May 27, 2026 11:38 pm

ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਪੰਜ ਪੜਾਵਾਂ ਵਿੱਚ ਵਿਧਾਨਸਭਾ ਚੋਣਾਂ 25 ਨਵੰਬਰ ਤੋਂ

ਚੋਣ ਜ਼ਾਬਤਾ ਲਾਗੂ, ਦੋਨਾਂ ਰਾਜਾਂ ’ਚ ਵੋਟਾਂ ਦੀ ਗਿਣਤੀ 23 ਦਸੰਬਰ ਨੂੰ
01_10 ਨਵੀਂ ਦਿੱਲੀ, 25 ਅਕਤੂਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਵਿਧਾਨਸਭਾ ਚੋਣਾਂ ਪੰਜ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ ਦਾ ਮਤਦਾਨ 25 ਨਵੰਬਰ ਨੂੰ ਹੋਵੇਗਾ, ਜਦਕਿ ਦੂਸਰੇ ਪੜਾਅ ਦਾ ਮਤਦਾਨ 2 ਦਸੰਬਰ, ਤੀਸਰੇ ਪੜਾਅ ਦਾ ਮਤਦਾਨ 9 ਦਸੰਬਰ, ਚੌਥੇ ਪੜਾਅ ਦਾ ਮਤਦਾਨ 14 ਦਸੰਬਰ ਅਤੇ ਪੰਜਵੇਂ ਅਤੇ ਆਖਰੀ ਪੜਾਅ ਦਾ ਮਤਦਾਨ 20 ਦਸੰਬਰ ਨੂੰ ਹੋਵੇਗਾ। ਦੋਨਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਸ੍ਰੀ ਵੀ ਐੱਸ ਸੰਪਤ ਨੇ ਅੱਜ ਇਸ ਸਬੰਧੀ ਇਥੇ ਹੋਈ ਪ੍ਰੈੱਸ  ਕਾਨਫਰੰਸ ਵਿੱਚ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਦੋਨਾਂ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।ਪਹਿਲੇ ਪੜਾਅ ਦੇ ਮਤਦਾਨ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਦੇ ਲਈ ਜ਼ਿਮਨੀ ਚੋਣ ਵੀ 25 ਨਵੰਬਰ ਨੂੰ ਕਰਵਾਈ ਜਾਵੇਗੀ। ਇਹ ਸੀਟਾਂ ਮਹਿਰੋਲੀ, ਤੁਗਲਕਾਬਾਦ ਅਤੇ ਕ੍ਰਿਸ਼ਨਾ ਨਗਰ ਦੀਆਂ ਹਨ, ਜਿੱਥੋਂ ਵਿਧਾਇਕ ਸੰਸਦ ਦੇ ਲਈ ਚੁਣੇ ਜਾ ਚੁੱਕੇ ਹਨ।

ਝਾਰਖੰਡ ਦੇ ਪਹਿਲੇ ਪੜਾਅ ਦੇ ਮਤਦਾਨ ਲਈ ਨੋਟੀਫਿਕੇਸ਼ਨ 29 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ 5 ਨਵੰਬਰ ਤੋਂ ਦਾਖਿਲ ਕੀਤੀਆਂ ਜਾ ਸਕਣਗੀਆਂ ਜਦਕਿ ਜੰਮੂ ਕਸ਼ਮੀਰ ਵਿੱਚ ਪਹਿਲੇ ਪੜਾਅ ਦੇ ਮਤਦਾਨ ਲਈ ਨੋਟੀਫਿਕੇਸ਼ਨ 25 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 87 ਮੈਂਬਰੀ ਜੰਮੂ-ਕਸ਼ਮੀਰ ਵਿਧਾਨਸਭਾ ਦਾ ਕਾਰਜਕਾਲ 19 ਜਨਵਰੀ 2015 ਨੂੰ ਸਮਾਪਤ ਹੋ ਰਿਹਾ ਹੈ, ਜਦਕਿ 81 ਮੈਂਬਰੀ ਝਾਰਖੰਡ ਵਿਧਾਨਸਭਾ ਦਾ ਕਾਰਜਕਾਲ 3 ਜਨਵਰੀ 2015 ਨੂੰ ਸਮਾਪਤ ਹੋ ਰਿਹਾ ਹੈ। ਦੋਨਾਂ ਰਾਜਾਂ ਦੀਆਂ ਭੁਗੋਲਿਕ ਸਥਿਤੀਆਂ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ 5 ਪੜਾਵਾਂ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਸਤੰਬਰ ਵਿੱਚ ਆਏ ਭਿਆਨਕ ਹੜ੍ਹ ਦੇ ਬਾਅਦ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਰਾਜ ਵਿੱਚ ਵਿਧਾਨਸਭਾ ਚੋਣ ਦੀ ਤਾਰੀਖ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਮੁੱਦੇ ਉੱਤੇ ਪਿਛਲੇ ਹਫਤੇ ਚੋਣ ਕਮਿਸ਼ਨ ਦੀ ਟੀਮ ਨੇ ਜੰਮੂ-ਕਸ਼ਮੀਰ ਜਾ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਵੀ ਕੀਤੀ ਸੀ, ਪਰ ਚੋਣ ਤੈਅ ਸਮੇਂ ਉੱਤੇ ਹੀ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਸੱਤਾਧਾਰੀ ਨੈਸ਼ਨਲ ਕਾਨਫਰੰਸ ਨੇ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਪਿਛਲੇ ਮਹੀਨੇ ਆਏ ਹੜ੍ਹ ਦੇ ਕਾਰਨ ਭਿਆਨਕ ਤਬਾਹੀ ਦੇ ਮੱਦੇਨਜ਼ਰ ਚੋਣ ਕਰਵਾਉਣ ਦੇ ਲਈ ਹਾਲੇ ਸਮਾਂ ਵਾਜ਼ਿਬ ਨਹੀਂ ਹੈ, ਪਰ ਕਾਂਗਰਸ ਅਤੇ ਪੀ ਡੀ ਪੀ ਸਮੇਤ ਵਿਰੋਧੀ ਪਾਰਟੀਆਂ ਨੇ ਤੈਅ ਪ੍ਰੋਗਰਾਮ ਦੇ ਅਨੁਸਾਰ ਇਸ ਸਾਲ ਹੀ ਚੋਣ ਕਰਵਾਏ ਜਾਣ ਦਾ ਸਮਰਥਨ ਕੀਤਾ ਸੀ।

Send this to a friend