ਵਾਸ਼ਿੰਗਟਨ, 26 ਸਤੰਬਰ (ਡਾ. ਗਿੱਲ)- ਅਮਰੀਕੀ ਕਾਂਗਰਸ ਕਮੇਟੀ 30 ਸਤੰਬਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਸੁਣਵਾਈ ਕਰੇਗੀ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨਾਲ ਸਿਖਰ ਸੰਮੇਲਨ ਕਰ ਰਹੇ ਹੋਣਗੇ। ਟੌਮ ਲਾਨਟੋਸ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਾਰੀ ਇਕ ਬਿਆਨ ਵਿਚ ਇਹ ਵੀ ਐਲਾਨ ਕੀਤਾ ਕਿ ਇਸ ਮੌਕੇ ਅਵਾਰਡ ਜੇਤੂ ਡਾਕੂਮੈਂਟਰੀ ਫਿਲਮ ‘ਦ ਵਿਡੋ ਕਾਲੋਨੀ‘ ਦੀ ਵਿਸ਼ੇਸ਼ ਸਕਰੀਨਿੰਗ ਕੀਤੀ ਜਾਵੇਗੀ ਜਿਸ ਵਿਚ ਉਨ੍ਹਾਂ ਸਿੱਖ ਵਿਧਵਾਵਾਂ ਦੀ ਆਵਾਜ਼ ਹੈ ਜਿਨ੍ਹਾਂ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਆਪਣਿਆਂ ਨੂੰ ਗੁਆ ਲਿਆ ਸੀ। ਕਮੇਟੀ ਨੇ ਅੱਗੇ ਦਸਿਆ ਕਿ ਇਸ ਫਿਲਮ ਤੋਂ ਬਾਅਦ ਕਮੇਟੀ ਉਕਤ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਭਾਰਤ ਦੀ ਨਾਕਾਮੀ ‘ਤੇ ਚਰਚਾ ਕਰੇਗੀ, ਭਾਰਤ ਦੇ ਭਵਿੱਖ ਲਈ ਜਵਾਬਦੇਹੀ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਹੋਵੇਗੀ ਤੇ ਭਾਰਤ
ਦੇ ਸਬੰਧ ਵਿਚ ਅਮਰੀਕਾ ਦੀ ਵਿਦੇਸ਼ ਨੀਤੀ ਬਾਰੇ ਅਹਿਮ ਸੁਝਾਅ ਦੇਵੇਗੀ। ਇਸ ਕਮੇਟੀ ਵਿਚ ਮਨੋਜ ਮਿੱਤਾ ਜੋ ਕਿ ‘ਵੈਨ ਏ ਟ੍ਰੀ ਸ਼ੂਕ ਦਿੱਲੀ-1984 ਕਾਰਨੇਜ ਐਂਡ ਇਟਸ ਆਫਟਰਮਥ‘ ਦੇ ਲੇਖਕ ਹਨ, ਫਿਲਮ ਨਿਰਮਾਤਾ ਹਰਪ੍ਰੀਤ ਕੌਰ, ਮਨਮੀਤ ਸਿੰਘ ਤੇ ਇਨਸਾਫ ਦੇ ਸਹਿ ਨਿਰਦੇਸ਼ਕ ਸੁਖਮਨ ਸਿੰਘ ਧਾਮੀ ਵੀ ਸ਼ਾਮਿਲ ਹੋਣਗੇ।


