ਕੁਝ ਜਥੇਬੰਦੀਆਂ ਵੱਲੋਂ ਮੋਦੀ ਵਿਰੁੱਧ ਨਿਊਯਾਰਕ ਤੇ ਵਾਸ਼ਿੰਗਟਨ ’ਚ ਰੋਸ ਵਿਖਾਵਿਆਂ ਦੀ ਯੋਜਨਾ
ਨਿਊਯਾਰਕ, 26 ਸਤੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਸਾਲ 2002 ਵਿਚ ਗੁਜਰਾਤ ਦੰਗਿਆਂ ਵਿਚ ਉਨ੍ਹਾਂ ਦੀ ਕਥਿਤ ਭੂਮਿਕਾ ਸਬੰਧੀ ਉਨ੍ਹਾਂ ਦੇ ਖਿਲਾਫ ਸੰਮਨ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਮੋਦੀ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ। ਨਿਊਯਾਰਕ ਦੇ ਸਵੈ ਸੇਵੀ ਮਨੁੱਖੀ ਅਧਿਕਾਰ ਸੰਗਠਨ ਅਮਰੀਕਨ ਜਸਟਿਸ ਸੈਂਟਰ ਅਤੇ ਹਿੰਸਾ ਤੋਂ ਪ੍ਰਭਾਵਿਤ ਹੋਏ ਦੋ ਲੋਕਾਂ ਵਲੋਂ ਦਾਇਰ ਮੁਕੱਦਮੇ ਦੇ ਆਧਾਰ ‘ਤੇ ਦੱਖਣੀ ਜ਼ਿਲ੍ਹਾ ਨਿਊਯਾਰਕ ਦੀ ਯੂ ਐਸ ਸੰਘੀ ਅਦਾਲਤ ਨੇ ਬੀਤੇ ਦਿਨ ਮੋਦੀ ਖਿਲਾਫ ਸੰਮਨ ਜਾਰੀ ਕੀਤੇ। ਪ੍ਰਧਾਨ ਮੰਤਰੀ ਦੇ ਰੂਪ ਵਿਚ ਪਹਿਲੀ ਵਾਰ ਅਮਰੀਕਾ ਦੀ ਯਾਤਰਾ ‘ਤੇ ਗਏ ਮੋਦੀ ਅੱਜ ਨਿਊਯਾਰਕ ਪਹੁੰਚ ਗਏ
ਹਨ। ਭਾਰਤ ਵਿਰੋਧੀ ਸਰਗਰਮੀਆਂ ਲਈ ਜਾਣੇ ਜਾਂਦੇ ਸੰਗਠਨਾਂ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਨਿਊਯਾਰਕ ਅਤੇ ਵਾਸ਼ਿੰਗਟਨ ਦੋਹਾਂ ਸਥਾਨਾਂ ‘ਤੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਹੋਈ ਹੈ। ਮੋਦੀ ਖਿਲਾਫ ਉਕਤ ਮੁਕੱਦਮਾ ਏਲੀਅਨ ਟੋਰਟਸ ਕਲੇਮਸ ਐਕਟ ਅਤੇ ਟਾਰਚਰ ਵਿਕਟਿਮ ਪ੍ਰੋਟੈਕਸ਼ਨ ਐਕਟ ਤਹਿਤ ਦਾਇਰ ਕੀਤਾ ਗਿਆ ਹੈ। ਨੁਕਸਾਨ ਪੂਰਤੀ ਅਤੇ ਸਜ਼ਾ ਦੇਣ ਯੋਗ ਕਾਰਵਾਈ ਦੀ ਮੰਗ ਕਰਨ ਵਾਲੀ 28 ਸਫ਼ਿਆਂ ਦੀ ਸ਼ਿਕਾਇਤ ਵਿਚ ਮੋਦੀ ‘ਤੇ ਮਨੁੱਖਤਾ ਖਿਲਾਫ ਅਪਰਾਧ ਕਰਨ, ਫ਼ਰਜ਼ੀ ਹੱਤਿਆਵਾਂ, ਪੀੜਤਾਂ ਜ਼ਿਆਦਾਤਰ ਮੁਸਲਮਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਅਤੇ ਮਾਨਸਿਕ ਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਹਨ। ਅਮਰੀਕਨ ਜਸਟਿਸ ਸੈਂਟਰ ਦੇ ਨਿਰਦੇਸ਼ਕ ਜੌਨ ਬ੍ਰੈਡਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖਿਲਾਫ ਮਾਮਲਾ ਦਰਜ ਹੋਣਾ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਪਸ਼ਟ ਸੰਦੇਸ਼ ਹੈ।



