ਤਰਨਤਾਰਨ, 28 ਅਕਤੂਬਰ (ਵਿਜੇ, ਸਾਹਿਲ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਜੋਧਪੁਰ ਵਿਖੇ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਚੱਲ ਰਹੇ ਸਤਿਸੰਗ ਦੌਰਾਨ ਸਿੱਖ ਜਥੇਬੰਦੀਆਂ ਦੇ ਵਰਕਰਾਂ ਅਤੇ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਪੈਰੋਕਾਰਾਂ ਦੌਰਾਨ ਜ਼ਬਰਦਸਤ ਝੜਪ ਦੌਰਾਨ ਸੁਰੱਖਿਆਂ ਲਈ ਤਾਇਨਾਤ ਪੁਲਿਸ ਮੁਲਾਜ਼ਮ ਵੱਲੋਂ ਗੋਲੀ ਚਲਾਉਣ ’ਤੇ ਅਤੇ ਇੱਟਾਂ ਪੱਥਰ ਵੱਜਣ ਨਾਲ ਦਰਜਨ ਤੋਂ ਵਧ ਵਿਅਕਤੀ ਦੇ ਜ਼ਖਮੀ ਹੋ ਗਏ। ਵਾਰਦਾਤ ਬਾਰੇ ਪਤਾ ਲਗਦਿਆਂ ਹੀ ਜ਼ਿਲ੍ਹੇ ਦੇ ਡੀ. ਸੀ. ਬਲਵਿੰਦਰ ਸਿੰਘ ਧਾਲੀਵਾਲ, ਐੱਸ.ਐੱਸ.ਪੀ ਮਨਮੋਹਨ ਕੁਮਾਰ ਸ਼ਰਮਾ, ਏ.ਡੀ.ਸੀ ਪ੍ਰਤਾਪ ਸਿੰਘ, ਐੱਸ.ਡੀ.ਐੱਮ ਅਨੂਪ੍ਰੀਤ ਕੌਰ, ਐੱਸ.ਪੀ ਰਛਪਾਲ ਸਿੰਘ ਘੁੰਮਣ, ਐੱਸ.ਪੀ ਬਲਜੀਤ ਸਿੰਘ ਟ੍ਰੈਫਿਕ ਸਮੇਤ ਪੂਰਾ ਪ੍ਰਸ਼ਾਸਨ ਮੌਕੇ ’ਤੇ ਪਹੁੰਚ
ਗਿਆ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜੋਧਪੁਰ ਵਿਖੇ ਬਾਅਦ ਦੁਪਹਿਰ 4 ਵਜੇ ਤੋਂ ਸ਼ਾਮ 6 ਵਜੇ ਤੱਕ ਦਿਵਯ ਜਯੋਤੀ ਜਾਗਰਣ ਸੰਸਥਾਨ ਵਲੋਂ ਪਿੰਡ ਦੇ ਇੱਕ ਵਿਅਕਤੀ ਦੇ ਘਰ ਸਤਿਸੰਗ ਦਾ ਪ੍ਰੋਗਰਾਮ ਸੀ ਅਤੇ ਪਹਿਲਾਂ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਸਿੱਖ ਜਥੇਬੰਦੀਆਂ ਦੇ ਸੈਂਕੜੇ ਵਰਕਰ ਜਿਹੜੇ ਕਿ ਇਸ ਸਤਿਸੰਗ ਦਾ ਵਿਰੋਧ ਕਰ ਰਹੇ ਸਨ। ਸਿੱਖ ਜਥੇਬੰਦੀਆਂ ਦੀ ਅਗਵਾਈ ਭਾਈ ਵਜ਼ੀਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਬਲਵੰਤ ਸਿੰਘ ਕਰ ਰਹੇ ਸਨ। ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਝੜਪ ਹੋਣ ਤੋਂ ਪਹਿਲਾਂ ਅਸੀਂ ਸ਼ਾਂਤਮਈ ਢੰਗ ਨਾਲ ਵਾਪਿਸ ਆਪਣੇ ਘਰਾਂ ਨੂੰ ਜਾ ਰਹੇ ਸੀ ਤਾਂ ਰਸਤੇ ਵਿਚ ਇਨ੍ਹਾਂ ਦਾ ਸਤਿਸੰਗ ਚਲ ਰਿਹਾ ਸੀ, ਜਿਨ੍ਹਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ, ਜਦੋਂ ਕਿ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਵਰਕਰਾਂ ਦਾ ਕਹਿਣਾ ਹੈ ਕਿ ਸਾਡਾ ਸਤਿਸੰਗ ਚਲ ਰਿਹਾ ਸੀ ਅਤੇ ਸਤਿਸੰਗ ਨੂੰ ਥੋੜਾ ਸਮਾਂ ਹੋਇਆ ਸੀ ਕਿ ਸਿੱਖ ਜਥੇਬੰਦੀਆਂ ਨੇ ਸਤਿਸੰਗ ਵਾਲੀ ਥਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬੜੀ ਮੁਸ਼ਕਲ ਨਾਲ ਅਸੀਂ ਇਕੱਠੇ ਹੋ ਕੇ ਇਸ ਹਮਲੇ ਦਾ ਜਵਾਬ ਦੇ ਕੇ ਆਪਣੀ ਜਾਨ ਬਚਾਈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੋਵਾਂ ਧਿਰਾਂ ਦਰਮਿਆਨ ਸ਼ਾਂਤੀ ਕਰਵਾਏ ਜਾਣ ਦੇ ਬਾਵਜੂਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਲਈ ਇਲਾਕੇ ਵਿੱਚ ਹੋਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ।



