ਕੈਲਗਰੀ, 14 ਅਕਤੂਬਰ (ਹਰਬੰਸ ਬੁੱਟਰ)- ਕੈਲਗਰੀ ਦੇ ਬੀਕਾਨੇਰ ਸਵੀਟਸ ਵਿਖੇ ਪੰਜਾਬੀਆਂ ਦੇ ਭਰਵੇਂ ਇਕੱਠ ਦੌਰਾਨ ਪੰਜਾਬ ਦੇ ਖੇਤੀਬਾੜੀ ਅਤੇ ਐਨ ਆਰ ਆਈ ਮਾਮਲਿਆਂ ਨਾਲ ਸਬੰਧਿਤ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪੰਜਾਬ ਸਰਕਾਰ ਦੇ ਸੰਗਤ ਦਰਸ਼ਨਾਂ ਵਰਗੇ ਪ੍ਰੋਗਰਾਮ ਦੀ ਤਰਜ਼ ਉੱਪਰ ਪੰਜਾਬੀਆਂ ਨਾਲ ਸਿੱਧੀਆਂ ਗੱਲਾਂਬਾਤਾਂ ਕੀਤੀਆਂ। ਬਰਜਿੰਦਰ ਸਿੰਘ ਭੁੱਲਰ, ਹੈਪੀ ਮਾਨ, ਐਮ ਐਲ ਏ ਦਰਸ਼ਨ ਕੰਗ, ਮਹਿੰਦਰ ਸਿੰਘ ਲੱਖੇਵਾਲੀ ਨੇ ਸਟੇਜ ਉੱਪਰੋਂ ਵਿਦੇਸ਼ੀਂ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਰੱਖੀਆਂ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਪੰਜਾਬ ਜਾਣ ਵੇਲੇ ਹਵਾਈ ਅੱਡਿਆਂ, ਪੁਲਿਸ ਥਾਣਿਆਂ ਕਚਿਹਰੀਆਂ , ਇੰਡੀਅਨ ਵੀਜ਼ਾ ਲੈਣ ਵੇਲੇ ਅਤੇ ਹੋਰ ਦਫਤਰਾਂ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਹੈ। ਮੰਤਰੀ ਤੋਤਾ ਸਿੰਘ ਅਤੇ ਉਹਨਾਂ ਦੇ ਨਾਲ ਆਏ ਇੰਡੀਅਨ ਸਫਾਰਤਖਾਨੇ ਦੇ ਅਫਸਰ ਅਮਰਜੀਤ ਸਿੰਘ ਨੇ ਸਾਰੀਆਂ ਮੁਸਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਆਪਣੇ ਸਰਕਾਰੀ ਦੌਰੇ ਉੱਪਰ ਆਏ ਜਥੇਦਾਰ ਤੋਤਾ ਸਿੰਘ ਨੇ ਇਸ ਪਰੋਗਰਾਮ ਦੌਰਾਨ ਕੋਈ ਵੀ ਸਿਆਸੀ ਗੱਲਬਾਤ ਨਹੀਂ ਕੀਤੀ ਸਗੋਂ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਵੱਲੋਂ ਪਰਵਾਸੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਹੀ ਗੱਲਾਂਬਾਤਾਂ ਕੀਤੀਆਂ । ਪੰਜਾਬੀਆਂ ਬਾਰੇ ਮਸਹੂਰ ਹੈ ਕਿ ਉਹਨਾਂ ਨੂੰ ਤਾਂ ਆਪਣਾ ਦੁੱਖ ਵੀ ਨਹੀਂ ਦੱਸਣਾ ਆਉਂਦਾ ਸਗੋਂ ਲੰਮੀ ਕਹਾਣੀ ਛੇੜਕੇ ਬਹਿ ਜਾਂਦੇ ਹਨ,ਇਸ ਪਰੋਗਰਾਮ ਵਿੱਚ ਵੀ ਇਸੇ ਤਰਾਂ ਹੀ ਹੋਇਆ ਮੰਤਰੀ ਤੋਤਾ ਸਿੰਘ ਨੇ ਖੁਦ ਦੋ ਬਾਰ ਉੱਠਕੇ ਚਲਦੇ ਪਰੋਗਰਾਮ ਵਿੱਚ ਬੁਲਾਰਿਆਂ ਨੂੰ ਰੋਕ ਕੇ ਮਾਈਕ ਉੱਪਰ ਆਣਕੇ ਜੁਆਬ ਦਿੱਤੇ। ਭਾਵੇਂ ਦੁੱਖ ਦੱਸਣ ਦੀ ਬਜਾਇ ਮੰਤਰੀ ਜੀ ਨਾਲ ਫੋਟੋ ਖਿਚਵਾਉਣ ਵਾਲਿਆਂ ਦੀ ਭੀੜ ਜਿਆਦਾ ਸੀ ਪਰ ਫਿਰ ਵੀ ਇਹ ਪਰੋਗਰਾਮ ਹੋਰਾਂ ਸਿਆਸੀ ਲੀਡਰਾਂ ਦੀਆਂ ਫੇਰੀਆਂ ਨਾਲੋਂ ਵੱਖਰੀ ਕਿਸਮ ਦਾ ਸੀ।
ਇਸ ਮੌਕੇ ਅਮਰਪ੍ਰੀਤ ਸਿੰਘ ਬੈਂਸ, ਗੁਰਪ੍ਰੀਤ ਸਿੱਧੂ ਰਾਣਾ, ਜੱਗਾ ਰਾਊਕੇ, ਜੰਗ ਬਹਾਦਰ ਸਿੱਧੂ, ਪਾਲੀ ਵਿਰਕ, ਗੁਰਦੀਪ ਢਿੱਲੋਂ, ਗੁਰਚਰਨ ਸਿੰਘ ਧਨੋਆ,ਰੇਸਮ ਸਿੱਧੂ ਚੂਹੜਚੱਕ,ਮੇਜਰ ਬਰਾੜ, ਗੁਰਲਾਲ ਮਾਣੂਕੇ, ਜਤਿੰਦਰ ਲੰਮੇ, ਜੋਗਿੰਦਰ ਬਰਾੜ, ਅਤੇ ਹੋਰ ਕੈਲਗਰੀ ਦੀਆਂ ਨਾਮਵਰ ਸਖਸੀਅਤਾਂ ਹਾਜਿਰ ਸਨ।