ਚੰਡੀਗੜ੍ਹ, 2 ਨਵੰਬਰ (ਪੀ. ਟੀ.)- ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਇੱਕੋ ਛੱਤ ਹੇਠ ਸਾਰੀਆਂ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ‘ਏਕੀਕ੍ਰਿਤ ਨਾਗਰਿਕ ਸੇਵਾਵਾਂ ਪ੍ਰਦਾਤਾ ਕੇਂਦਰਾਂ’ ਦੀ ਸਥਾਪਨਾ ਦਾ ਅਹਿਮ ਉਪਰਾਲਾ ਕਰਨ ਵਾਲਾ ਪੰਜਾਬ ਦੇਸ਼ ਵਿਚੋਂ ਮੋਹਰੀ ਸੂਬਾ ਹੈ ਜਿੱਥੇ ਰਾਜ ਦੇ ਸ਼ਹਿਰੀਆਂ ਨੂੰ ਤੈਅ ਸਮਾਂ ਹੱਦ ਅੰਦਰ ਮਿਆਰੀ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਈਆਂ ਜਾਣਗੀਆਂ ਜਿਸ ਨਾਲ ਰਾਜ ਦੇ ਲੋਕਾਂ ਦੇ ਰੋਜਮਰਾਂ ਦੇ ਜੀਵਨ ਵਿਚ ਵੱਡਾ ਬਦਲਾਅ ਆਵੇਗਾ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਚਿਤਵੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ‘ਘੱਟੋ-ਘੱਟ ਸਰਕਾਰ-ਵੱਧ ਤੋਂ ਵੱਧ ਸ਼ਾਸਨ’ ਦੀ ਅਵਧਾਰਨਾ ਤਹਿਤ ਪੰਜਾਬ ਅੰਦਰ ਪ੍ਰਸਾਸ਼ਨਿਕ ਸੁਧਾਰਾਂ ਦੀ ਦਿਸ਼ਾ ਵਿਚ ਇਹ ਵੱਡੀ
ਪ੍ਰਾਪਤੀ ਹੋਵੇਗੀ ਜਿਸ ਨਾਲ ਲੋਕ ਲਾਈਨਾਂ ਵਿੱਚ ਲੱਗ ਕੇ ਨਹੀਂ ਸਗੋਂ ਆਨਲਾਈਨ ਸਹੂਲਤਾ ਪ੍ਰਾਪਤ ਕਰ ਸਕਣਗੇ। ਬੁਲਾਰੇ ਅਨੁਸਾਰ ਦਿਹਾਤੀ ਖੇਤਰਾਂ ਵਿਚ 1750 ਅਤੇ ਸ਼ਹਿਰੀ ਇਲਾਕਿਆਂ ਵਿਚ 424 ਅਜਿਹੇ ਸਾਈਬਰ ਸੇਵਾ ਕੇਂਦਰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 225 ਪ੍ਰਕਾਰ ਦੀਆਂ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠ ਤੈਅ ਸਮਾਂ ਹੱਦ ਅੰਦਰ ਰਾਜ ਦੇ ਨਾਗਰਿਕਾਂ ਨੂੰ ਉਪਲਬੱਧ ਕਰਵਾਉਣਗੇ। ਪੰਜਾਬ ਈ-ਗਵਰਨੈਂਸ ਸੁਸਾਇਟੀ ਇੰਨ੍ਹਾਂ ਕੇਂਦਰਾਂ ਦੀ ਸਥਾਪਨਾ ਅਤੇ ਚਲਾਉਣ ਦਾ ਕਾਰਜਭਾਰ ਵੇਖ ਰਹੀ ਹੈ। ਬੁਲਾਰੇ ਅਨੁਸਾਰ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਭਵਿੱਖ ਵਿਚ ਕੋਈ ਵੀ ਸਰਕਾਰੀ ਵਿਭਾਗ ਆਪਣਾ ਸੇਵਾ ਕੇਂਦਰ ਸਥਾਪਿਤ ਨਹੀਂ ਕਰੇਗਾ ਅਤੇ ਸਾਰੀਆਂ ਸਰਕਾਰੀ ਸੇਵਾਵਾਂ ਅਜਿਹੇ ਸੇਵਾ ਪ੍ਰਦਾਤਾ ਕੇਂਦਰਾਂ ਰਾਹੀਂ ਹੀ ਉਪਲਬੱਧ ਕਰਵਾਈਆਂ ਜਾਣਗੀਆਂ। ਸਾਰੇ ਵਿਭਾਗਾਂ ਨੂੰ ਬੈਕਐਂਡ ’ਤੇ ਦਸਤਾਵੇਜੀ ਆਂਕੜਿਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਡਿਜੀਟਲ ਰੂਪ ਵਿਚ ਸੰਭਾਲ ਕਰਨ ਲਈ ਕਿਹਾ ਗਿਆ ਹੈ। ਪਰ ਜਦ ਤੱਕ ਸਾਰੇ ਵਿਭਾਗਾਂ ਵਿਚ ਇਹ ਦਸਤਾਵੇਜੀ ਆਂਕੜਿਆਂ ਨੂੰ ਕੰਪਿਊਟਰੀਕ੍ਰਿਤ ਕਰਨ ਦਾ ਕੰਮ ਚੱਲ ਰਿਹਾ ਹੈ ੳਦੋਂ ਤੱਕ ਪੁਰਾਣੇ ਤਰੀਕੇ ਨਾਲ ਹੀ ਸੁਵਿਧਾ ਕੇਂਦਰਾਂ ਵਾਂਗ ਹੀ ਇੰਨ੍ਹਾਂ ਕੇਂਦਰਾਂ ਦੇ ਮਾਰਫਤ ਵਿਭਾਗ ਆਪਣੀਆਂ ਸੇਵਾਵਾਂ ਉਪਲਬੱਧ ਕਰਵਾਉਣਗੇ ਜਿਸ ਤਹਿਤ ਸੇਵਾ ਲਈ ਅਰਜੀ ਅਤੇ ਅੰਤਮ ਸੇਵਾ ਅਜਿਹੇ ਸੇਵਾ ਕੇਂਦਰ ਤੋਂ ਮਿਲੇਗੀ ਜਦ ਕਿ ਬਾਕੀ ਦਾ ਕੰਮ ਸੰਬਧਤ ਵਿਭਾਗ ਕਰਨਗੇ। ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ ਇਸ ਪ੍ਰੋਜੈਕਟ ਨੂੰ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਕਰਵਾਕੇ ਲਾਗੂ ਕਰਵਾਉਣ ਲਈ ਨੋਡਲ ਅਫ਼ਸਰ ਹੋਣਗੇ। ਇੰਨ੍ਹਾਂ ਸੇਵਾ ਕੇਂਦਰਾਂ ਦਾ ਡਿਜਾਇਨ ਤਿਆਰ ਹੋ ਚੁੱਕਾ ਹੈ ਅਤੇ ਇੱਥੇ ਜਿੰਮੇਵਾਰ ਮੁਲਾਜ਼ਮ ਤਾਇਨਾਤ ਹੋਣਗੇ ਅਤੇ ਹੋਰ ਵਿਵਸਥਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਸਾਈਬਰ ਸੈਂਟਰ ਵਿਚ ਇਕ ਸਹਾਇਤਾ-ਕਮ-ਸੂਚਨਾ ਡੈਸਕ, ਡਿਸਪਲੇਅ ਬੋਰਡ ਜਿਸ ਤੇ ਉਪਲਬੱਧ ਸੇਵਾਵਾਂ ਦਾ ਨਾਂਅ ਦਰਜ ਹੋਵੇਗਾ, ਉਡੀਕ ਕਮਰਾ, ਕੈਫੇਟੇਰੀਆ ਅਤੇ ਆਬਾਦੀ ਦੇ ਮੱਦੇਨਜ਼ਰ ਉਚਿਤ ਗਿਣਤੀ ਵਿਚ ਸਟਾਫ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੂੰ ਇਸ ਸਬੰਧੀ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਇਹ ਕੇਂਦਰ ਅਗਲੇ ਸਾਲ ਦੇ ਅੱਧ ਤੱਕ ਸ਼ੁਰੂ ਕੀਤੇ ਜਾਣੇ ਯਕੀਨੀ ਬਣਾਉਣ ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਮੁਸਕਿਲ ਦੇ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਰਕਾਰੀ ਨਾਗਰਿਕ ਸੇਵਾਵਾਂ ਉਪਲਬੱਧ ਹੋ ਸਕਣ। ਉਨ੍ਹਾਂ ਦੱਸਿਆ ਕਿ ਈ-ਸਰਕਾਰ ਪ੍ਰੋਜੈਕਟ ਤਹਿਤ ਸਥਾਪਿਤ ਕੀਤੇ ਜਾ ਰਹੇ ਇਹ ਏਕੀਕ੍ਰਿਤ ਨਾਗਰਿਕ ਸੇਵਾ ਪ੍ਰਦਾਤਾ ਕੇਂਦਰ ਆਮ ਲੋਕਾਂ ਤੱਕ ਸਰਕਾਰੀ ਸੇਵਾਵਾਂ ਦੀ ਬਿਹਤਰ ਉਪਲਬੱਧਤਾ ਯਕੀਨੀ ਬਣਾਉਣ ਵਿਚ ਸਹਾਈ ਹੋਣਗੇ। ਇਸ ਦੇ ਨਾਲ ਹੀ ਸਨੱਅਤ ਅਤੇ ਵਪਾਰ ਨੂੰ ਇਸ ਨਾਲ ਉਤਸਾਹ ਮਿਲੇਗਾ ਕਿਉਂਕਿ ਇਸ ਨਾਲ ਸਬੰਧਤ ਸੇਵਾਵਾਂ ਤੇਜੀ ਅਤੇ ਆਸਾਨੀ ਨਾਲ ਉਪਲਬੱਧ ਹੋਣਗੀਆਂ। ਇਹ ਪ੍ਰੋਜੈਕਟ ਵਿਭਾਗਾਂ ਦੇ ਅੰਦਰੂਨੀ ਕੰਮਕਾਜ ਵਿਚ ਵੀ ਵੱਡਾ ਸੁਧਾਰ ਲੈ ਕੇ ਆਵੇਗਾ ਅਤੇ ਸਮਾਜ ਦੇ ਸਾਰੇ ਵਰਗ ਘੱਟੋਂ ਘੱਟ ਕੀਮਤ ਤੇ ਪਰੇਸਾਨੀ ਰਹਿਤ ਤਰੀਕੇ ਨਾਲ ਸਰਕਾਰੀ ਸੇਵਾਵਾਂ ਲੈ ਸਕਣਗੇ। ਇਹ ਪ੍ਰੋਜੈਕਟ ਸਰਕਾਰ, ਲੋਕਾਂ ਅਤੇ ਵਪਾਰੀ ਵਰਗ ਲਈ ਸਾਸ਼ਨ ਨੂੰ ਹੋਰ ਸੌਖਾ ਅਤੇ ਲੋਕ ਪੱਖੀ ਕਰਨ ਵਿਚ ਸਹਾਈ ਹੋਵੇਗਾ।’



