ਬਠਿੰਡਾ, 21 ਅਕਤੂਬਰ (ਅਗਰੋਈਆ)-ਅੱਜ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ, ਬਾਲ ਭਲਾਈ ਕਮੇਟੀ ਅਤੇ ਚਿਲਡਰਨ ਹੋਮ ਦੇ ਯਤਨਾ ਸਦਕਾ ਜੈਤੋ (ਫਰੀਦਕੋਟ) ਦੇ ਇਕ ਗੁੰਮਸ਼ੁਦਾ ਬੱਚੇ ਨੂੰ ਉਸਦੇ ਮਾਤਾ-ਪਿਤਾ ਦੇ ਹਵਾਲੇ ਕੀਤਾ ਗਿਆ ਹੈ। 7 ਸਾਲਾ ਬੱਚਾ ਪ੍ਰਿੰਸ ਉਰਫ ਕੋਕੀ ਆਪਣੇ ਘਰ ਤੋਂ 2 ਅਗਸਤ ਤੋਂ ਲਾਪਤਾ ਸੀ ਅਤੇ ਇਹ ਬੱਚਾ ਲੁਧਿਆਣਾ ਵਿਖੇ ਮਿਲਿਆ, ਜਿਥੋਂ ਇਸਨੂੰ ਚਿਲਡਰਨ ਹੋਮ ਦੁਸਾਰਨਾ ਪਿੰਡ (ਮੋਹਾਲੀ) ਵਿਖੇ ਸ਼ਿਫਟ ਕਰ ਦਿੱਤਾ ਗਿਆ। ਇਸ ਦੌਰਾਨ ਇਸ ਬੱਚੇ ਨੇ ਦੱਸਿਆ ਕਿ ਉਹ ਅਬੋਹਰ ਦਾ ਰਹਿਣ ਵਾਲਾ ਹੈ। ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਚਿਲਡਰਨ ਹੋਮ ਬਠਿੰਡਾ ਵਿਚ 5 ਜ਼ਿਲ੍ਹਿਆਂ ਦੇ ਲਾਵਾਰਿਸ, ਬੇਸਹਾਰਾ, ਗੁੰਮਸ਼ੁਦਾ ਅਤੇ ਯਤੀਮ ਬੱਚਿਆਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਇਨ੍ਹਾਂ 5 ਜ਼ਿਲ੍ਹਿਆਂ ਵਿਚ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਅਬੋਹਰ ਅਤੇ ਫਿਰੋਜ਼ਪੁਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ 17 ਅਗਸਤ ਨੂੰ ਇਸ ਬੱਚੇ ਨੂੰ ਚਿਲਡਰਨ ਹੋਮ
ਬਠਿੰਡਾ ਵਿਖੇ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਬਾਲ ਸੁਰੱਖਿਆ ਯੂਨਿਟ ਬਠਿੰਡਾ ਵਲੋਂ ਬੱਚੇ ਦੇ ਮਾਤਾ-ਪਿਤਾ ਦੀ ਭਾਲ ਸ਼ੁਰੂ ਕੀਤੀ ਗਈ। ਬੱਚੇ ਦੀ ਭਾਲ ਦੌਰਾਨ ਪਤਾ ਲਗਿਆ ਕਿ ਬੱਚਾ ਜੈਤੋਂ ਮੰਡੀ ਦਾ ਰਹਿਣ ਵਾਲਾ ਹੈ, ਇਸ ਦੇ ਪਿਤਾ ਦਾ ਨਾਮ ਚਰਨਦਾਸ, ਮਾਤਾ ਦਾ ਨਾਮ ਕੋਇਲ ਰਾਣੀ ਵਾਸੀ ਜੈਤੋ ਮੰਡੀ ਹੈ ਅਤੇ ਇਹ ਬੱਚਾ ਆਪਣੇ ਘਰ ਤੋਂ 02 ਅਗਸਤ ਤੋਂ ਲਾਪਤਾ ਸੀ। ਇਸ ਬੱਚੇ ਦੇ ਗੁੰਮ ਹੋਣ ਦੇ ਸਬੰਧ ਵਿਚ ਪੁਲਿਸ ਸਟੇਸ਼ਨ ਜੈਤੋ ਮੰਡੀ ਵਿੱਚ ਡੀ.ਡੀ.ਆਰ ਵੀ ਦਰਜ ਕਰਵਾਈ ਹੋਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਇਸ ਗੁੰਮਸ਼ੁਦਾ ਬੱਚੇ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨਾਲ ਟੈਲੀਫੋਨ ਤੇ ਸੰਪਰਕ ਕਰਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਚਾ ਚਿਲਡਰਨ ਹੋਮ ਬਠਿੰਡਾ ਵਿੱਚ ਹੈ।
ਇਸ ਗੁੰਮਸ਼ੁਦਾ ਬੱਚੇ ਦੇ ਪਤਾ ਲੱਗਣ ’ਤੇ ਉਸਦੇ ਮਾਤਾ-ਪਿਤਾ, ਦਾਦੀ (ਅੰਗੂਰੀ ਦੇਵੀ) ਭੂਆ (ਸੰਜਣਾ) ਅਤੇ ਤਾਈ (ਆਸ਼ਾ) ਇਸ ਬੱਚੇ ਨੂੰ ਲੈਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਦੇ ਦਫਤਰ ਆਏ। ਇਹਨਾਂ ਸਾਰਿਆਂ ਦੇ ਸਾਹਮਣੇ ਬਾਲ ਭਲਾਈ ਕਮੇਟੀ ਬਠਿੰਡਾ ਦੇ ਚੇਅਰਮੈਨ ਸ਼੍ਰੀ ਅਸ਼ੋਕ ਗੁਪਤਾ, ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ, ਸੁਪਰਡੈਂਟ ਚਿਲਡਰਨ ਹੋਮ ਸ਼੍ਰੀ ਜਗਮੇਲ ਸਿੰਘ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਰਾਜਵਿੰਦਰ ਸਿੰਘ, ਪ੍ਰੋਟੈਕਸ਼ਨ ਅਫ਼ਸਰ ਖੁਸ਼ਦੀਪ ਸਿੰਘ ਅਤੇ ਭੋਲਾ ਸਿੰਘ ਦੇ ਸਾਹਮਣੇ ਬੱਚੇ ਨੂੰ ਉਸਦੇ ਮਾਤਾ-ਪਿਤਾ ਕੋਲ ਸਪੁਰਦ ਕੀਤਾ ਗਿਆ।
ਉਸਦੇ ਮਾਤਾ-ਪਿਤਾ ਨੇ ਬਾਲ ਸੁਰੱਖਿਆ ਯੂਨਿਟ ਬਠਿੰਡਾ ਦਾ ਧੰਨਵਾਦ ਕੀਤਾ।
ਡਾ. ਗਰਗ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਦਾ ਪੱਕਾ ਪਤਾ ਅਤੇ ਮੋਬਾਇਲ ਨੰਬਰ ਜ਼ਰੂਰ ਯਾਦ ਕਰਵਾਉਣ, ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਹੋਣ ’ਤੇ ਗੁੰਮਸ਼ੁਦਾ ਬੱਚਿਆਂ ਦੇ ਮਾਪਿਆਂ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ।