ਚੰਡੀਗੜ੍ਹ/ਯਮੁਨਾ ਨਗਰ, 12 ਅਕਤੂਬਰ (ਨਾਗਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਦੀ ਤਰੱਕੀ, ਖੁਸ਼ਹਾਲੀ ਅਤੇ ਸਰਵਪੱਖੀ ਵਿਕਾਸ ਲਈ ਕਾਂਗਰਸ ਨੂੰ ਕਰਾਰੀ ਹਾਰ ਦਿੰਦਿਆਂ ਅਕਾਲੀ ਦਲ – ਇਨੈਲੋ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਲੋਕਾਂ ਅਪੀਲ ਕੀਤੀ ਹੈ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਜਮਨਾ ਨਗਰ ਦੇ ਵੱਖ ਵੱਖ ਹਲਕਿਆਂ ਵਿੱਚ ਇਨੈਲੋ- ਅਕਾਲੀ ਦਲ ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿੱਚ ਧੂੰਆਂਧਾਰ ਪ੍ਰਚਾਰ ਕਰ ਕੇ ਅਕਾਲੀ ਇਨੈਲੋ ਦੇ ਚੋਣ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾਉਂਦਿਆਂ ਸ: ਮਜੀਠੀਆ ਨੇ ਕਿਹਾ ਕਿ ਇਸ ਵਾਰ ਹਰਿਆਣਾ ਵਿੱਚ ਇਨੈਲੋ – ਅਕਾਲੀ ਦਲ ਦੀ ਸਰਕਾਰ
ਬਣਨੀ ਤੈਅ ਹੈ। ਹਲਕਾ ਜਗਾਧਰੀ ਅਧੀਨ ਆਉਂਦੇ ਪਿੰਡ ਪੀਰੂਵਾਲ ਵਿਖੇ ਸ੍ਰੀ ਬਿਸ਼ਨ ਲਾਲ ਸੈਣੀ ਦੇ ਹੱਕ ਵਿੱਚ ਭਾਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਦੇ ਮੁਖੀ ਲੋਹ ਪੁਰਸ਼ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਕਦ ਦੇ ਬਰਾਬਰ ਦਾ ਕੋਈ ਆਗੂ ਹਰਿਆਣਾ ਤਾਂ ਕੀ ਪੂਰੇ ਮੁਲਕ ਵਿੱਚ ਵੀ ਮੌਜੂਦ ਨਹੀਂ ਹਨ। ਉਹਨਾਂ ਕਿਹਾ ਕਿ ਸ੍ਰੀ ਚੌਟਾਲਾ ਦੇ ਹਰਮਨ ਪਿਆਰਤਾ ਤੋ ਕਾਂਗਰਸ ਸਮੇਤ ਤਮਾਮ ਵਿਰੋਧੀ ਪਾਰਟੀਆਂ ਇੰਨੇ ਡਰੇ ਹੋਏ ਹਨ ਕਿ ਉਹ ਸ੍ਰੀ ਚੌਟਾਲਾ ਦਾ ਲੋਕਾਂ ਤਕ ਪਹੁੰਚ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਉਹਨਾਂ ਕਿਹਾ ਕਿ ਵਿਰੋਧੀਆਂ ਵੱਲੋਂ ਲਖਾਂ ਕਰੋੜਾਂ ਰੁਪੈ ਖਰਚ ਕਰਦਿਆਂ ਵੱਡੇ ਤੋਂ ਵੱਡਾ ਵਕੀਲ ਕਰ ਕੇ ਸ੍ਰੀ ਚੌਟਾਲਾ ਦੀ ਤੈਅ ਸਮੇਂ ਤੋ ਪਹਿਲਾਂ ਜ਼ਮਾਨਤ ਰੱਦ ਕਰਵਾ ਕੇ ਮੁੜ ਜੇਲ੍ਹ ਭੇਜਣ ਦਾ ਕਾਰਾ ਵੀ ਵਿਰੋਧੀਆਂ ਲਈ ਹੀ ਪੁੱਠਾ ਪੈ ਗਿਆ ਹੈ ਕਿਉਂਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲੇ ਲੋਕਾਂ ਦੇ ਹਰਮਨ ਪਿਆਰੇ ਆਗੂ ਸ੍ਰੀ ਚੌਟਾਲਾ ਨੂੰ ਜੇਲ੍ਹ ਭੇਜਣ ਕਾਰਨ ਅੱਜ ਜਿੱਥੇ ਉਹਨਾਂ ਦੇ ਸਿਆਸੀ ਵਿਰੋਧੀਆਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਨੈਲੋ ਦੇ ਹੱਕ ਵਿੱਚ ਅੱਜ ਇੱਕ ਮਜ਼ਬੂਤ ਲੋਕ ਲਹਿਰ ਪੈਦਾ ਹੋ ਗਈ ਹੈ ਜਿਸ ਦੀ ਹਨੇਰੀ ਵਿੱਚ ਵਿਰੋਧੀ ਤਿਨਕੇ ਦੀ ਤਰਾਂ ਉੱਡ ਜਾਣਗੇ। ਉਹਨਾਂ ਕਿਹਾ ਕਿ ਸੂਬੇ ਦਾ ਕੋਈ ਅਜਿਹਾ ਕੋਨਾ ਨਹੀਂ ਜਿੱਥੇ ਉਹਨਾਂ ਇਨੈਲੋ ਪ੍ਰਤੀ ਲੋਕਾਂ ਦਾ ਭਾਰੀ ਜੋਸ਼ ਨਾ ਦੇਖਿਆ ਹੋਵੇ। ਉਹਨਾਂ ਕਿਹਾ ਕਿ ਕਾਂਗਰਸ ਅਤੇ ਹੋਰਨਾਂ ਵਿਰੋਧੀਆਂ ਦੀਆਂ ਚੋਣ ਰੈਲੀਆਂ ਵਿੱਚ ਛਾ ਰਹੀਆਂ ਬੇ -ਰੌਣਕੀਆਂ ਵਿਰੋਧੀਆਂ ਦਾ ਸਫਾਇਆ ਕਰਨ ਅਤੇ ਇਨੈਲੋ ਦੇ ਹੱਕ ਵਿੱਚ ਆਉਣ ਵਲੇ ਚੋਣ ਨਤੀਜਿਆਂ ਪ੍ਰਤੀ ਸਪਸ਼ਟ ਸੰਕੇਤ ਹਨ।
ਸ: ਮਜੀਠੀਆ ਨੇ ਕਿਹਾ ਕਿ ਹੁੱਡਾ ਸਰਕਾਰ ਅਖ਼ਬਾਰਾਂ ਵਿੱਚ ਸੂਬੇ ਨੂੰ ਨੰਬਰ ਵਨ ਦਸ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਅਸਲ ਵਿੱਚ ਕਾਂਗਰਸ ਦੇ 10 ਸਾਲਾ ਰਾਜ ਦੌਰਾਨ ਹਰਿਆਣੇ ਦੇ ਲੋਕ ਖ਼ਾਸਕਰ ਪੇਡੂ ਖੇਤਰ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਤੋਂ ਪੂਰੀ ਤਰਾਂ ਵਾਂਝੇ ਰੱਖੇ ਗਏ ਹਨ। ਲਖਾਂ ਪੜ੍ਹੇ-ਲਿਖੇ ਨੌਜਵਾਨ ਨੌਕਰੀ ਅਤੇ ਰੁਜ਼ਗਾਰ ਲਈ ਭਟਕ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਹੁੱਡਾ ਸਰਕਾਰ ਭ੍ਰਿਸ਼ਟਾਚਾਰ ਵਿੱਚ ਨੱਕੋਂ ਨੱਕ ਡੁੱਬੀ ਹੋਈ ਹੈ ਅਤੇ ਇਹ ਪ੍ਰਾਪਰਟੀ ਡੀਲਰਾਂ ਦੀ ਸਰਕਾਰ ਬਣ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮਹਿੰਗੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖੋਹੀਆਂ ਗਈਆਂ। ਉਹਨਾਂ ਕਾਂਗਰਸੀਆਂ ਵਲ਼ੋਂ ਕਿਸਾਨਾਂ ਦੀ ਹੋਈ ਕਰੋੜਾਂ ਦੀ ਲੁਟ ਦੀ ਕੀਮਤ ਉੱਤੇ ਰਾਬਰਟ ਵਾਡਰਾ ਦੀ ਵਕਾਲਤ ਕਰਕੇ ਸ੍ਰੀਮਤੀ ਸੋਨੀਆ ਗਾਧੀ ਨੂੰ ਖੁਸ਼ ਕਰਨ ਦੀ ਵੀ ਨਿੰਦੀ ਕੀਤੀ।
ਉਹਨਾਂ ਹੁੱਡਾ ਸਰਕਾਰ ਵਲ਼ੋਂ ਵੱਖਰੀ ਗੁਰਦਵਾਰਾ ਕਮੇਟੀ ਰਾਹੀ ਹਰਿਆਣੇ ਦੇ ਸਿੱਖਾਂ ਵਿੱਚ ਪਾੜ ਪਾਉਣ ਦੀ ਸਾਜ਼ਿਸ਼ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਾਜਪਾ ਦੇ ਇੱਕ ਸਾਬਕਾ ਸਾਂਸਦ ਦੀ ਵਾਹ ਵਾਹ ਖੱਟਣ ਅਤੇ ਹਰਿਆਣੇ ਦੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਤੋ ਲੋਕ ਭਲੀਭਾਂਤ ਜਾਣੂ ਹਨ। ਇਸੇ ਦੌਰਾਨ ਅੱਜ ਸ: ਮਜੀਠੀਆ ਵੱਲੋਂ ਜਗਾਧਰੀ ਵਿਖੇ ਅਕਾਲੀ ਦਲ ਅਤੇ ਇਨੈਲੋ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਦਿਆਂ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਰਣਨੀਤੀ ਵੀ ਉਲੀਕੀ ਗਈ । ਸ: ਮਜੀਠੀਆ ਨੇ ਅੱਜ ਹਰਿਆਣਾ ਦੇ ਹਲਕਾ ਜਗਾਧਰੀ ਸੀਟ ਲਈ ਇਨੈਲੋ ਉਮੀਦਵਾਰ ਸ੍ਰੀ ਬਿਸ਼ਨ ਲਾਲ ਸੈਣੀ ਤੋ ਇਲਾਵਾ ਸਢੋਰਾ ਲਈ ਸ੍ਰੀਮਤੀ ਪਿੰਕੀ, ਨਰੈਣਗੜ ਲਈ ਜਗਮਲ ਸਿੰਘ, ਜਮਨਾ ਨਗਰ ਲਈ ਦਿਲਬਾਗ ਸਿੰਘ ਅਤੇ ਮੁਲਕਾ ਹਲਕੇ ਤੋਂ ਇਲੈਲੋ ਉਮੀਦਵਾਰ ਸ੍ਰੀ ਰਾਜੀਵ ਸਿੰਘ ਦੇ ਹੱਕ ਵਿੱਚ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ । ਜਿੱਥੇ ਉਹਨਾਂ ਹੁੱਡੇ ਦੀ ਲੋਕ ਮਾਰੂ ਨੀਤੀਆਂ ਵਾਲੀ ਸਰਕਾਰ ਨੂੰ ਚਲਦਾ ਕਰਨ ਅਤੇ ਸੂਬੇ ਦੀ ਤਰੱਕੀ ਖੁਸ਼ਹਾਲੀ ਲਈ ਇਨੈਲੋ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲਾਂ ਕੀਤੀਆਂ। ਇਸੇ ਦੌਰਾਨ ਅੱਜ ਹਲਕਾ ਸਢੋਰ ਦੇ ਪਿੰਡ ਦਰਿਆ ਪੁਰ ਵਿਖੇ ਯੂਥ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਸ੍ਰੀ ਅਰੁਣ ਕੁਮਾਰ ਨੇ ਸੈਂਕੜੇ ਸਾਥੀਆਂ ਸਮੇਤ ਇਨੈਲੋ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਸ: ਮਜੀਠੀਆ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ: ਮਜੀਠੀਆ ਨਾਲ ਅਕਾਲੀ ਆਗੂ ਸ: ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਸ: ਬਲਦੇਵ ਸਿੰਘ ਕੈਮਪੁਰ, ਚੌਧਰੀ ਚਰਨ ਸਿੰਘ, ਵਿਧਾਇਕ ਹਰਮੀਤ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਮਨਜੀਤ ਸਿੰਘ ਮੰਨਾ,ਉਪਕਾਰ ਸਿੰਘ ਸੰਧੂ, ਨਵਦੀਪ ਸਿੰਘ ਗੋਲਡੀ, ਜਗਰੂਪ ਸਿੰਘ ਚੰਦੀ, ਸੁਰਜੀਤ ਸਿੰਘ ਭਿਟੇਵਡ, ਕੁਲਦੀਪ ਸਿੰਘ ਔਲਖ, ਚੌਧਰੀ ਜੈ ਚੰਦ ਸਿੰਘ ਸਦੋਰ ਆਦਿ ਵੀ ਮੌਜੂਦ ਸਨ।