲਾਸ਼ੇਰੀ ਦਿੰਦੇ ਨਜ਼ਰ ਆਉਂਦੇ ਹਨ। ਇਸ ਸੂਰਤ ‘ਚ ਜਿਥੇ ਸਿਆਸੀ ਅਨਿਸਚਿਤਤਾ ਵਧ ਰਹੀ ਹੈ, ਉਥੇ ਇਹ ਹਾਲਾਤ ਪੰਜਾਬ ਸਰਕਾਰ ਦੇ ਵਿਸ਼ਵਾਸ ਨਾਲ ਵਿਚਰਨ ਨੂੰ ਵੀ ਖੋਰਾ ਲਗਾ ਰਹੇ ਲਗਦੇ ਹਨ। ਇਸ ਲਈ ਬਣ ਰਹੇ ਹਾਲਾਤ ਆਉਂਦੇ ਦਿਨਾਂ ‘ਚ ਸਰਕਾਰ ਦੀ ਚਿੰਤਾ ‘ਚ ਵਾਧਾ ਕਰਨ ਵਾਲੇ ਸਾਬਤ ਹੋਣਗੇ, ਜੋ ਕਿ ਪਹਿਲਾਂ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ। ਇਹ ਸਥਿਤੀ ਪੰਜਾਬ ਦੇ ਵਿਕਾਸ ਨੂੰ ਹੋਰ ਵੀ ਧੀਮਾ ਕਰ ਸਕਦੀ ਹੈ ਅਤੇ ਇਸ ਨਾਲ ਰਾਜ ਦੀ ਆਰਥਿਕਤਾ ਹੋਰ ਵੀ ਡਗਮਗਾ ਜਾਏਗੀ।

WRITTEN BY