ਨਵੀਂ ਦਿੱਲੀ, 3 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਵਿਜੇਦਸ਼ਮੀ ਮੌਕੇ ਦੂਰਦਰਸ਼ਨ ’ਤੇ ਕੀਤੇ ਗਏ ਸੰਬੋਧਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਸਮਾਜ ਸੁਧਾਰ ਨਾਲ ਜੁੜੇ ਮੁੱਦੇ ਉਠਾਏ ਹਨ, ਜਿਹੜੇ ਅੱਜ ਦੇ ਸਮੇਂ ਵਿੱਚ ਅਤਿਅੰਤ ਪ੍ਰਸੰਗਿਕ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ, ਮੋਹਨ ਭਾਗਵਤ ਜੀ ਨੇ ਆਪਣੇ ਭਾਸ਼ਣ ਵਿੱਚ ਮਹੱਤਵਪੂਰਨ ਰਾਸ਼ਟਰੀ ਮੁੱਦਿਆਂ ਦੀ ਗੱਲ ਕੀਤੀ ਹੈ। ਉਨ੍ਹਾਂ ਵੱਲੋਂ ਉਠਾਏ ਗਏ ਸਮਾਜ ਸੁਧਾਰ ਦੇ ਮੁੱਦੇ ਅਤਿਅੰਤ ਪ੍ਰਸੰਗਿਕ ਹਨ। ਸ੍ਰੀ ਮੋਦੀ ਨੇ ਭਾਗਵਤ ਦੇ ਸੰਬੋਧਨ ਦਾ ਸਾਰ ਆਨਲਾਇਨ ਲਿੰਕ ਵੀ ਜਾਰੀ ਕੀਤਾ। ਉਨ੍ਹਾਂ ਨੇ ਸੰਘ ਦੀ ਸਥਾਪਨਾ ਦਿਵਸ ਉਪਰ ਆਰ ਐਸ ਐਸ ਵਰਕਰਾਂ ਨੂੰ ਵਧਾਈ ਵੀ ਦਿੱਤੀ।ਦੂਰਦਰਸ਼ਨ ਉਪਰ ਆਪਣੇ ਸੰਬੋਧਨ ਵਿੱਚ ਭਾਗਵਤ ਨੇ ਗਊ
ਹੱਤਿਆ ਅਤੇ ਮਾਸ ਦੇ ਨਿਰਯਾਤ ਉਪਰ ਪੂਰਨ ਪਾਬੰਦੀ ਲਗਾਉਣ ਉੱਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਚੀਨ ਵਿੱਚ ਬਣੀਆਂ ਚੀਜ਼ਾਂ ਨਾ ਖਰੀਦਣ ਦੀ ਅਪੀਲ ਕੀਤੀ। ਅੱਤਵਾਦ ਦਾ ਜ਼ਿਕਰ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਕੇਰਲ ਅਤੇ ਤਾਮਿਲਨਾਡੂ ਵਿੱਚ ਜੇਹਾਦੀ ਸਰਗਰਮੀਆਂ ਵਧ ਰਹੀਆਂ ਹਨ। ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਪੱਛਮੀ ਬੰਗਾਲ, ਅਸਮ ਅਤੇ ਬਿਹਾਰ ਵਿੱਚ ਬੰਗਲਾਦੇਸ਼ ਤੋਂ ਨਜਾਇਜ਼ ਢੰਗ ਨਾਲ ਆਉਣ ਵਾਲੇ ਲੋਕਾਂ ਕਾਰਨ ਹਿੰਦੂ ਸਮਾਜ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ।



