ਸੰਯੁਕਤ ਰਾਸ਼ਟਰ, 3 ਅਕਤੂਬਰ (ਪੀ. ਟੀ.)- ਅੱਜ ਜਦੋਂ ਸੰਸਾਰ ਵਿਚ ਹਿੰਸਾ ਨੇ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ, ਕੌਮਾਂਤਰੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਨੂੰ ਅਪਣਾਏ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਅਹਿੰਸਾ ਦਿਵਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਬਾਨ ਕੀ ਮੂਨ ਨੇ ਕਿਹਾ ਕਿ ਭਾਰਤੀ ਨੇਤਾ ਮਹਾਤਮਾ ਗਾਂਧੀ ਨੇ ਇਹ ਸਿੱਧ ਕੀਤਾ ਸੀ ਕਿ ਹਿੰਸਕ ਸਰਗਰਮੀਆਂ ਨਾਲੋਂ ਸ਼ਾਂਤੀਪੂਰਨ ਢੰਗ ਨਾਲ ਕੀਤੇ ਵਿਖਾਵੇ ਵਧੇਰੇ ਅਸਰਦਾਇਕ ਹਨ। ਉਨ੍ਹਾਂ ਕਿਹਾ ਕਿ ਅੱਜ ਮਹਾਤਮਾ ਗਾਂਧੀ ਦੇ ਅਮਨ ਦੇ ਸਿਧਾਂਤ ‘ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਬਾਨ ਕੂ ਮੂਨ ਨੇ ਮਹਾਤਮਾ ਗਾਂਧੀ ਦੀ 145ਵੀਂ ਜੈਯੰਤੀ ‘ਤੇ ਕੌਮਾਂਤਰੀ ਅਹਿੰਸਾ ਦਿਵਸ ‘ਤੇ ਸੁਨੇਹਾ ਦਿੰਦਿਆਂ ਕਿਹਾ
ਕਿ ਅਹਿੰਸਾ ਅਤੇ ਮਾਨਵਤਾ ਨੂੰ ਫੈਲਾਉਣ ਦਾ ਸਭ ਤੋਂ ਵੱਡਾ ਹਥਿਆਰ ਸਿੱਖਿਆ ਹੈ। ਸਿੱਖਿਆ ਨਾਲ ਅਸੀਂ ਚੰਗਾ ਜੀਵਨ ਜਿਊਣ ਦਾ ਮਾਰਗ ਤਲਾਸ਼ ਸਕਦੇ ਹਾਂ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਤੇ ਹੋਰ ਆਗੂ ਸ਼ਾਮਿਲ ਹੋਏ।


