ਬਰਨਾਲਾ, 13 ਅਕਤੂਬਰ (ਰਾਮ ਸਿੰਘ ਧਨੌਲਾ)- ਕੇਂਦਰ ਸਰਕਾਰ ਤੇ ਸੂਬਾ ਸਰਕਾਰ ਭਾਰਤ ਵਾਸੀਆਂ ਨੂੰ ਨਰੋਈ ਸਿਹਤਿ ਦੇਣ ਲਈ ਅਤੇ ਭਿਆਨਕ ਮਾਰੂ ਰੋਗਾਂ ਤੋਂ ਬਚਾਉਣ ਲਈ ਜਿੱਥੇ ਕਰੋੜਾਂ ਅਰਬਾਂ ਰੁਪਏ ਖਰਚ ਕੇ ਦੇਸ਼ ਵਾਸੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕਰਦੀਆਂ ਹਨ ਅਤੇ ਲੋਕਾਂ ਤੱਕ ਸ਼ੁੱਧ ਵਸਤਾਂ ਪਹੁੰਚਾਉਣ ਲਈ ਸਿਹਤ ਮੰਤਰਾਲੇ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਤੇ ਨਕਲੀ ਢੰਗ ਨਾਲ ਤਿਆਰ ਕੀਤੀਆਂ ਵਸਤਾਂ ਸਮੇਂ-ਸਮੇਂ ਸਿਰ ਚੈਕਿੰਗ ਕਰਨ ਦੇ ਸਖਤ ਆਦੇਸ਼ ਦਿੱਤੇ ਜਾਂਦੇ ਹਨ, ਪ੍ਰੰਤੂ ਜ਼ਿਲ੍ਹਾ ਬਰਨਾਲਾ ਅੰਦਰ ਸਿਹਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਿਲਾਵਟਖੋਰੀ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ। ਸਿਹਤ ਅਧਿਕਾਰੀ ਬਜ਼ਾਰਾਂ ਅੰਦਰ ਖਾਨਾਪੂਰਤੀ ਕਰਨ ਅਤੇ
ਮਹੀਨਾ ਇਕੱਠਾ ਕਰਨ ਲਈ ਹੀ ਝੂਠੀ-ਮੂਠੀ ਚੈਕਿੰਗ ਕਰਕੇ ਆਪਣੀਆਂ ਜੇਬਾਂ ਗਰਮ ਕਰਨ ਦੀ ਤਾਕ ਵਿੱਚ ਰਹਿੰਦੇ ਹਨ ਅਤੇ ਸ਼ਰੇਆਮ ਸਾਰਾ ਸਾਲ ਹੀ ਮਿਲਾਵਟੀ ਵਸਤਾਂ ਵਿਕਦੀਆਂ ਹਨ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਨਕਲੀ ਖੋਏ ਦੀਆਂ ਮਿਠਾਈਆਂ ਤੋਂ ਇਲਾਵਾ ਹੋਰ ਕਈਂ ਖਾਣ-ਪੀਣ ਦੀਆਂ ਸਾਰੀਆਂ ਵਸਤਾਂ ਦੀ ਵਿਕਰੀ ਜ਼ੋਰਾਂ ’ਤੇ ਹੈ। ਇਸ ਸਾਰੇ ਮਸਲੇ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਸਬੰਧਤ ਮਹਿਕਮੇ ਦੇ ਡੀ ਐਚ ਓ ਸੰਪੂਰਨ ਸਿੰਘ ਦੀ ਡਿਊਟੀ ਲਗਾ ਦਿੱਤੀ ਤਾਂ ਜੋ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਪ੍ਰੰਤੂ ਡੀ ਐਚ ਓ ਵੱਲੋਂ ਚੈਕਿੰਗ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਜਾਏ ਵਪਾਰੀਆਂ ਨਾਲ ਗੁਪਤ ਮੀਟਿੰਗ ਕਰਕੇ ਪਰਤ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦੋਂ ਧਨੌਲਾ ਦੇ ਬਜ਼ਾਰ ਵਿੱਚ ਮਿਲਾਵਟੀ ਵਸਤਾਂ ਦੀ ਚੈਕਿੰਗ ਨਾ ਕਰਨ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜੇ ਕਿਸੇ ਨੂੰ ਮਿਲਾਵਟੀ ਵਸਤਾਂ ਵਿਕਣ ਦੀ ਸ਼ਿਕਾਇਤ ਹੈ ਤਾਂ ਸਾਨੂੰ ਲਿਖਤੀ ਤੌਰ ’ਤੇ ਦੱਸਿਆ ਜਾਵੇ। ਸਾਡੇ ਹਿਸਾਬ ਨਾਲ ਇਲਾਕੇ ਅੰਦਰ ਸਾਰਾ ਕੁਝ ਠੀਕ ਵਿਕ ਰਿਹਾ ਹੈ।
ਵਰਨਣਯੋਗ ਹੈ ਕਿ ਸਮੇਂ-ਸਮੇਂ ਸਿਰ ਇਲਾਕੇ ਅੰਦਰ ਨਕਲੀ ਦੁੱਧ ਬਣਾ ਕੇ ਵੇਚਣ ਦੇ ਧੰਦੇ ਬਾਰੇ ਵੀ ਸਿਹਤ ਮਹਿਕਮੇ ਨੂੰ ਜਾਣੂ ਕਰਵਾਇਆ ਗਿਆ, ਪ੍ਰੰਤੂ ਸਿਹਤ ਅਧਿਕਾਰੀਆਂ ਦੇ ਕੰਨ ’ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ। ਗੁਪਤ ਰੂਪ ਵਿੱਚ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਨਕਲੀ ਵਸਤਾਂ ਦੀ ਵਿਕਰੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਮੋਟੇ ਰੁਪਏ ਬਣਦੇ ਹਨ ਅਤੇ ਉਹ ਇਕੱਲੇ ਨਹੀਂ ਸਬੰਧਤ ਮਹਿਕਮੇ ਦਾ ਵੀ ਮੂੰਹ ਮਿੱਠਾ ਕਰਵਾਉਂਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਲਾਕੇ ਅੰਦਰ ਛੋਟੇ-ਮੋਟੇ ਦੁਕਾਨਦਾਰ ਜੋ ਰਿਸ਼ਵਤ ਨਹੀਂ ਦਿੰਦੇ ਉਨ੍ਹਾਂ ਨੂੰ ਕਾਰਵਾਈ ਕਰਨ ਦੇ ਰੂਪ ’ਚ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਦੋਂ ਸਾਡੇ ਇਸ ਪ੍ਰਤੀਨਿਧ ਵੱਲੋਂ ਇਲਾਕੇ ਅੰਦਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਮਿਲਾਵਟਖੋਰੀ ਧੰਦੇ ਅਤੇ ਸਿਹਤ ਅਧਿਕਾਰੀਆਂ ਵੱਲੋਂ ਕਥਿਤ ਭ੍ਰਿਸ਼ਟ ਤਰੀਕੇ ਨਾਲ ਮਿਲਾਵਟਖੋਰੀ ਦੇ ਧੰਦੇ ਨੂੰ ਸ਼ਹਿ ਦੇਣ ਦੀ ਗੱਲ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਉਨ੍ਹਾਂ ਨੇ ਇਸ ਪ੍ਰਤੀਨਿਧ ਨਾਲ ਫੌਨ ’ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਜਿਹਾ ਕਰਨ ਵਾਲੇ ਕਿਸੇ ਵੀ ਸਿਹਤ ਅਧਿਕਾਰੀ ਨੂੰ ਨਹੀਂ ਬਖਸ਼ਣਗੇ ਅਤੇ ਇਲਾਕੇ ਅੰਦਰ ਬਾਹਰਲੀਆਂ ਟੀਮਾਂ ਮੰਗਵਾ ਕੇ ਸਖਥੀ ਨਾਲ ਚੈਕਿੰਗ ਕਰਵਾਉਣਗੇ ਤੇ ਬਣਦੀ ਕਾਰਵਾਈ ਕਰਨਗੇ।