ਚੰਡੀਗੜ੍ਹ, 7 ਅਕਤੂਬਰ (ਪੀ. ਟੀ.)- ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੁਰਗੀ ਪਾਲਣ, ਬੈਕਯਾਰਡ ਪੋਲਟਰੀ, ਬਰੈਲਰ ਫਾਰਮ, ਟਰਕੀ ਫਾਰਮ, ਸੂਰ ਪਾਲਣ, ਭੇਡ-ਬੱਕਰੀ ਪਾਲਣ ਅਤੇ ਝੋਟੇ/ਵਛੜੇ ਪਾਲਣ ਸਬੰਧੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਬਸਿਡੀਆਂ ਦਾ ਫਾਇਦਾ ਚੁੱਕਣ। ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਨਬਾਰਡ ਦੀ ਸਹਾਇਤਾ ਨਾਲ ਪੋਲਟਰੀ ਕੈਪੀਟਲ ਵੈਚਰ ਫੰਡ ਸਕੀਮ ਰਾਹੀਂ ਮੁਰਗੀ ਫਾਰਮ ਖੋਲ੍ਹਣ ਲਈ ਸਬਸਿਡੀ ਅਤੇ ਬਾਕੀ ਰਕਮ ਬੈਂਕ ਤੋਂ ਕਰਜ਼ੇ ਦੇ ਰੂਪ ਵਿਚ ਦਿਵਾਈ ਜਾਂਦੀ ਹੈ ਜਦਕਿ ਘਰ ਵਿਚ 100 ਮੁਰਗੀਆਂ ਤੱਕ ਪਾਲਣ ਲਈ ਆਰ.ਆਈ.ਆਰ ਨਸਲ ਦੇ ਚੂਚੇ ਸਬਸਿਡੀ ‘ਤੇ ਦਿੱਤੇ ਜਾਦੇ ਹਨ। ਉਨ੍ਹਾਂ ਦੱਸਿਆ ਕਿ ਬਰੈਲਰ ਫਾਰਮਾਂ ਲਈ ਚਾਬਰੋ ਨਸਲ ਦੇ ਚੂਚੇ ਕਿਸਾਨਾਂ ਨੂੰ ਬਹੁਤ ਘੱਟ ਭਾਅ
‘ਤੇ ਵੇਚੇ ਜਾਂਦੇ ਹਨ, ਜਿਨ੍ਹਾਂ ਦਾ ਭਾਰ ਕਾਫੀ ਤੇਜ਼ੀ ਨਾਲ ਵੱਧਦਾ ਹੈ। ਸ੍ਰੀ ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਸੂਰ ਪਾਲਣ ਅਤੇ ਬੱਕਰੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਵੀ ਕਈ ਪ੍ਰਕਾਰ ਦੀਆਂ ਸਬਸਿਡੀਆਂ ਮਹੱਈਆ ਕਰਵਾ ਰਹੀ ਹੈ ਅਤੇ ਘੱਟ ਵਿਆਜ਼ ਦਰ ‘ਤੇ ਬੈਂਕਾਂ ਤੋਂ ਕਰਜ਼ੇ ਦਿਵਾਉਣ ਵਿਚ ਵੀ ਸਹਾਇਤਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਕ ਕਿਸਾਨ ਕਾਲ ਸੈਂਟਰ 0172-2726077 ਵੀ ਸਥਾਪਿਤ ਕੀਤਾ ਗਿਆ ਹੈ ਜਿਸ ਵਿਚ ਤਕਨੀਕੀ ਮਾਹਿਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਸ਼ੂ ਪਾਲਣ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਬਿਲਕੁਲ ਮੁਫਤ ਦਿੰਦੇ ਹਨ।



