ਪਟਿਆਲਾ, 6 ਅਕਤੂਬਰ (ਪੀ. ਟੀ.)- ਉਤਰ ਪ੍ਰਦੇਸ਼ ਦੇ ਰਾਜਪਾਲ ਸ੍ਰੀ ਰਾਮ ਨਾਇਕ ਅਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾ.) ਪੀ. ਸਥਾਸ਼ਿਵਮ ਨੇ ਬੀਤੇ ਦਿਨੀਂ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਕਰਵਾਏ ਗਏ ਇਕ ਸਮਾਰੋਹ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸਰਦਾਰ ਐਸ. ਪੀ. ਸਿੰਘ ਓਬਰਾਏ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਕਾਨਫੈਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਵਰਲਡ ਟੀਚਰਜ਼ ਡੇਅ ਅਤੇ ਕਾਨਫੈਡਰੇਸ਼ਨ ਦੀ 10ਵੀਂ ਵਰੇਗੰਢ ਦੇ ਮੌਕੇ ’ਤੇ ਆਯੋਜਿਤ ਕੀਤਾ ਗਿਆ ਸੀ। ਕਾਨਫੈਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪੀ ਆਰ ਤ੍ਰਿਵੇਦੀ ਨੇ ਸ. ਓਬਰਾਏ ਦੇ ਜੀਵਨ ਬਾਰੇ ਚਾਨਣਾ ਪਾਇਆ
ਅਤੇ ਸ. ਓਬਰਾਏ ਵਲੋਂ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਬਾਰੇ ਦੋਹਾਂ ਰਾਜਪਾਲਾਂ, ਉਥੇ ਹਾਜ਼ਰ 7 ਦੇਸ਼ਾਂ ਦੇ ਰਾਜਦੂਤਾਂ ਅਤੇ ਹੋਰ ਪ੍ਰਤਿਭਾਸ਼ਾਲੀ ਮਹਿਮਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿਤੀ । ਆਪਣੀ ਮਿਹਨਤ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਦੀ ਬਲੱਡ ਮਨੀ ਦੇ ਕੇ 17 ਭਾਰਤੀਆਂ ਨੂੰ ਫਾਂਸੀ ਦੇ ਫੰਦੇ ਤੋਂ ਛੁਡਾ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿਤਾ ।
ਉੱਤਰ ਪ੍ਰਦੇਸ਼ ਦੇ ਰਾਜਪਾਲ ਸ੍ਰੀ ਰਾਮ ਨਾਇਕ ਅਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾ.) ਪੀ. ਸਥਾਸ਼ਿਵਮ ਨੇ ਬੋਲਦੇ ਹੋਏ ਸ. ਓਬਰਾਏ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ।
ਇਸ ਮੌਕੇ ’ਤੇ ਕਾਨਫੈਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪੀ ਆਰ ਤ੍ਰਿਵੇਦੀ ਵੱਲੋਂ ਛਾਪੀ ਗਈ ਡਾਇਰੈਕਟਰੀ ਦੀ ਇਕ ਕਾਪੀ ਵੀ ਸ. ਓਬਰਾਏ ਨੂੰ ਭੇਂਟ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਦਿੱਲੀ ਯੂਨਿਟ ਦੇ ਪ੍ਰਧਾਨ ਕੰਵਰਜੀਤ ਸਿੰਘ ਕੋਛੜ, ਸਕੱਤਰ ਬਿਪਨ ਸ਼ਰਮਾ ਅਤੇ ਹਰਵਿੰਦਰ ਸਿੰਘ ਕੁੱਕੂ ਵੀ ਹਾਜ਼ਰ ਸਨ। ਚੇਤੇ ਰਹੇ ਕਿ ਸ. ਓਬਰਾਏ ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਆਦਿ ਦੀਆਂ ਸਰਕਾਰਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸੇ ਸਾਲ ਹੀ ਹਾਊਸ ਆਫ ਲਾਰਡਜ਼ ਵਲੋਂ ਸਿੱਖ ਆਫ ਦਾ ਈਯਰ ਐਵਾਰਡ ਅਤੇ ਹਾਲ ਵਿਚ ਹੀ ਰਾਜ ਸਭਾ ਦੇ ਮੈਂਬਰ ਡਾ : ਕਰਨ ਸਿੰਘ ਨੇ ਸਰਦਾਰ ਐਸ.ਪੀ. ਸਿੰਘ ਓਬਰਾਏ ਨੂੰ ਰਾਜੀਵ ਗਾਂਧੀ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।ਐਵਾਰਡ ਸਮਾਰੋਹ ਤੋਂ ਬਾਅਦ ਅਕਾਦਮਿਕ ਸੈਸ਼ਨ ਦੌਰਾਨ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਨੇ ਇਸ ਮੌਕੇ ’ਤੇ ਹਾਜ਼ਰ ਸਪੇਨ, ਬੋਲੀਵੀਆ, ਗਿਨੀ, ਮਾਲਾਵੀ, ਰਵਾਂਡਾ, ਇੰਡੋਨੇਸ਼ੀਆ, ਡੈਨਮਾਰਕ ਦੇ ਰਾਜਦੂਤਾਂ ਨੂੰ ਟਰਸੱਟ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਬਿਓਰਾ ਵੀ ਦਿੱਤਾ । ਜਿਸ ਵਿਚ ਇਨ੍ਹਾਂ ਰਾਜਦੂਤਾਂ ਨੇ ਬਹੁਤ ਦਿਲਚਸਪੀ ਵਿਖਾਈ।



