May 28, 2026 8:18 am

ਅੰਗਹੀਣਾਂ ਦੀ ਮਦਦ ਲਈ ਪੰਜਾਬ ਸਰਕਾਰ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ : ਸਿੰਗਲਾ

ਬਠਿੰਡਾ, 21 ਅਕਤੂਬਰ (ਅਗਰੋਈਆ)-ਮੁੱਖ ਸੰਸਦੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅੰਗਹੀਣ ਵਿਅਕਤੀਆਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਪੰਜਾਬ ਸਰਕਾਰ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਉਪਰਾਲਿਆਂ ਸਦਕਾ ਅਗਲੇ ਮਹੀਨੇ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ। ਉਹ ਅੱਜ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਬਠਿੰਡਾ ਵਿਖੇ ਇਕ ਸਮਾਰੋਹ ਦੌਰਾਨ ਅੰਗਹੀਣ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਵੰਡਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ 237 ਅੰਗਹੀਣ ਵਿਅਕਤੀਆਂ ਨੂੰ 116 ਟਰਾਈਸਾਈਕਲ, 34 ਵਹੀਲਚੇਅਰ, 44 ਸੁਣਨ ਵਾਲੀਆਂ ਮਸ਼ੀਨਾਂ, 100 ਫੌਹੜੀਆਂ ਅਤੇ 23 ਕਿੱਟਾਂ ਮਾਨਸਿਕ ਤੌਰ ’ਤੇ ਅਪਾਹਜ਼ ਬੱਚਿਆਂ ਨੂੰ ਵੰਡੀਆਂ ਗਈਆਂ। ਸ਼੍ਰੀ ਸਿੰਗਲਾ ਨੇ ਕਿਹਾ ਕਿ ਜ਼ਿਲ੍ਹੇ ਦਾ ਪੁਨਰਵਾਸ ਕੇਂਦਰ ਅੰਗਹੀਣ ਵਿਅਕਤੀਆਂ ਦੀ ਮਦਦ ਲਈ ਹਮੇਸ਼ਾ ਤਤਪਰ ਹੈ ਅਤੇ ਇਥੇ ਲੋੜਵੰਦਾਂ ਨੂੰ ਹਰ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ

ਫਿਜ਼ਿਓਥਰੈਪੀ, ਸਪੀਚ ਥਰੈਪੀ ਤੋਂ ਇਲਾਵਾ ਕੌਂਸਲਿੰਗ ਮੁਫ਼ਤ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲਗਾਏ ਜਾਣ ਵਾਲੇ ਮੈਗਾ ਮੈਡੀਕਲ ਕੈਂਪ ਵਿਚ ਮਰੀਜ਼ਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਦੇ ਉਪਰਾਲੇ ਕੀਤੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਾਲੀ ਗਿਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨਵੀਂਆਂ ਮੈਡੀਕਲ ਤਕਨੀਕਾਂ ਰਾਹੀਂ ਅੰਗਹੀਣ ਵਿਅਕਤੀਆਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਭਗਤਾ, ਰਾਮਪੁਰਾ, ਤਲਵੰਡੀ ਸਾਬੋ ਅਤੇ ਬਠਿੰਡਾ ਵਿਖੇ ਕੈਂਪ ਵੀ ਲਗਾਏ ਗਏ ਸਨ, ਜਿਨ੍ਹਾਂ ਵਿਚ ਉਕਤ 237 ਲੋੜਵੰਦ ਅੰਗਹੀਣ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਸੀ।
ਸ਼੍ਰੀਮਤੀ ਸੋਨਾਲੀ ਗਿਰੀ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਰੂਰਤਮੰਦ ਅੰਗਹੀਣ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ ਇਸ ਕੇਂਦਰ ਤੋਂ ਫਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸਟਾਫ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਅਤੇ ਵਿਕਲਾਂਗ ਵਿਅਕਤੀਆਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।

Send this to a friend