ਸਰਕਾਰ ਨੇ ਤਾਂ 55,000 ਖਾਤਿਆਂ ਦਾ ਪਰਦਾਫਾਸ਼ ਕਰਨ ਦਾ ਪ੍ਰਣ ਲਿਆ ਸੀ : ਕਾਂਗਰਸ
ਨਵੀਂ ਦਿੱਲੀ, 29 ਅਕਤੂਬਰ (ਪੀ. ਟੀ. ਲਾਇਵ)- ਵਿਦੇਸ਼ਾਂ ਵਿੱਚ ਜਮ੍ਹਾਂ ਕਾਲਾ ਧਨ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਸਖ਼ਤ ਫਟਕਾਰ ਤੋਂ ਬਾਅਦ ਮਜਬੂਰੀ ਦੀ ਹਾਲਤ ਵਿੱਚ ਕੇਂਦਰ ਸਰਕਾਰ ਨੇ ਅੱਜ ਵਿਦੇਸ਼ੀ ਬੈਂਕਾਂ ਦੇ 627 ਖਾਤੇਦਾਰਾਂ ਦੀ ਸੂਚੀ ਅਦਾਲਤ ਨੂੰ ਸੌਂਪ ਦਿੱਤੀ। ਸਰਕਾਰ ਨੇ ਤਿੰਨ ਸੀਲਬੰਦ ਲਿਫਾਫਿਆਂ ’ਚ ਇਹ ਨਾਂਅ ਅਤੇ ਉਨ੍ਹਾਂ ਦੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਹੈ। ਫਿਰ ਵੀ ਅਦਾਲਤ ਨੇ ਇਹ ਸੀਲਬੰਦ ਲਿਫਾਫੇ ਖੋਲ੍ਹੇ ਨਹੀਂ ਹਨ ਅਤੇ ਇਨ੍ਹਾਂ ਨੂੰ ਸੀਬੀਆਈ ਅਤੇ ਈਡੀ ਨਾਲ ਸਾਂਝਾ ਕਰਨ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਬੀਤੇ ਸੋਮਵਾਰ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕਰਕੇ ਅੱਠ ਖਾਤਾ ਧਾਰਕਾਂ ਦੇ ਨਾਮ ਦੱਸੇ ਸਨ।
ਅਦਾਲਤ ਨੇ ਕਾਲੇ ਧਨ ਉੱਤੇ ਬਣੇ ਵਿਸ਼ੇਸ਼ ਜਾਂਚ ਦਲ (ਐਸਆਈਟੀ) ਤੋਂ ਇਸ ਸਬੰਧ ਵਿੱਚ 30 ਨਵੰਬਰ ਤੱਕ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ਨੂੰ ਹੋਣੀ ਹੈ। ਅਦਾਲਤ ਨੇ ਕਿਹਾ ਹੈ ਕਿ ਸਾਰੇ ਮਾਮਲਿਆਂ ਦੀ ਜਾਂਚ 31 ਮਾਰਚ 2015 ਤੱਕ ਪੂਰੀ ਕਰ ਲਈ ਜਾਵੇ।
ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਮੀਡੀਆ ਨੂੰ ਦੱਸਿਆ ਕਿ ਸੂਚੀ ਵਿੱਚ ਅੱਧੇ ਤੋਂ ਵਧ ਭਾਰਤੀ ਸ਼ਾਮਿਲ ਹਨ, ਜਦਕਿ ਬਾਕੀ ਐਨਆਰਆਈ ਹਨ, ਜਿਨ੍ਹਾਂ ’ਤੇ ਇਨਕਮ ਟੈਕਸ ਲਾਗੂ ਨਹੀਂ ਹੁੰਦਾ। ਉਨ੍ਹਾਂ ਨੇ ਦੱਸਿਆ ਕਿ ਐੱਚਐੱਸਬੀਸੀ ਦੇ ਇੱਕ ਨੁਮਾਇੰਦੇ ਨੇ ਸਵਿਟਜ਼ਰਲੈਂਡ ਦੇ ਬੈਂਕ ਤੋਂ ਇਹ ਸੂਚੀ ਚੋਰੀ ਕੀਤੀ ਸੀ ਜਿਸ ਤੋਂ ਬਾਅਦ ਇਹ ਸੂਚੀ ਫਰਾਂਸ ਕੋਲ ਪੁੱਜੀ। ਫਰਾਂਸ ਨੇ ਸ਼ਰਤ ਸਹਿਤ ਇਸ ਸੂਚੀ ਨੂੰ ਭਾਰਤ ਨਾਲ ਜੁਲਾਈ 2011 ਵਿੱਚ ਸਾਂਝਾ ਕੀਤਾ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸੂਚੀ ਵਿੱਚ ਸ਼ਾਮਿਲ ਨਾਵਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਦਾਲਤ ਨੇ ਦੋਨਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਉਹ ਇਨ੍ਹਾਂ ਲਿਫਾਫਿਆਂ ਨੂੰ ਨਹੀਂ ਖੋਲ੍ਹਣਗੇ। ਬਲਕਿ ਐਸਆਈਟੀ ਦੇ ਚੇਅਰਮੈਨ ਹੀ ਇਸ ਨੂੰ ਖੋਲ੍ਹ ਕੇ ਅੱਗੇ ਦੀ ਕਾਰਵਾਈ ਕਰਨਗੇ। ਕਾਲੇ ਧਨ ਦੇ ਮੁੱਦੇ ’ਤੇ ਕਾਂਗਰਸ ਨੇ ਭਾਜਪਾ ਨੂੰ ਘੇਰਿਆ- ਸਰਕਾਰ ਨੂੰ ਵਿਦੇਸ਼ੀ ਬੈਂਕਾਂ ਵਿਚਲੇ ਸਾਰੇ ਖਾਤਾਧਾਰੀਆਂ ਦੇ ਨਾਂ ਜਨਤਿਕ ਕਰਨ ਦੀ ਚੁਣੌਤੀ ਦਿੰਦਿਆਂ ਕਾਂਗਰਸ ਨੇ ਅੱਜ ਦੋਸ਼ ਲਾਇਆ ਹੈ ਕਿ ਭਾਜਪਾ ਨੇ ਚੋਣ ਮੁਹਿੰਮ ਦੌਰਾਨ ਇਸ ਮੁੱਦੇ ‘ਤੇ ਲੋਕਾਂ ਨੂੰ ਮੂਰਖ ਬਣਾਇਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਭਾਜਪਾ ਨੂੰ ਸਵਾਲ ਕੀਤਾ ਹੈ ਕਿ ਕਾਲਾ ਧਨ ਵਾਪਿਸ ਲਿਆਉਣ ਦੇ ਉਸ ਦੇ ਵਾਅਦੇ ਦਾ ਕੀ ਬਣਿਆ ਹੈ? ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਸੱਤਾਧਾਰੀ ਪਾਰਟੀ ਉਪਰ ਵਰ੍ਹਦਿਆਂ ਕਿਹਾ ਹੈ ਕਿ ਉਸ ਨੇ ਲੋਕ ਸਭਾ ਚੋਣ ਮੁਹਿੰਮ ਦੌਰਾਨ ਕਾਲੇ ਧਨ ਬਾਰੇ ਲੰਬੇ ਚੌੜੇ ਵਾਅਦੇ ਕੀਤੇ ਸਨ।ਉਸ ਨੇ 55000 ਖਾਤਿਆਂ ਦਾ ਪਰਦਾਫਾਸ਼ ਕਰਨ ਦਾ ਪ੍ਰਣ ਕੀਤਾ ਸੀ ਪਰੰਤੂ 5 ਮਹੀਨਿਆਂ ਦੌਰਾਨ ਉਹ 55 ਰੁਪਏ ਵੀ ਨਹੀਂ ਲਿਆ ਸਕੀ।



